ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਵਸਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਪਾਸਪੋਰਟ, ਵੀਜ਼ਾ ਜਾਂ ੌਛੀ ਕਾਰਡ ਨਾਲ ਸਬੰਧਿਤ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਦਫ਼ਤਰ ਵੱਲੋਂ ਗਲਾਸਗੋ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ। ਗ੍ਰੰਥ ਸਾਹਿਬ ਗੁਰਦੁਆਰਾ ਵਿਖੇ ਲੱਗੇ ਇਸ ਕੈਂਪ ਦੌਰਾਨ ਕੌਂਸਲ ਜਨਰਲ ਬਿਜੇ ਸੇਲਵਰਾਜ, ਸੱਤਿਆਵੀਰ ਸਿੰਘ ਤੇ ਸਮੁੱਚੀ ਟੀਮ ਪੂਰਾ ਦਿਨ ਹਾਜ਼ਰ ਰਹੀ। ਗੁਰਦੁਆਰਾ ਸਾਹਿਬ ਪਹੁੰਚਣ ‘ਤੇ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਕੌਂਸਲ ਜਨਰਲ ਦਫਤਰ ਵੱਲੋਂ ਗੁਰੂਘਰ ਕਮੇਟੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਵੱਡ ਆਕਾਰੀ ਪੁਸਤਕ ਤੋਹਫੇ ਵਜੋਂ ਭੇਟ ਕੀਤੀ ਗਈ। ਇਸ ਕੈਂਪ ਦੌਰਾਨ ਦੂਰ ਦੁਰਾਡੇ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚ ਕੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ। ਇਸ ਸਮੇਂ ਗੱਲਬਾਤ ਕਰਦਿਆਂ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਜਿੱਥੇ ਕੌਂਸਲ ਜਨਰਲ ਦਫ਼ਤਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਅਪੀਲ ਵੀ ਕੀਤੀ ਕਿ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਮੁੜ ਅਜਿਹੇ ਕੈਂਪ ਲੱਗਦੇ ਰਹਿਣੇ ਚਾਹੀਦੇ ਹਨ ਤਾਂ ਜੋ ਐਡਿਨਬਰਾ ਦੇ ਜਾਣ ਆਉਣ, ਸਮੇਂ ਅਤੇ ਪੈਸੇ ਦੀ ਬਰਬਾਦੀ ਦੇ ਨਾਲ ਨਾਲ ਹੋਰ ਸਮੱਸਿਆਵਾਂ ਤੋਂ ਭਾਈਚਾਰੇ ਦਾ ਖਹਿੜਾ ਛੁਡਾਇਆ ਜਾਵੇ। ਇਸ ਸਮੇਂ ਸਰਵ ਸ੍ਰੀ ਗੁਰਦੀਪ ਸਿੰਘ ਸਮਰਾ, ਰੇਸ਼ਮ ਸਿੰਘ ਕੂਨਰ, ਚਰਨ ਦਾਸ, ਸੁਰਿੰਦਰ ਸਿੰਘ, ਹਰਜੀਤ ਸਿੰਘ ਖਹਿਰਾ, ਸੋਹਣ ਸਿੰਘ ਰੰਧਾਵਾ, ਮੱਖਣ ਸਿੰਘ ਸਮੇਤ ਭਾਈਚਾਰੇ ਦੀਆਂ ਅਹਿਮ ਸਖਸ਼ੀਅਤਾਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਗਲਾਸਗੋ: ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਵੱਲੋਂ ਲਗਾਏ ਕੈਂਪ ਦਾ ਸੈਂਕੜੇ ਲੋਕਾਂ ਨੇ ਲਾਹਾ ਲਿਆ
This entry was posted in ਅੰਤਰਰਾਸ਼ਟਰੀ.