ਨਵੀਂ ਦਿੱਲੀ – ਬੰਦੀ ਛੋੜ ਦਿਹਾੜੇ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਤਿਹਾੜ ਜੇਲ੍ਹ ਦੇ ਬਾਹਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਨਿਸ਼ਾਨ ਸਾਹਿਬ ਦੀ ਸਰਪ੍ਰਸਤੀ ਹੇਠ ਚੌਪਈ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਦਿੱਲੀ ਕਮੇਟੀ ਮੈਂਬਰ ਮਨਜੀਤ ਸਿੰਘ ਜੀਕੇ, ਸਤਨਾਮ ਸਿੰਘ ਖੀਵਾ, ਜਤਿੰਦਰ ਸਿੰਘ ਸੋਨੂੰ ਅਤੇ ਸਾਬਕਾ ਦਿੱਲੀ ਕਮੇਟੀ ਮੈਂਬਰ ਹਰਜਿੰਦਰ ਸਿੰਘ ਤੇ ਮਨਮੋਹਨ ਸਿੰਘ ਵਿਕਾਸ ਪੁਰੀ ਨੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਵਕਾਲਤ ਕੀਤੀ। ਮਨੁੱਖੀ ਅਧਿਕਾਰਾਂ ਲਈ ਕਾਰਜਸ਼ੀਲ ਐਡਵੋਕੇਟ ਮਹਮੂਦ ਪ੍ਰਾਚਾ, ਐਡਵੋਕੇਟ ਭਾਨੂੰ ਪ੍ਰਤਾਪ ਅਤੇ ਦਲਿਤ ਚਿੰਤਕ ਡਾਕਟਰ ਰਿਤੂ ਸਿੰਘ ਨੇ ਇਸ ਮੌਕੇ ਹਾਜ਼ਰੀ ਭਰਦੇ ਹੋਏ ਘਟਗਿਣਤੀ ਕੌਮਾਂ, ਪਿਛੜੀਆਂ ਜਾਤੀਆਂ ਅਤੇ ਦਲਿਤਾਂ ਭਾਈਚਾਰੇ ਨਾਲ ਸਬੰਧਤ ਲੋਕਾਂ ਨਾਲ ਸਰਕਾਰਾਂ ਵੱਲੋਂ ਵਿਤਕਰਾ ਕਰਨ ਦਾ ਦੋਸ਼ ਲਗਾਉਂਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਮੁਹਿੰਮ ਨੂੰ ਆਪਣਾ ਸਮਰਥਨ ਦੇਣ ਦਾ ਅਹਿਦ ਦੋਹਰਾਇਆ। ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਪ੍ਰਧਾਨ ਚਮਨ ਸਿੰਘ ਦੇ ਵਿਦੇਸ਼ ਦੌਰੇ ‘ਤੇ ਜਾਣ ਕਰਕੇ ਕਾਰਜਕਾਰੀ ਪ੍ਰਧਾਨ ਦੀ ਜ਼ਿਮੇਵਾਰੀ ਨਿਭਾ ਰਹੇ ਗੁਰਦੀਪ ਸਿੰਘ ਮਿੰਟੂ ਨੇ ਅਰਦਾਸ ਕਰਨ ਉਪਰੰਤ ਬੰਦੀ ਸਿੰਘਾਂ ਦੀ ਰਿਹਾਈ ਨੂੰ ਜ਼ਰੂਰੀ ਦਸਦੇ ਹੋਏ ਭਾਜਪਾ ਆਗੂ ਆਰ.ਪੀ. ਸਿੰਘ ਵੱਲੋਂ ਬੰਦੀ ਸਿੰਘਾਂ ਦੇ ਹੱਕ ਵਿਚ ਲਏ ਗਏ ਸਟੈਂਡ ਦੀ ਸ਼ਲਾਘਾ ਕੀਤੀ। ਮਿੰਟੂ ਨੇ ਕਿਹਾ ਕਿ ਆਰ.ਪੀ. ਸਿੰਘ ਦੀ ਭਾਵਨਾ ਦਾ ਅਸੀਂ ਸਤਿਕਾਰ ਕਰਦੇ ਹਾਂ। ਕਿਉਂਕਿ ਉਹ ਦੇਸ਼ ਉਤੇ ਰਾਜ ਕਰ ਰਹੀਂ ਪਾਰਟੀ ਦੇ ਕੌਮੀ ਬੁਲਾਰੇ ਹਨ, ਇਸ ਲਈ ਉਨ੍ਹਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨਾਲ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੁਰੰਤ ਸੰਪਰਕ ਕਰਨਾ ਚਾਹੀਦਾ ਹੈ।
ਰਿਹਾਈ ਮੋਰਚੇ ਦੇ ਕਨਵੀਨਰ ਅਤੇ ਸਾਬਕਾ ਵਿਧਾਇਕ ਅਵਤਾਰ ਸਿੰਘ ਕਾਲਕਾ ਨੇ ਦਿੱਲੀ ਸਰਕਾਰ ਵੱਲੋਂ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਰੋਕਣ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਬੰਦੀ ਸਿੰਘਾਂ ਨਾਲ ਨਜਾਇਜ਼ ਧੱਕਾ ਹੋਣ ਦਾ ਦਾਅਵਾ ਕੀਤਾ। ਰਿਹਾਈ ਮੋਰਚੇ ਦੇ ਬੁਲਾਰੇ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿਖੇ ਸ੍ਰੀ ਰਾਮ ਚੰਦਰ ਜੀ ਨੂੰ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਦਾ ‘ਪ੍ਰਣੇਤਾ’ ਦੱਸਿਆ ਸੀ ਅਤੇ ਸ੍ਰੀ ਰਾਮ ਚੰਦਰ ਜੀ ਦੇ ਕਰਤਵ ਭਾਵਨਾ ਤੋਂ ਪਿੱਛੇ ਨਾ ਹਟਣ ਵਾਲੇ ਉਨ੍ਹਾਂ ਦੇ “ਰਾਮ ਰਾਜ਼” ਦੀ ਤਾਰੀਫ਼ ਕੀਤੀ ਸੀ। ਇਸ ਲਈ ਪ੍ਰਧਾਨ ਮੰਤਰੀ ਜੀ ਨੂੰ “ਰਾਮ ਰਾਜ” ਦੇ ਇਸ ਵਰਤਾਰੇ ਨੂੰ ਸਾਰਥਕ ਸਾਬਤ ਕਰਨ ਲਈ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਤਹਿਤ ਬੰਦੀ ਸਿੰਘਾਂ ਦੀ ਮੰਗੀ ਜਾ ਰਹੀ ਰਿਹਾਈ ਨੂੰ ਤੁਰੰਤ ਪ੍ਰਵਾਨਗੀ ਦੇਣੀ ਚਾਹੀਦੀ ਹੈ। ਨਾਲ ਹੀ ਪਿਛਲੇ 5 ਸਾਲ ਤੋਂ ਵਿਚਾਰਾਧੀਨ ਕੈਦੀ ਦੇ ਤੌਰ ਉਤੇ ਜੇਲ੍ਹ ਵਿਚ ਬੰਦ ਇੰਗਲੈਂਡ ਦੇ ਮਨੁੱਖੀ ਅਧਿਕਾਰ ‘ਬਲੌਗਰ’ ਜਗਤਾਰ ਸਿੰਘ ਜੱਗੀ ਜੌਹਲ ਨੂੰ ਰਿਹਾ ਕਰਕੇ ਵਾਪਸ ਉਸ ਦੇ ਦੇਸ਼ ਭੇਜਣਾ ਚਾਹੀਦਾ ਹੈ। ਸਿਆਸੀ ਕਾਰਨਾਂ ਤੋਂ ਬਿਨਾਂ ਦੋਸ਼ ਸਾਬਿਤ ਹੋਏ ਜੇਲ੍ਹ ਵਿਚ ਕੈਦੀਆਂ ਨੂੰ ਰੱਖਣ ਦੇ ਇਸ ਰੁਝਾਨ ਨੂੰ ਤੋੜ ਕੇ ਪ੍ਰਧਾਨ ਮੰਤਰੀ ਜੀ ਨੂੰ “ਰਾਮ ਰਾਜ” ਦਾ ਉਦਾਹਰਣ ਪੇਸ਼ ਕਰਨਾ ਚਾਹੀਦਾ ਹੈ। ਇਸ ਮੌਕੇ ਰਿਹਾਈ ਮੋਰਚੇ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ, ਜੁਆਇੰਟ ਸਕੱਤਰ ਜਗਦੀਪ ਸਿੰਘ, ਖ਼ਜ਼ਾਨਚੀ ਮਨਜੀਤ ਸਿੰਘ, ਭਾਈ ਜਗਤਾਰ ਸਿੰਘ ਹਵਾਰਾ ਦੇ ਮੁਲਾਕਾਤੀ ਇਕਬਾਲ ਸਿੰਘ ਸਣੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਸਿਆਸੀ ਕਾਰਕੁੰਨ ਰਮਨਦੀਪ ਸਿੰਘ ਸੋਨੂੰ, ਪਰਮਜੀਤ ਸਿੰਘ ਮੱਕੜ, ਹਰਵਿੰਦਰ ਸਿੰਘ, ਬਾਬੂ ਸਿੰਘ ਦੁਖੀਆ, ਜਤਿੰਦਰ ਸਿੰਘ ਬੌਬੀ, ਜਗਮੋਹਨ ਸਿੰਘ ਅਤੇ ਸਿੰਘ ਸਭਾ ਪ੍ਰਬੰਧਕ ਹਰਵਿੰਦਰ ਸਿੰਘ ਟਿੰਮੀ, ਸਤਨਾਮ ਸਿੰਘ, ਮਨਮੋਹਨ ਸਿੰਘ ਤੇ ਰਵਿਦਾਸ ਮੰਦਿਰ ਦੇ ਪ੍ਰਧਾਨ ਬਨਾਰਸੀ ਦਾਸ ਮੌਜੂਦ ਸਨ।