ਰਾਜਸਥਾਨ ਸੂਬੇ ਵਿੱਚ ਅਜਮੇਰ ਸ਼ਰੀਫ ਨਾਂ ਦੀ ਦਰਗਾਹ ਹੈ।ਜਿਥੇ ਸੂਫੀ ਸੰਤ ਮਾਓਦੀਨ ਚਿਸ਼ਤੀ ਸਾਹਿਬ ਜੀ ਦਾ 1236 ਵਿੱਚ ਬਣਿਆ ਹੋਇਆ ਮਕਬਰਾ ਹੈ।ਸੁੰਨੀ ਧਰਮ ਦੇ ਅਨੁਯਾਈਆਂ ਲਈ ਬਹੁਤ ਹੀ ਮਹੱਤਵ ਪੂਰਨ ਸਥਾਨ ਹੈ।ਇਸ ਦਰਗਾਹ ਤੇ ਬਹੁਤ ਸਾਰੇ ਰਾਜੇ ਮਹਾਰਾਜੇ ਜਿਵੇਂ ਕਿ ਸ਼ਾਹਜਹਾਨ,ਰਜ਼ੀਆ ਸੁਲਤਾਨ, ਮਹੁੰਮਦ ਬਿਨ ਤੁਗਲਿੱਕ ਅਤੇ ਸ਼ੇਰ ਸ਼ਾਹ ਸੂਰੀ ਵਰਗੇ ਆਦਿ ਨਤਮਸਤਿੱਕ ਹੋ ਚੁੱਕੇ ਹਨ।ਇਸ ਧਾਰਮਿੱਕ ਸਥਾਨ ਵਾਰੇ ਕਾਫੀ ਪੜ੍ਹਿਆ ਸੁਣਿਆ ਸੀ।ਅਸੀ ਵੀ ਇਸ ਸਾਲ ਦੇ ਸ਼ੁਰੂ ਵਿੱਚ ਦਰਗਾਹ ਦੇ ਦਰਸ਼ਨ ਕਰਨ ਲਈ ਚਲੇ ਗਏ।ਅਜਮੇਰ ਸ਼ਹਿਰ ਵਿੱਚ ਦਰਗਾਹ ਦੇ ਨੇੜੇ ਕਾਰ ਪਾਰਕਿੰਗ ਕਰਨੀ ਕਾਫੀ ਮੁਸ਼ਕਲ ਹੈ।ਪਰ ਪ੍ਰਾਈਵੇਟ ਕਾਰ ਪਾਰਕਾਂ ਵਾਲੇ ਸ਼ੜਕ ਤੋਂ ਹੀ ਕਾਰਾਂ ਵਾਲਿਆਂ ਨੂੰ ਅਵਾਜ਼ਾਂ ਦੇ ਰਹੇ ਹਨ।ਮਿਉਸਪਲ਼ਟੀ ਕਾਰਪੋਰੇਸ਼ਨ ਵਾਲਿਆਂ ਨੇ ਕਾਰ ਪਾਰਕਿੰਗ ਕਰਨ ਲਈ ਖੰਭਿਆਂ ਉਤੇ ਥਾਂ ਥਾਂ ਤੇ ਬੋਰਡ ਲਟਕਾਏ ਹੋਏ ਹਨ।ਅਸੀ ਬੋਰਡ ਪੜ੍ਹਦੇ ਵਲ ਖਾਂਦੀਆਂ ਭੀੜ੍ਹੀਆਂ ਸ਼ੜਕਾਂ ਤੇ ਹੁੰਦੇ ਹੋਏ ਕਾਰ ਪਾਰਕਿੰਗ ਪਹੁੰਚ ਗਏ।ਕਾਰ ਵਿੱਚੋਂ ਉਤਰਦਿਆਂ ਹੀ ਸਾਡੇ ਪਿੱਛੇ ਮੋਟਰਸਾਈਕਲ ਲਈ ਖੜ੍ਹਾ 27-28 ਸਾਲ ਦੀ ਉਮਰ ਦਾ ਨੌਜੁਆਨ ਬੋਲਿਆ,”ਗੱਡੀ ਵਿੱਚ ਮੋਬਾਈਲ ਵਗੈਰਾ ਨਾ ਰੱਖਿਓ ਚੋਰੀ ਹੋ ਸਕਦਾ ਹੈ”।ਉਸ ਨੇ ਸਿਰ ਉਪਰ ਗੋਲ ਜਾਲੀਦਾਰ ਟੋਪੀ ਤੇ ਸਫੈਦ ਲੰਬਾ ਕੁੜਤਾ ਪਜ਼ਾਮਾ ਪਾਇਆ ਹੋਇਆ ਸੀ।ਅਸੀ ਉਸ ਦੀ ਗੱਲ ਨੂੰ ਅਣਸੁਣੀ ਕਰਦਿਆਂ ਕਾਂਉਟਰ ਉਪਰ ਪਰਚੀ ਕੱਟਣ ਵਾਲੇ ਨੂੰ ਪੁੱਛਿਆ,”ਇਥੇ ਗੱਡੀ ਚ ਚੋਰੀ ਵਗੈਰਾ ਤਾਂ ਨਹੀ ਹੁੰਦੀ”,”ਬੇ ਝਿਜਕ ਚਲੇ ਜਾਓ ਜੀ,ਘਬਰਾਉਣ ਦੀ ਲੋੜ ਨਹੀ”,ਪਰਚੀ ਕੱਟ ਕੇ ਸਾਡੇ ਹੱਥ ਫੜਾਉਦਿਆਂ ਉਸ ਨੇ ਦੋ ਟੁੱਕ ਜਬਾਬ ਦਿੱਤਾ।ਅਸੀ ਪੈਦਲ ਹੀ ਤੰਗ ਗਲੀਆਂ ਵਿੱਚ ਦੀ ਹੁੰਦੇ ਹੋਏ ਦਰਗਾਹ ਵੱਲ ਚੱਲ ਪਏ।ਗਲੀ ਦੇ ਮੋੜ ਉਪਰ ਉਹ ਹੀ ਨੌਜੁਆਨ ਮੋੇਟਰਸਾਈਕਲ ਲਈ ਖੜ੍ਹਾ ਫਿਰ ਬੋਲਿਆ,”ਇਸ ਗਲੀ ਮੁੜ ਜਾਵੋ ਜੀ ਤੁਹਾਨੂੰ ਨੇੜੇ ਪਵੇਗੀ”।ਜਿਵੇਂ ਕਹਿੰਦੇ ਨੇ ਮੁਫਤ ਦੀ ਸਲਾਹ ਵੀ ਮਾੜੀ ਹੁੰਦੀ ਆ,ਅਸੀ ਰੁੱਖੀ ਜਿਹੀ ਅਵਾਜ਼ ਵਿੱਚ ਕਿਹਾ,”ਤੂੰ ਜਾ ਅਸੀ ਆਪੇ ਚਲੇ ਜਾਵਾਂਗੇ” ਉਹ ਚਲਿਆ ਗਿਆ,ਇੱਕ ਹੋਰ ਲੜਕਾ ਜਿਸ ਦਾ ਪਹਿਰਾਵਾ ਵੀ ਉਸ ਤਰ੍ਹਾਂ ਦੀ ਹੀ ਸੀ,ਉਹ ਸਾਡੇ ਅੱਗੇ ਅੱਗੇ ਚੱਲ ਪਿਆ,ਮੁੜ ਮੁੜ ਸਾਨੂੰ ਪਿੱਛੇ ਵੱਲ ਵੀ ਵੇਖ ਰਿਹਾ ਸੀ।ਅਸੀ ਭੀੜ ਭੜ੍ਹੱਕੇ ਵਾਲੇ ਖਚਾ ਖਚ ਭਰੇ ਹੋਏ ਬਜ਼ਾਰ ਵਿੱਚ ਚਲਦੇ ਚਲਦੇ ਦਰਗਾਹ ਦੇ ਗੇਟ ਅੱਗੇ ਪਹੁੰਚ ਗਏ।ਉਥੇ ਹੋਰ ਵੀ ਜਿਆਦਾ ਭੀੜ ਸੀ। ਦੁਕਾਨਦਾਰਾਂ ਦੀ ਉਚੀਆਂ ਅਵਾਜ਼ਾਂ ਕੰਨ ਪਾੜ੍ਹ ਰਹੀਆਂ ਸਨ।ਸ਼ਰਧਾਲੂ ਦਰਗਾਹ ਉਤੇ ਚਾਦਰ ਤੇ ਹੋਰ ਸਮਾਨ ਚੜਾਉਣ ਲਈ ਖਰੀਦੋ ਫਰੋਖਤ ਜੋਰਾਂ ਸ਼ੋਰਾਂ ਨਾਲ ਕਰ ਰਹੇ ਸਨ।ਉਥੇ ਉਸ ਤਰ੍ਹਾਂ ਦੇ ਪਹਿਰਾਵੇ ਵਾਲਾ ਤੀਸਰਾ ਲੜਕਾ ਸਾਡੇ ਕੋਲ ਆਕੇ ਖੜ੍ਹ ਗਿਆ,ਤੇ ਦੂਸਰੇ ਵਾਲਾ ਚਲਿਆ ਗਿਆ।”ਚਾਦਰ ਲੈ ਲਓ ਚਾਦਰ ਅਸੀ ਤੁਹਾਡੇ ਜੋੜੇ ਵੀ ਸੰਭਾਲ ਲਵਾਗੇ”। ਸਾਹਮਣੇ ਦੁਕਾਨ ਵਾਲਾ ਜੋੜੇ ਪਾਉਣ ਲਈ ਬੋਰੀ ਨੂੰ ਹਲਾਉਦਾ ਹੋਇਆ ਬੋਲਿਆ।ਜਦੋਂ ਅਸੀ ਕਿਹਾ “ਚਾਦਰ ਨਹੀ ਖਰੀਦਣੀ” ਤਾਂ ਉਸ ਨੇ ਬੋਰੀ ਵਾਲਾ ਹੱਥ ਵੀ ਪਿੱਛੇ ਖਿੱਚ ਲਿਆ।ਅਸੀ ਤਿੰਨ ਜਾਣੇ ਤੇ ਇੱਕ ਸਾਲ ਦੀ ਬੱਚੀ ਸਮੇਤ ਅੰਦਰ ਜਾਣ ਲਈ ਗੁਆਚੇ ਗੁਆਚੇ ਖੜ੍ਹੇ ਸੀ।ਸਾਡੇ ਕੋਲ ਖੜ੍ਹਾ ਉਹ ਅਜਨਬੀ ਲੜਕਾ ਬੋਲਿਆ,”ਤੁਸੀ ਜੋੜੇ ਜੋੜਾਘਰ ਅੰਦਰ ਜਮਾ ਕਰਾ ਦੇਓ”।ਗੇਟ ਦੇ ਸੱਜੇ ਪਾਸੇ ਖਸਤੀ ਹਾਲਾਤ ਦੇ ਛੋਟੇ ਜਿਹੇ ਜੋੜਾਘਰ ਅੰਦਰ ਜੁੱਤੀਆਂ ਜਮ੍ਹਾ ਕਰਾ ਦਿੱਤੀਆਂ।ਗੱਤੇ ਦੇ ਟੁਕੜੇ ਉਤੇ ਹੱਥ ਨਾਲ ਲਿਖਿਆ ਨੰਬਰ(ਟੋਕਨ) ਲੈਕੇ ਅਸੀ ਦਰਗਾਹ ਦੇ ਅੰਦਰ ਜਾ ਵੜ੍ਹੇ।ਕਬਰ ਦੇ ਕੋਲ ਸ਼ਰਧਾਲੂਆਂ ਦਾ ਭੀੜ੍ਹ ਭੜੱਕਾ ਤੇ ਧੱਕਮ ਧੱਕਾ ਸੀ।ਅੱਗੇ ਜਾ ਰਿਹਾ ਉਹ ਲੜਕਾ ਸਾਡੇ ਮੋਢੇ ਚੁੱਕੀ ਹੋਈ ਬੱਚੀ ਵੱਲ ਵੇਖ ਕੇ ਬੋਲਿਆ,”ਤੁਸੀ ਪਿਛਲੇ ਪਾਸੇ ਆ ਜਾਓ ਉਧਰ ਭੀੜ ਘੱਟ ਹੈ”।ਉਹ ਸਾਨੂੰ ਛੋਟੇ ਜਿਹੇ ਦਰਵਾਜੇ ਕੋਲ ਲੈ ਗਿਆ ਜਿਥੇ 10-15 ਸ਼ਰਧਾਲੂ ਲਾਈਨ ਲਾਈ ਖੜ੍ਹੇ ਸਨ।”ਇਹਨਾਂ ਨੂੰ ਜਾਣ ਦਿਓ ਇਹਨਾਂ ਕੋਲ ਛੋਟਾ ਬੱਚਾ ਹੈ”।ਉਹ ਲਾਈਨ ਵਿੱਚ ਖੜ੍ਹੇ ਹੋਏ ਲੋਕਾਂ ਨੂੰ ਕਹਿ ਰਿਹਾ ਸੀ।ਪਰ ਉਹਨਾਂ ਲਈ ਇਹ ਸਭ ਅਣਸੁਣੀ ਸੀ।ਅੱਗੇ ਦਰਵਾਜੇ ਕੋਲ ਖੜਾ ਸੇਵਾਦਾਰ ਜਿਸ ਦੇ ਹੱਥ ਵਿੱਚ ਮੱਥਾ ਟੇਕਣ ਲਈ ਨੋਟ(ਰੁਪਏ)ਵੇਖਦਾ ਉਸ ਨੂੰ ਵੱਧ ਤਰਜੀਹ ਦੇ ਰਿਹਾ ਸੀ।ਕਈ ਆਸੇ ਪਾਸੇ ਤੋਂ ਵੀ ਘੁਸ ਰਹੇ ਸਨ।ਉਸ ਦੇ ਦੱਸਣ ਮੁਤਾਬਕ ਇਸ ਪਾਸੇ ਚਿਸ਼ਤੀ ਸਾਹਿਬ ਜੀ ਦੇ ਚਰਨ ਹਨ।ਜਿਧਰ ਬਹੁਤੀ ਭੀੜ ਸੀ ਉਸ ਪਾਸੇ ਉਹਨਾਂ ਦਾ ਸੀਸ ਹੈ।ਸਾਨੂੰ ਉਸ ਧਕੱਮ ਧੱਕੇ ਵਿੱਚ ਮੋਢੇ ਚੁੱਕੀ ਹੋਈ ਬੱਚੀ ਦਾ ਸਾਹ ਘੁੰਟ ਜਾਣ ਦਾ ਡਰ ਸਤਾ ਰਿਹਾ ਸੀ।ਥੋੜੀ ਦੇਰ ਬਾਅਦ ਸਾਡਾ ਵੀ ਨੰਬਰ ਆ ਗਿਆ, ਅਸੀ ਕਾਹਲੀ ਵਿੱਚ ਦਰਸ਼ਨ ਕਰਕੇ ਬਾਹਰ ਵਿਹੜੇ ਵਿੱਚ ਆ ਗਏ।ਅਸੀ ਲੰਗਰ ਵਿੱਚ ਸੇਵਾ ਪਾਉਣ ਦੀ ਇੱਛਾ ਜਾਹਰ ਕੀਤੀ।ਉਹ ਕੋਲ ਹੀ ਇੱਕ ਕਮਰੇ ਵਿੱਚ ਲੈ ਗਿਆ ਜਿਥੇ ਖਜ਼ਾਨਚੀ ਦਰੀਆਂ ਉਪਰ ਬੈਠ ਕੇ ਪਰਚੀਆਂ ਕੱਟ ਰਹੇ ਸਨ।ਉਥੋਂ ਪਰਚੀ ਕਟਾਈ ਤੇ ਬਾਹਰ ਜਾਣ ਵਾਲੇ ਗੇਟ ਕੋਲ ਆ ਗਏ।ਸੱਜੇ ਪਾਸੇ ਉਚੀ ਜਗ੍ਹਾ ਉਪਰ ਦੁਨੀਆ ਦਾ ਸਭ ਤੋਂ ਵੱਡਾ ਲੋਹੇ ਦਾ ਕੜ੍ਹਾਹਾ ਪਿਆ ਹੈ।ਜਿਸ ਵਿੱਚ ਇਕੋ ਵਕਤ 4460 ਕਿਲੋ ਖੀਰ ਬਣਾਈ ਜਾ ਸਕਦੀ ਹੈ।ਉਹ ਲੜਕਾ ਸਾਡੇ ਲਈ ਆਪੇ ਬਣਿਆ ਗ਼ਾਈਡ ਦਾ ਕੰਮ ਕਰ ਰਿਹਾ ਸੀ।ਸਾਨੂੰ ਉਸ ਨੇ ਦਰਗਾਹ ਦੇ ਅੰਦਰ ਦੀਆਂ ਥਾਵਾਂ ਅਤੇ ਮੇਨ ਗੇਟ ਕਦੋਂ ਕਿਸ ਨੇ ਬਣਾਇਆ ਵਾਰੇ ਵੀ ਜਾਣਕਾਰੀ ਦਿੱਤੀ।ਅਸੀ ਬਾਹਰ ਗੇਟ ਕੋਲ ਆਕੇ 200 ਰੁਪਏ ਦੇ ਕੇ ਉਸ ਦਾ ਸ਼ੁਕਰੀਆ ਕਰਨ ਲੱਗੇ ਤਾਂ ਉਸ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ।ਜਦੋਂ ਕਿਹਾ ਅਸੀ ਖੂਸ਼ੀ ਨਾਲ ਦੇ ਰਹੇ ਹਾਂ।ਉਸ ਲੜਕੇ ਨੇ ਆਪਣੀ ਜੇਬ ਵਿੱਚੋਂ ਵਿਜ਼ਟਿੰਗ ਕਾਰਡ ਦਿੰਦਿਆ ਕਿਹਾ,ਮੈਂ ਇਸ ਸ਼ਹਿਰ ਵਿੱਚ ਪੇਸ਼ੇ ਵਜੋਂ ਵਕੀਲ ਹਾਂ।ਇਥੇ ਪਿਛਲੇ ਅੱਠ ਸਾਲਾਂ ਤੋਂ ਸੇਵਾ ਕਰ ਰਿਹਾ ਹਾਂ।ਜਦੋਂ ਕੋਈ ਅਜਨਬੀ ਜਾਂ ਵਿਦੇਸ਼ੀ ਦਰਸ਼ਨਾਂ ਲਈ ਆਉਦਾਂ ਹੈ।ਸੇਵਾ ਕਰਨਾ ਸਾਡਾ ਫਰਜ਼ ਹੈ।ਅਗਰ ਅੱਗੇ ਤੋਂ ਵੀ ਤੁਹਾਡੇ ਕਿਸੇ ਦੋਸਤ ਮਿੱਤਰ ਨੇ ਆਉਣਾ ਹੋਵੇ, ਮੈਨੂੰ ਟੈਲੀਫੋਨ ਕਰਨਾ ਨਾ ਭੁੱਲਣਾ।ਅਸੀ ਉਸ ਨੂੰ ਪਾਰਕਿੰਗ ਵਿੱਚੋਂ ਹੀ ਲੈ ਆਵਾਂਗੇ।ਅਖੀਰ ਅਸੀ ਮੱਲੋਜੋਰੀ 200 ਰੁਪਏ ਉਸ ਦੀ ਜੇਬ ਵਿੱਚ ਪਾ ਦਿੱਤੇ,ਉਸ ਦੀ ਸ਼ਰਧਾ ਭਾਵਨਾ ਨੂੰ ਵੇਖ ਕੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਲੈਕੇ ਬਾਹਰ ਆ ਗਏ।ਉਸ ਦੀ ਨਿਸ਼ਕਾਮ ਸਾਡੇ ਲਈ ਅਭੁੱਲ ਯਾਦ ਬਣ ਗਈ।