ਚੰਡੀਗੜ੍ਹ – “ਇਕ ਪਾਸੇ ਯੂਕਰੇਨ-ਰੂਸ ਦੀ ਚੱਲ ਰਹੀ ਜੰਗ ਦੀ ਬਦੌਲਤ ਸਮੁੱਚੇ ਸੰਸਾਰ ਵਿਚ ਅੰਨ ਦੀ ਵੱਡੀ ਘਾਟ ਉਤਪੰਨ ਹੋ ਚੁੱਕੀ ਹੈ । ਦੂਸਰੇ ਪਾਸੇ ਹਰਿਆਣੇ ਦੀ ਬੀਜੇਪੀ ਖੱਟਰ ਸਰਕਾਰ ਨੇ ਬਾਜਰੇ ਦੀ ਫ਼ਸਲ ਦੀ ਵਿਕਰੀ ਉਤੇ ਰੋਕ ਲਗਾਕੇ ਜਿਥੇ ਜ਼ਿੰਮੀਦਾਰਾਂ, ਮਜਦੂਰਾਂ ਦੀ ਮਾਲੀ ਹਾਲਤ ਨੂੰ ਹੋਰ ਸੱਟ ਮਾਰਨ ਦੀ ਗੁਸਤਾਖੀ ਕੀਤੀ ਹੈ, ਉਥੇ ਇਹ ਅਮਲ ਅੰਨ ਦੀ ਬੇਕਦਰੀ ਵਾਲੀ ਨਿੰਦਣਯੋਗ ਕਾਰਵਾਈ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਇਸ ਰੋਕ ਨੂੰ ਬਿਨ੍ਹਾਂ ਦੇਰੀ ਤੁਰੰਤ ਹਟਾਉਣ ਦੀ ਮੰਗ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਵਿਚ ਉਥੋ ਦੀ ਖੱਟਰ ਸਰਕਾਰ ਵੱਲੋ ਬਾਜਰੇ ਦੀ ਫ਼ਸਲ ਦੀ ਵਿਕਰੀ ਉਤੇ ਲਗਾਈ ਗਈ ਰੋਕ ਨੂੰ ਕਿਸਾਨ-ਮਜਦੂਰ ਵਿਰੋਧੀ ਅਤੇ ਅੰਨ ਦੀ ਬੇਕਦਰੀ ਕਰਨਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਾਜਰੇ ਦੀ ਫਸਲ ਉਸ ਇਲਾਕੇ ਵਿਚ ਹੁੰਦੀ ਹੈ ਜਿਥੇ ਖੁਸਕ ਜਮੀਨ ਹੋਵੇ, ਉਥੋ ਦੇ ਜ਼ਿੰਮੀਦਾਰਾਂ ਅਤੇ ਮਜਦੂਰ ਦੀ ਆਮਦਨ ਅਜਿਹੀ ਫਸਲ ਦੇ ਰਾਹੀ ਹੀ ਹੁੰਦੀ ਹੈ । ਇਹ ਤਾਂ ਯੋਜਨਾਬੰਧ ਢੰਗ ਨਾਲ ਕਿਸਾਨਾਂ-ਮਜਦੂਰਾਂ ਦੇ ਜੀਵਨ ਪੱਧਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਵਾਲੀ ਦੁੱਖਦਾਇਕ ਕਾਰਵਾਈ ਹੋਵੇਗੀ । ਕਿਉਂਕਿ ਉਸ ਇਲਾਕੇ ਵਿਚ ਪਾਣੀ ਵਾਲੀਆ ਫ਼ਸਲਾਂ ਤਾਂ ਨਹੀ ਹੋ ਸਕਦੀਆ ਜਿਹੜੀਆ ਫ਼ਸਲਾਂ ਨੂੰ ਪਾਣੀ ਦੀ ਘੱਟ ਲੋੜ ਹੁੰਦੀ ਹੈ, ਉਥੇ ਹੀ ਬਾਜਰੇ ਦੀ ਫ਼ਸਲ ਦੀ ਪੈਦਾਵਾਰ ਹੁੰਦੀ ਹੈ । ਫਿਰ ਜਦੋ ਸੰਸਾਰ ਪੱਧਰ ਉਤੇ ਅੰਨ ਦੀ ਘਾਟ ਦਾ ਸੰਕਟ ਪੈਦਾ ਹੋ ਚੁੱਕਿਆ ਹੈ ਉਸ ਸਮੇ ਹਰਿਆਣਾ ਸਰਕਾਰ ਵੱਲੋ ਇਸ ਫਸਲ ਦੀ ਵਿਕਰੀ ਤੇ ਪਾਬੰਦੀ ਲਗਾਉਣਾ ਤਾਂ ਹੋਰ ਵੀ ਕਿਸਾਨ ਤੇ ਮਜਦੂਰ ਵਿਰੋਧੀ ਕਾਰਾ ਹੈ । ਜਿਸ ਉਤੇ ਸਰਕਾਰ ਨੂੰ ਤੁਰੰਤ ਗੌਰ ਕਰਕੇ ਆਪਣੇ ਇਸ ਗੈਰ ਦਲੀਲ ਫੈਸਲੇ ਨੂੰ ਵਾਪਸ ਲੈਣਾ ਬਣਦਾ ਹੈ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਹਰਿਆਣਾ ਦੇ ਖੁਸਕ ਇਲਾਕੇ ਦੇ ਕਿਸਾਨ-ਮਜਦੂਰਾਂ ਦੀ ਮਾਲੀ ਹਾਲਤ ਨੂੰ ਮੁੱਖ ਰੱਖਦੇ ਹੋਏ ਖੱਟਰ ਸਰਕਾਰ ਇਸ ਕੀਤੇ ਗਏ ਦਿਸ਼ਾਹੀਣ ਫੈਸਲੇ ਨੂੰ ਵਾਪਸ ਲੈਕੇ ਕਿਸਾਨ-ਮਜਦੂਰ ਵਰਗ ਦੀ ਮਦਦਗਾਰ ਹੋਵੇਗੀ ।