ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਐਨਆਈਏ ਨੇ ਤਕਰੀਬਨ 5 ਘੰਟਿਆਂ ਤੱਕ ਪੁੱਛਗਿੱਛ ਕੀਤੀ। ਐਨਆਈਏ ਨੇ ਅਫਸਾਨਾ ਖਾਨ ਨੂੰ ਗੈਂਗਸਟਰ-ਅੱਤਵਾਦੀ ਸਿੰਡੀਕੇਟ ਮਾਮਲੇ ‘ਚ ਪੁੱਛਗਿਛ ਲਈ ਸੰਮਨ ਭੇਜਿਆ ਸੀ, ਜਿਸ ਤੋਂ ਬਾਅਦ ਉਸ ਤੋਂ ਐਨਆਈਏ ਦਫਤਰ ਵਿਚ ਕਰੀਬ 5 ਘੰਟੇ ਪੁੱਛਗਿੱਛ ਕੀਤੀ ਗਈ। ਐਨਆਈਏ ਵਲੋਂ ਅਫਸਾਨਾ ਦੇ ਬੰਬੀਹਾ ਗੈਂਗ ਨਾਲ ਸਬੰਧਾਂ ਬਾਰੇ ਵੀ ਪੁੱਛਗਿੱਛ ਕੀਤੀ ਜਾਣੀ ਸੀ, ਕਿਉਂਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਫਸਾਨਾ ਖਾਨ ਨੂੰ ਮੂਸੇਵਾਲਾ ਨੂੰ ਮਿਲੀਆਂ ਧਮਕੀਆਂ ਦੀ ਜਾਣਕਾਰੀ ਸੀ । ਜਿਕਰਯੋਗ ਹੈ ਕਿ ਐਨਆਈਏ ਅਪਰਾਧਿਕ ਗੈਂਗਸਟਰ ਨੈੱਟਵਰਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮਾਮਲੇ ਵਿਚ ਮਸ਼ਹੂਰ ਗਾਇਕਾ ਅਫਸਾਨਾ ਖਾਨ ਦਾ ਨਾਂ ਉਸ ਸਮੇਂ ਸਾਹਮਣੇ ਆਇਆ ਜਦੋਂ ਐਨਆਈਏ ਇਸ ਮਾਮਲੇ ‘ਚ ਯੂਪੀ, ਪੰਜਾਬ ਅਤੇ ਦਿੱਲੀ ਦੇ ਵੱਡੇ ਗੈਂਗਸਟਰਾਂ ਖਿਲਾਫ ਕਾਰਵਾਈ ਕਰ ਰਹੀ ਸੀ। ਐਨਆਈਏ ਨੂੰ ਪਤਾ ਲੱਗਾ ਸੀ ਕਿ ਅਫਸਾਨਾ ਖਾਨ ਬੰਬੀਹਾ ਗਰੁੱਪ ਦੇ ਸੰਪਰਕ ‘ਚ ਹੈ ਅਤੇ ਉਹ ਇਸ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਦੀ ਹੈ।
ਅਫਸਾਨਾ ਖਾਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਸਿੱਧੂ ਮੂਸੇਵਾਲਾ ਉਸ ਨੂੰ ਆਪਣੀ ਭੈਣ ਮੰਨਦਾ ਸੀ ਤੇ ਨਾਲ ਹੀ ਓਸ ਨੇ ਕਿਹਾ ਕਿ ਉਸ ਨੂੰ ਬੰਬੀਹਾ ਗਰੁੱਪ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਹ ਉਨ੍ਹਾਂ ਨੂੰ ਜਾਣਦੀ ਹੈ।