ਨਵੀਂ ਦਿੱਲੀ – ਦਿੱਲੀ ਦੀ ਅਧਿਕਾਰਿਤ ਦੂਜੀ ਰਾਜਭਾਸ਼ਾ ਪੰਜਾਬੀ ਭਾਸ਼ਾ ਦੇ ਦਿੱਲੀ ਦੇ 90 ਫੀਸਦੀ ਸਰਕਾਰੀ ਸਕੂਲਾਂ ਵਿਚ ਟੀਚਰ ਹੀ ਮੌਜੂਦ ਨਹੀਂ ਹਨ। ਜਦਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਦੇ ਨਾਮ ਉਤੇ ਵਿੱਤੀ ਵਰ੍ਹੇ 2021-22 ਵਿਚ 40 ਕਰੋੜ ਰੁਪਏ ਦਾ ਬਜਟ ਦਿੱਲੀ ਸਰਕਾਰ ਤੋਂ ਪ੍ਰਾਪਤ ਕਰਨ ਵਾਲੀ ਪੰਜਾਬੀ ਅਕਾਦਮੀ ਵੱਲੋਂ ਇਕਰਾਰਨਾਮਾ ਆਧਾਰ ਉਤੇ 71 ਅਤੇ ਆਰਜ਼ੀ ਆਧਾਰ ਉਤੇ 185 ਪੰਜਾਬੀ ਟੀਚਰਾਂ ਲਗਾਈਆਂ ਗਈਆਂ ਹਨ। ਇਸ ਹਿਸਾਬ ਨਾਲ ਦਿੱਲੀ ਦੇ ਕੁੱਲ 2795 ਸਰਕਾਰੀ ਸਕੂਲਾਂ ਵਿਚੋਂ ਸਿਰਫ 256 ਸਕੂਲਾਂ ਵਿਚ ਹੀ ਪੰਜਾਬੀ ਅਕਾਦਮੀ ਵੱਲੋਂ ਪੰਜਾਬੀ ਭਾਸ਼ਾ ਪਵਾਉਣ ਲਈ ਅਧਿਆਪਕ ਦਿੱਤੇ ਜਾ ਰਹੇ ਹਨ। ਪੰਜਾਬੀ ਅਕਾਦਮੀ ਵੱਲੋਂ ਕੋਈ ਵੀ ਪੰਜਾਬੀ ਟੀਚਰ ਦੀ ਪੱਕੀ ਭਰਤੀ ਨਹੀਂ ਕੀਤੀ ਗਈ ਹੈ। ਇਸ ਗੱਲ ਦਾ ਖੁਲਾਸਾ ਇੱਕ ਆਰ.ਟੀ.ਆਈ. ਦੇ ਜਵਾਬ ਨਾਲ ਹੋਈਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ‘ਪੰਜਾਬੀ ਭਾਸ਼ਾ ਕਾਰਕੁੰਨ’ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਿੱਲੀ ਸਰਕਾਰ ਦੇ ਸਿਖਿਆ ਵਿਭਾਗ ਵਿਚ ਪੰਜਾਬੀ ਟੀਚਰਾਂ ਦੀ ਸੰਖਿਆ ਅਤੇ ਪੰਜਾਬੀ ਅਕਾਦਮੀ ਨੂੰ ਲੈਕੇ ਆਰ.ਟੀ.ਆਈ. ਮਾਧਿਅਮ ਰਾਹੀਂ ਮਿਤੀ 14 ਸਤੰਬਰ ਨੂੰ 8 ਸਵਾਲ ਪੁੱਛੇ ਗਏ ਸਨ। ਪਰ ਸਿਖਿਆ ਵਿਭਾਗ ਨੇ ਇਨ੍ਹਾਂ ਸਵਾਲਾਂ ਦਾ ਜਵਾਬ ਖੁਦ ਦੇਣ ਦੀ ਥਾਂ ਮੇਰੀ ਆਰ.ਟੀ.ਆਈ. ਨੂੰ ਪੰਜਾਬੀ ਅਕਾਦਮੀ ਕੋਲ ਭੇਜ ਦਿੱਤਾ ਸੀ।
“ਵਾਰਿਸ ਵਿਰਸੇ ਦੇ” ਜਥੇਬੰਦੀ ਦੇ ਪ੍ਰਧਾਨ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਅਕਾਦਮੀ ਵੱਲੋਂ 10 ਅਕਤੂਬਰ ਨੂੰ ਉਨ੍ਹਾਂ ਨੂੰ ਜਾਰੀ ਕੀਤੇ ਗਏ ਜਵਾਬ ‘ਚ ਦਸਿਆ ਹੈ ਕਿ ਪੰਜਾਬੀ ਅਕਾਦਮੀ ਵੱਲੋਂ ਦਿੱਲੀ ਸਰਕਾਰ ਦੇ ਸਿਖਿਆ ਵਿਭਾਗ ਦੇ ਸਕੂਲਾਂ ਨੂੰ 71 ਅਤੇ ਦਿੱਲੀ ਨਗਰ ਨਿਗਮ ਦੇ ਸਕੂਲਾਂ ਨੂੰ 185 ਆਰਜ਼ੀ ਪੰਜਾਬੀ ਭਾਸ਼ਾ ਟੀਚਰ ਉਪਲਬਧ ਕਰਵਾਏ ਹੋਏ ਹਨ। ਜਦਕਿ ਪੱਕੇ ਪੰਜਾਬੀ ਭਾਸ਼ਾ ਟੀਚਰਾਂ ਦੀ ਮੌਜੂਦਗੀ ਅਤੇ ਭਰਤੀ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਤੋਂ ਪੰਜਾਬੀ ਅਕਾਦਮੀ ਦਾ ਰਵਈਆ ਨਾ-ਪੱਖੀ ਭਰਿਆ ਰਿਹਾ ਹੈ। ਪੰਜਾਬੀ ਅਕਾਦਮੀ ਦੇ ਵਿਸ਼ਾਲ ਬਜ਼ਟ ਦੇ ਬਾਵਜੂਦ ਪੰਜਾਬੀ ਭਾਸ਼ਾ ਨੂੰ ਪੜਾਉਣ ਸੰਬੰਧੀ ਅਕਾਦਮੀ ਦੀ ਕਾਰਗੁਜ਼ਾਰੀ ਨੂੰ ਨਖਿਧ ਅਤੇ ਸ਼ਕੀ ਕਰਾਰ ਦਿੰਦੇ ਹੋਏ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਦਿੱਲੀ ਦੇ ਵਿਚ ਕੁੱਲ 2795 ਸਰਕਾਰੀ ਸਕੂਲ ਹਨ, ਜਿਸ ਵਿਚ ਸਿਖਿਆ ਵਿਭਾਗ ਦੇ 1027, ਦਿੱਲੀ ਨਗਰ ਨਿਗਮ ਦੇ 1705, ਨਵੀਂ ਦਿੱਲੀ ਨਗਰ ਪ੍ਰੀਸ਼ਦ ਦੇ 51 ਅਤੇ ਦਿੱਲੀ ਛਾਵਨੀ ਬੋਰਡ ਦੇ 12 ਸਕੂਲ ਸ਼ਾਮਲ ਹਨ। 2017 ਪੰਜਾਬ ਵਿਧਾਨਸਭਾ ਚੋਣਾਂ ਸਮੇਂ ਦਿੱਲੀ ਸਰਕਾਰ ਨੇ ਸਿਖਿਆ ਵਿਭਾਗ ਦੇ ਸਾਰੇ ਸਕੂਲਾਂ ਵਿਚ ਇੱਕ ਪੰਜਾਬੀ ਅਤੇ ਇੱਕ ਉਰਦੂ ਟੀਚਰ ਰੱਖਣ ਦੇ ਇਸ਼ਤਿਹਾਰ ਅਖ਼ਬਾਰਾਂ ਵਿਚ ਛਪਵਾਏ ਸਨ। ਪਰ 5 ਸਾਲ ਲੰਘਣ ਤੋਂ ਬਾਅਦ ਵੀ 90 ਫੀਸਦੀ ਸਕੂਲਾਂ ਵਿਚ ਪੰਜਾਬੀ ਟੀਚਰ ਮੌਜੂਦ ਨਹੀਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬੀ ਅਕਾਦਮੀ ਦਾ ਪਿਛਲੇ 15 ਸਾਲ ਦਾ ਖਾਤਿਆਂ ਦਾ ਆਡਿਟ ਕਰਵਾਉਣ ਦੀ ਮੰਗ ਕਰਦੇ ਹੋਏ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਇਹ ਮੰਗ ਸਵਰਗਵਾਸੀ ਸਾਬਕਾ ਵਿਧਾਇਕ ਭਾਈ ਜਰਨੈਲ ਸਿੰਘ ਨੇ ਵੀ ਚੁੱਕੀ ਸੀ, ਜਦੋਂ ਉਹ ਪੰਜਾਬੀ ਅਕਾਦਮੀ ਦੇ ਵਾਈਸ ਚੇਅਰਮੈਨ ਬਣੇ ਸਨ। ਇਸ ਵੇਲੇ ਪੰਜਾਬੀ ਅਕਾਦਮੀ ਕੁਝ ਚੋਣਵੇਂ ਗਾਇਕਾਂ ਦੇ ਪ੍ਰੋਗਰਾਮ ਕਰਨ ਦੇ ਇਲਾਵਾ ਪੰਜਾਬੀ ਬੋਲੀ ਬਚਾਉਣ ਦਾ ਕੋਈ ਰੋਡ-ਮੈਪ ਪੇਸ਼ ਕਰਨ ਵਿਚ ਨਾਕਾਮ ਰਹੀ ਹੈ। ਕਿਉਂਕਿ ਅਕਾਦਮੀ ਦੇ ਕਾਰਜਾਂ ਵਿਚ ਵਧਦੀ ਸਿਆਸੀ ਦਖਲਅੰਦਾਜ਼ੀ ਨੇ ਪੰਜਾਬੀ ਅਕਾਦਮੀ ਦਾ ਮਿਆਰ ਥੱਲੇ ਗਿਰਾ ਦਿੱਤਾ ਹੈ।