ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਤੀਜੀ ਸ਼ਹੀਦੀ ਸ਼ਤਾਬਦੀ ਮਿਤੀ 7 ਦਸੰਬਰ 1975 ਵਾਲੇ ਦਿਨ ਰਾਮ ਲੀਲ੍ਹਾ ਗਰਾਊਂਡ ਦਿੱਲੀ ਵਿਖੇ ਇਕ ਜਲੂਸ ਪੁੱਜਣ ’ਤੇ 22 ਲੱਖ ਦੇ ਇਕੱਠ ਵਿਚ ਜਦੋਂ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਸਟੇਜ ਉਤੇ ਆਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਭ ਨੇ ਸਟੇਜ ਤੋਂ ਉੱਠ ਕੇ ਉਸ ਦਾ ਸਵਾਗਤ ਕੀਤਾ। ਉਸ ਵਕਤ ਇਕੱਲੇ ਸਟੇਜ ’ਤੇ ਬੈਠੇ ਰਹਿਣ ਵਾਲੇ ਇਕ ਸੰਤ ਸਨ । ਸਟੇਜ ਤੋਂ ਨੇਤਾਵਾਂ ਨੇ ਸ੍ਰੀਮਤੀ ਇੰਦਰਾ ਗਾਂਧੀ ਦੀ ਖੁੱਲ ਕੇ ਖ਼ੁਸ਼ਾਮਦ ਕੀਤੀ । ਅਜਿਹੇ ਹਾਲਾਤ ’ਚ ‘ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ’ ਪੁਕਾਰਨ ਵਾਲਾ ਅਤੇ ਸ੍ਰੀਮਤੀ ਇੰਦਰਾ ਗਾਂਧੀ ਨੂੰ ਸਵਾਲ ਕਿ “ਅਸੀਂ ਇੰਦਰਾ ਗਾਂਧੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਨੂੰ ਦਿੱਲੀ ਦਾ ਤਖ਼ਤ ਦੁਆਇਆ ਕਿਸ ਨੇ ਹੈ ? ਜੇਕਰ ਤੁਸੀਂ ਗੁਰੂ ਤੇਗ ਬਹਾਦਰ ਜੀ ਨੂੰ ਸੀਸ ਨਿਵਾਉਣ ਆਏ ਹੋਏ ਹੋ ਤਾਂ ਤੁਸੀਂ ਕੋਈ ਅਹਿਸਾਨ ਨਹੀਂ ਕੀਤਾ। ਜੇਕਰ ਗੁਰੂ ਸਾਹਿਬ ਸ਼ਹਾਦਤ ਨਾ ਦਿੰਦੇ ਤਾਂ ਇਸ ਤਖ਼ਤ ਦਾ ਮਾਲਕ ਕੋਈ ਸੁੰਨਤ ਵਾਲਾ ਹੋਣਾ ਸੀ। ਇਹੀ ਨਹੀਂ ਸਾਰੇ ਪਾਸੇ ਸਲਾਮਾਂ ਲੈਕਮ ਹੋਣੀ ਸੀ ਅਤੇ ਬੀਬੀ ਜੀ ਆਪ ਨੇ ਵੀ ਕਿਸੇ ਬੁਰਕੇ ਵਿਚ ਹੋਣਾ ਸੀ।” ਇਨ੍ਹਾਂ ਬੇਬਾਕ ਸ਼ਬਦ ਦਾਗ਼ਣ ਵਾਲਾ ਕੋਈ ਹੋਰ ਨਹੀਂ ਸੰਤ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਸਨ। ਜਿਸ ਨੇ ਅੱਗੇ ਕਿਹਾ ’’ਜਿਤਨੇ ਰੋਮ ਹਨ ਪ੍ਰਧਾਨ ਮੰਤਰੀ ਉਤਨੀ ਵਾਰੀ ਆਪਣਾ ਸਿਰ ਵੱਢ ਕੇ ਗੁਰੂ ਸਾਹਿਬ ਦੇ ਚਰਨਾਂ ਵਿਚ ਹਾਜ਼ਰ ਕਰਨ ਤਾਂ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਦਾ ਕਰਜ਼ਾ ਨਹੀਂ ਉਤਾਰ ਸਕਦੇ। ਕਿੰਨਾ ਵੀ ਵੱਡਾ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ ਸਾਡੇ ਗੁਰੂ ਸਾਹਿਬ ਤੋਂ ਵੱਡਾ ਨਹੀਂ ਬਲਕਿ ਉਹ ਸਾਡੇ ਇਸ਼ਟ ਜਗਦੀ-ਜੋਤਿ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਨਿਵਾਵੇ, ਨਾ ਕਿ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿਚ ਆਪਾਂ ਉੱਠ ਕੇ ਉਸ ਦਾ ਸੁਆਗਤ ਕਰੀਏ।” ਜ਼ਾਹਿਰ ਹੈ ਸੰਤਾਂ ਦੇ ਇਹ ਬਚਨ ਸੁਣ ਕੇ ਸਾਰੇ ਪਾਸੇ ਜੈਕਾਰਿਆਂ ਦੀ ਗੂੰਜ ਉੱਠਣੀ ਹੀ ਸੀ।
ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰੋਸਾਈ ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਅਤੇ ਪੰਥ ਦੀ ਚਲਦੀ ਫਿਰਦੀ ਯੂਨੀਵਰਸਿਟੀ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ, ਧਾਰਮਿਕ ਅਤੇ ਰਾਜਸੀ ਚੇਤਨਾ ਨਾਲ ਲੈਸ ਸੰਤ ਕਰਤਾਰ ਸਿੰਘ ਜੀ ਖ਼ਾਲਸਾ ਦਾ ਜਨਮ 21 ਅਕਤੂਬਰ 1932 ਈਸਵੀ ਨੂੰ ਮਾਤਾ ਲਾਭ ਕੌਰ ਜੀ ਦੀ ਕੁੱਖੋਂ, ਅੰਮ੍ਰਿਤਧਾਰੀ ਰਹਿਤ ਵਿਚ ਪਰਪੱਕ ਗੁਰਬਾਣੀ ਦੇ ਨਿੱਤਨੇਮੀ ਉੱਚੇ ਸੁੱਚੇ ਜੀਵਨ ਵਾਲੇ ਗੁਰਸਿੱਖ ਜਥੇਦਾਰ ਝੰਡਾ ਸਿੰਘ ਜੀ ਦੇ ਘਰ, ਪਿੰਡ ਪੁਰਾਣੇ ਭੂਰੇ ( ਭੂਰਾ ਕੋਹਨਾ) ਹੁਣ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵਿਚ ਹੋਇਆ। ਬਚਪਨ ਤੋਂ ਹੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਸਦਕਾ ਗੁਰਬਾਣੀ ਅਤੇ ਪ੍ਰਭੂ ਸਿਮਰਨ ਵਿਚ ਲੀਨ ਰਹਿੰਦੇ ਸਨ। ਸੰਤ ਕਰਤਾਰ ਸਿੰਘ ਜੀ ਮੁੱਢਲੀ ਵਿੱਦਿਆ ਖੇਮਕਰਨ ਤੋਂ, ਮੈਟ੍ਰਿਕ ਭਿੱਖੀਵਿੰਡ ਤੋਂ ਅਤੇ ਉਚੇਰੀ ਵਿੱਦਿਆ ਖ਼ਾਲਸਾ ਕਾਲਜ ਅੰਮ੍ਰਿਤਸਰ ਹਾਸਲ ਕੀਤੀ। ਪਿੰਡ ਦੇ ਬਾਬਾ ਬੱਗਾ ਸਿੰਘ ਜੀ ਪਾਸੋਂ ਗੁਰਮਤਿ ਦੀ ਮੁੱਢਲੀ ਵਿੱਦਿਆ ਗ੍ਰਹਿਣ ਕੀਤੀ ਅਤੇ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ, ਰਹਿਰਾਸ ਸਾਹਿਬ ਅਤੇ ਕੀਰਤਨ ਸੋਹਿਲਾ ਕੰਠ ਕਰ ਲਈਆਂ। ਸੰਤ ਬਾਬਾ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਥੇ ਤੋਂ ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ। ਅਤੇ ਨਿਕਟਵਰਤੀ ਵਿਦਿਆਰਥੀ ਬਣ ਗਏ। ਆਪ ਜੀ ਦਾ ਅਨੰਦ ਕਾਰਜ 1950 ਨੂੰ 18 ਸਾਲ ਦੀ ਉਮਰ ਵਿਚ ਹੋਇਆ। ਜੂਨ ’84 ਦੇ ਘੱਲੂਘਾਰੇ ਦੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਅਤੇ ਭਾਈ ਮਨਜੀਤ ਸਿੰਘ ਜੀ ਆਪ ਜੀ ਦੇ ਦੋ ਭੁਝੰਗੀ ਹੋਏ। ਆਪ ਜੀ ਪੰਜ ਮਹੀਨੇ ਪਟਵਾਰੀ ਦੀ ਨੌਕਰੀ ਕਰਨ ਬਾਅਦ ਜਥੇ ਵਿਚ ਪੱਕੇ ਤੌਰ ਤੇ ਸ਼ਾਮਲ ਹੋ ਗਏ।
ਦਮਦਮੀ ਟਕਸਾਲ ਵਿਚ ਆਪ ਵੱਲੋਂ ਮਨ ਲਾ ਕੇ ਕੀਤੀ ਗਈ ਨਿਸ਼ਕਾਮ ਸੇਵਾ ਅਤੇ ਸਿਮਰਨ ਤੋਂ ਪ੍ਰਭਾਵਿਤ ਹੋ ਕੇ ਟਕਸਾਲ ਦੇ ਮੁਖੀ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਆਪ ਜੀ ਨੂੰ ਜਥੇਬੰਦੀ ਦੀ ਸੇਵਾ ਸੌਂਪਣ ਦਾ ਮਨ ਬਣਾ ਲਿਆ। ਜਥੇ ਵੱਲੋਂ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜੀ ਦੇ 300 ਸਾਲਾ ਅਵਤਾਰ ਪੁਰਬ ਮਨਾਉਂਦਿਆਂ ਸੰਤ ਖ਼ਾਲਸਾ ਜੀ ਨੇ ਸੰਤ ਕਰਤਾਰ ਸਿੰਘ ਜੀ ਨੂੰ ਦਮਦਮੀ ਟਕਸਾਲ ਦੀ ਸੇਵਾ ਸੌਂਪਣ ਦੀ ਪ੍ਰੇਮ ਅਤੇ ਇਕਾਗਰਤਾ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ। ਉਪਰੰਤ 28 ਜੂਨ 1969 ਨੂੰ ਖ਼ਾਲਸਾ ਜੀ ਪਿੰਡ ਮਹਿਤਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸੱਚਖੰਡ ਗਮਨ ਕਰ ਗਏ। ਭਿੰਡਰ ਕਲਾਂ ਵਿਖੇ ਦੁਸਹਿਰਾ ਮਨਾਉਂਦਿਆਂ ਅਨੇਕਾਂ ਸੰਤਾਂ ਮਹਾਂ ਪੁਰਸ਼ਾਂ ਨੇ ਸੰਤ ਕਰਤਾਰ ਸਿੰਘ ਜੀ ਖ਼ਾਲਸਾ ਨੂੰ ਦਸਤਾਰ ਸਜਾ ਕੇ ਦਮਦਮੀ ਟਕਸਾਲ ਦੀ ਸੇਵਾ ਰਸਮੀ ਤੌਰ ’ਤੇ ਸੌਂਪ ਦਿੱਤੀ। ਆਪ ਜੀ ਨੇ ਮਹਿਤਾ ਚੌਕ ਨੂੰ ਜਥੇ ਦਾ ਸਥਾਈ ਅਸਥਾਨ ਸਥਾਪਿਤ ਕੀਤਾ। ਆਪ ਜੀ ਨੇ ਥਾਂ-ਥਾਂ ਪੁੱਜ ਕੇ ਗੁਰਮਤਿ ਦਾ ਬਹੁਤ ਤੇਜ਼ੀ ਨਾਲ ਪ੍ਰਚਾਰ ਕੀਤਾ। ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਗੁਰੂ ਦੇ ਲੜ ਲਾਇਆ। ਹਜ਼ਾਰਾਂ ਹੀ ਪ੍ਰਾਣੀਆਂ ਨੂੰ ਨਸ਼ਾ ਛੱਡਣ ਦੇ ਪ੍ਰਣ ਕਰਵਾਏ ਦਾ ਕੇਸ ਰਖਵਾ ਕੇ ਗੁਰਮਤਿ ਵਾਲੇ ਪਾਸੇ ਲਾਇਆ।
ਕਾਂਗਰਸ ਸਰਕਾਰਾਂ ਦੀਆਂ ਸਿੱਖ ਅਤੇ ਪੰਜਾਬ ਵਿਰੋਧੀ ਨੀਤੀਆਂ ਤੋਂ ਆਪ ਜੀ ਭਲੀ ਭਾਂਤ ਜਾਣੂ ਸਨ। ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਦੇਸ਼ ਵਿਚ 1975 ਵਿਚ ਨਾਗਰਿਕ ਅਧਿਕਾਰਾਂ ਨੂੰ ਰੌਂਦ ਦਿਆਂ ਐਮਰਜੈਂਸੀ ਲਗਾ ਦਿੱਤੀ ਗਈ । ਜਿਸ ਦਾ ਦੇਸ਼ ਭਰ ਵਿਚ ਸਖ਼ਤ ਵਿਰੋਧ ਹੋਇਆ। ਸਭ ਤੋਂ ਜ਼ਿਆਦਾ ਵਿਰੋਧ ਪੰਜਾਬ ਅਤੇ ਸਿੱਖਾਂ ਵੱਲੋਂ ਕੀਤਾ ਗਿਆ ਸੀ। ਐਮਰਜੈਂਸੀ ਦੇ ਦੌਰਾਨ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਵੱਲੋਂ 37 ਮਹਾਨ ਜਲੂਸ ਵੱਖ-ਵੱਖ ਥਾਵਾਂ ਤੋਂ ਕੱਢੇ ਗਏ। ਸਾਰੇ ਜਲੂਸਾਂ ਵਿਚ ਹਵਾਈ ਜਹਾਜ਼ ਫੁੱਲਾਂ ਦੀ ਵਰਖਾ ਕਰਦਾ ਸੀ। ਲੱਖਾਂ ਦੀ ਗਿਣਤੀ ਵਿਚ ਸੰਗਤਾਂ ਸ਼ਾਮਲ ਹੁੰਦੀਆਂ ਸਨ। ਇਕ ਵਾਰ ਕੇਂਦਰ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਆਉਣ ’ਤੇ ਸੜਕ ਖ਼ਾਲੀ ਰੱਖਣ ਦੀ ਗਲ ਹੋਈ ਤਾਂ ਮਹਾਂਪੁਰਸ਼ਾਂ ਨੇ ਕਿਹਾ ਕਿ ਮੰਤਰੀਆਂ ਨੂੰ ਕਹਿ ਦੇਵੋ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿਚ ਮਹਾਨ ਜਲੂਸ ਆ ਰਿਹਾ ਹੈ ਅਤੇ ਮੰਤਰੀ ਸੜਕ ਦੇ ਕਿਨਾਰੇ ਹੋ ਕੇ ਜੋੜਾ ਪਿਛਲੇ ਪਾਸੇ ਲਾਹ ਕੇ ਦੋਵੇਂ ਹੱਥ ਜੋੜ ਕੇ ਖੱਲੋਂ ਜਾਣ ਅਤੇ ਸੜਕ ਖ਼ਾਲੀ ਕਰ ਦੇਣ। ਇਹੋ ਜਿਹਾ ਢੁਕਵਾਂ ਉਤਰ ਐਮਰਜੈਂਸੀ ਵੇਲੇ ਸਰਕਾਰ ਨੂੰ ਦਿੱਤਾ ਸੀ। ਆਪ ਜੀ ਨੇ ਕਾਲੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ ਅਤੇ ਸ੍ਰੀਮਤੀ ਇੰਦਰਾ ਗਾਂਧੀ ਨੂੰ ਦਿਲੀ ਵਿਖੇ ਜਾ ਕੇ ਲਲਕਾਰਿਆ ।
ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਸ੍ਰੀਮਤੀ ਇੰਦਰਾ ਗਾਂਧੀ ਨੇ ਦਖ਼ਲ ਅੰਦਾਜ਼ੀ ਵਧਾ ਦਿੱਤੀ ਅਤੇ ਨਕਲੀ ਨਿਰੰਕਾਰੀਆਂ ਨੂੰ ਸ਼ਹਿ ਦੇਣੀ ਸ਼ੁਰੂ ਕਰ ਦਿੱਤੀ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਤਿਕਾਰ ਵਿਰੁੱਧ ਜੇ ਕੋਈ ਪ੍ਰਚਾਰ ਕਰਦਾ ਤਾਂ ਸੰਤ ਕਰਤਾਰ ਸਿੰਘ ਜੀ ਕਦੀ ਵੀ ਬਰਦਾਸ਼ਤ ਨਹੀਂ ਸਨ ਕਰਦੇ। ਨਕਲੀ ਨਿਰੰਕਾਰੀਆਂ ਵੱਲੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਕੁਝ ਕੋਝੇ ਲਾਜ ਵਰਤਣ ਤੇ ਉਨ੍ਹਾਂ ਦੀ ਦੰਭੀ-ਪਖੰਡੀ ਗੁਰੂ ਨੂੰ ਘੁਮਾਣ, ਜ਼ਿਲ੍ਹਾ ਗੁਰਦਾਸਪੁਰ ਵਿਚ ਨਾ ਆਉਣ ਦਿੱਤਾ ਗਿਆ। ਆਪ ਜੀ ਵਿਚ ਨਿਡਰਤਾ ਤੇ ਨਿਰਭੈਤਾ ਅਕਹਿ ਸੀ। ਗਿਆਨੀ ਜ਼ੈਲ ਸਿੰਘ ਦੇ ਮੁੱਖ ਮੰਤਰੀ ਬਣਨ ਨਾਲ ਨਕਲੀ ਨਿਰੰਕਾਰੀਆਂ ਨੂੰ ਬਹੁਤ ਉਤਸ਼ਾਹ ਮਿਲਿਆ। ਉਹ ਗੁਰਮਤਿ ਵਿਰੋਧੀ ਕਾਰਜਾਂ ਵਿਚ ਜ਼ਿਆਦਾ ਉਤਰ ਆਏ। ਇਨ੍ਹਾਂ ਨਕਲੀ ਨਿਰੰਕਾਰੀਆਂ ਵਿਰੁੱਧ ਲਏ ਗਏ ਸਖ਼ਤ ਸਟੈਂਡ ਅਤੇ ਦਲੇਰੀ ਭਰਪੂਰੀ ਕਾਰਵਾਈ ਨਾਲ ਨਰਕਧਾਰੀਆਂ ਵਿੱਚ ਭਿੰਡਰਾਂ ਵਾਲੇ ਜਥੇ ਪ੍ਰਤੀ ਬਹੁਤ ਘਬਰਾਹਟ ਫੈਲ ਗਈ ਸੀ।
ਸੰਤ ਕਰਤਾਰ ਸਿੰਘ ਜੀ ਨੇ 8 ਸਾਲ ਦਮਦਮੀ ਟਕਸਾਲ ਦੇ ਮੁਖੀ ਰੂਪ ਵਿਚ ਥਾਂ-ਥਾਂ ਵਿਚਰ ਕੇ ਗੁਰਮਤਿ ਦਾ ਬਹੁਤ ਭਾਰੀ ਪ੍ਰਚਾਰ ਕੀਤਾ। ਸਿੱਖ ਸੰਗਤਾਂ, ਖ਼ਾਸਕਰ ਨੌਜਵਾਨ ਪੀੜੀ ਨੂੰ ਪਤਿਤਪੁਣੇ ਤੋ ਹਟਾ ਕੇ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਅਹਿਮ ਯਤਨ ਕੀਤੇ । ਇਸੇ ਦੌਰਾਨ 3 ਅਗਸਤ 1977 ਨੂੰ ਆਪ ਜੀ ਜਦੋਂ ਪਿੰਡ ਮਲਸੀਹਾਂ, ਜਲੰਧਰ ਤੋਂ ਸੋਲਨ ਨੂੰ ਜਾ ਰਹੇ ਸਨ ਤਾਂ ਅੱਡਾ ਹੁਸੈਨਪੁਰ ਨੇੜੇ ਲੁਧਿਆਣਾ ਦੇ ਸਾਹਮਣੇ ਆਪ ਜੀ ਦੀ ਕਾਰ ਦਰੱਖਤ ਵਿਚ ਜਾ ਵੱਜੀ ਜਿੱਥੇ ਆਪ ਜੀ ਸਖ਼ਤ ਜ਼ਖ਼ਮੀ ਹੋ ਗਏ। ਆਪ ਜੀ ਨੂੰ ਲੁਧਿਆਣਾ ਦੇ ਸੀ.ਐਮ.ਸੀ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਆਪ ਜੀ 13 ਦਿਨ ਬਾਅਦ, 16 ਅਗਸਤ 1977ਈਸਵੀ, ਮੁਤਾਬਿਕ 1 ਭਾਦਰੋਂ 2034 ਬਿਕ੍ਰਮੀ ਨੂੰ ਸੱਚਖੰਡ ਜਾ ਬਿਰਾਜੇ। ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ 12 ਅਗਸਤ ਨੂੰ ਆਪ ਜੀ ਦਾ ਸਸਕਾਰ ਕੀਤਾ ਗਿਆ। ਜਿੱਥੇ ਆਪ ਜੀ ਦਾ ਸਸਕਾਰ ਕੀਤਾ ਗਿਆ ਉੱਥੇ ਹੁਣ ਸੰਤਾਂ ਦੀ ਯਾਦ ਵਿਚ ਛੋਟਾ ਨਿਸ਼ਾਨ ਸਾਹਿਬ ਸੁਸ਼ੋਭਿਤ ਹੈ। ਆਪ ਜੀ ਦੀ ਯਾਦ ਵਿਚ ਹਰ ਸਾਲ ਗੁਰਦੁਆਰਾ ਸਾਹਿਬ ਵਿਖੇ ਬਰਸੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ।