ਫ਼ਤਹਿਗੜ੍ਹ ਸਾਹਿਬ – “ਜਦੋ ਇੰਡੀਆ ਦੇ ਵਿਧਾਨ ਦੇ ਆਰਟੀਕਲ 19 ਇਥੋ ਦੀ ਪ੍ਰੈਸ, ਮੀਡੀਏ ਅਤੇ ਨਿਵਾਸੀਆ ਨੂੰ ਬਿਨ੍ਹਾਂ ਕਿਸੇ ਡਰ-ਭੈ ਤੋ ਸੱਚ ਨੂੰ ਉਜਾਗਰ ਕਰਨ ਅਤੇ ਪ੍ਰੈਸ ਦੀ ਆਜਾਦੀ ਦੇ ਅਧਿਕਾਰ ਪ੍ਰਦਾਨ ਕਰਦਾ ਹੈ, ਤਾਂ ਉਸ ਸਮੇ ਹਿੰਦੂਤਵ ਹੁਕਮਰਾਨਾਂ ਵੱਲੋ ਕੌਮਾਂਤਰੀ ਪੱਧਰ ਦੀ ਸੰਦੇਸ਼ ਤੇ ਵਿਚਾਰ ਅਦਾਨ-ਪ੍ਰਦਾਨ ਕਰਨ ਵਾਲੀ ਗੂਗਲ ਵਰਗੀ ਕੰਪਨੀ ਉਤੇ ਕਰੋੜਾਂ-ਅਰਬਾਂ ਰੁਪਏ ਦਾ ਜੁਰਮਾਨਾ ਲਗਾਉਣ ਦੀ ਕਾਰਵਾਈ ਪ੍ਰੈਸ ਅਤੇ ਮੀਡੀਏ ਦੀ ਆਜਾਦੀ ਉਤੇ ਅਤਿ ਸ਼ਰਮਨਾਕ ਮੁਤੱਸਵੀਆ ਵੱਲੋ ਸਾਜਸੀ ਹਮਲਾ ਕੀਤਾ ਗਿਆ ਹੈ । ਜਿਸ ਤੋ ਇਹ ਪ੍ਰਤੱਖ ਤੌਰ ਤੇ ਸਾਬਤ ਹੋ ਜਾਂਦਾ ਹੈ ਕਿ ਹੁਕਮਰਾਨ ਇਥੋ ਦੀ ਆਜਾਦ ਪ੍ਰੈਸ ਤੇ ਮੀਡੀਏ ਨੂੰ ਵੀ ਆਪਣਾ ਗੁਲਾਮ ਬਣਾਉਣ ਉਤੇ ਅਮਲ ਕਰ ਰਹੇ ਹਨ । ਜਿਸ ਨੂੰ ਸਮੁੱਚੇ ਇੰਡੀਆ ਦੇ ਨਿਵਾਸੀਆ ਨੂੰ ਜਮਹੂਰੀਅਤ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਹਿੱਤ ਕਦਾਚਿੱਤ ਇਸ ਮੰਦਭਾਵਨਾ ਭਰੇ ਮਨਸੂਬੇ ਨੂੰ ਕਾਮਯਾਬ ਨਹੀ ਹੋਣ ਦੇਣਾ ਚਾਹੀਦਾ । ਕਿਉਂਕਿ ਇਕ ਪ੍ਰੈਸ ਤੇ ਮੀਡੀਆ ਹੀ ਹੈ ਜੋ ਹੋਣ ਵਾਲੇ ਹਰ ਤਰ੍ਹਾਂ ਦੇ ਜ਼ਬਰ-ਜੁਲਮ, ਬੇਇਨਸਾਫ਼ੀਆਂ, ਵਿਤਕਰਿਆ ਨੂੰ ਆਜਾਦੀ ਨਾਲ ਉਜਾਗਰ ਕਰਨ ਦਾ ਸਾਧਨ ਹੈ । ਜੇਕਰ ਪ੍ਰੈਸ ਤੇ ਮੀਡੀਏ ਵਿਚ ਇਹ ਮਾਰੂ ਕਾਨੂੰਨ ਲਾਗੂ ਕਰ ਦਿੱਤਾ ਗਿਆ ਅਤੇ ਇਹ ਗੁਲਾਮ ਬਣ ਗਏ ਫਿਰ ਤਾਂ ਇਥੇ ਇਨਸਾਫ਼, ਹੱਕ ਦੀ ਆਵਾਜ ਖਤਮ ਹੋ ਕੇ ਰਹਿ ਜਾਵੇਗੀ ਅਤੇ ਅਰਾਜਕਤਾ ਫੈਲ ਜਾਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੌਮਾਂਤਰੀ ਪੱਧਰ ਦੀ ਗੂਗਲ ਕੰਪਨੀ ਜਿਸ ਰਾਹੀ ਨੈਟਵਰਕ, ਸੋਸਲ ਮੀਡੀਏ ਵਰਗੇ ਬਿਜਲਈ ਸਾਧਨਾਂ ਰਾਹੀ ਸੰਦੇਸ਼ ਅਤੇ ਵਿਚਾਰ ਅਦਾਨ-ਪ੍ਰਦਾਨ ਕਰਨ ਦੇ ਮੁੱਖ ਸਾਧਨ ਹਨ, ਅਜਿਹੀਆ ਕੰਪਨੀਆ ਉਤੇ ਸੀ.ਸੀ.ਆਈ ਵੱਲੋ ਗੁਲਾਮ ਬਣਾਉਣ ਵਾਲੀ ਸੋਚ ਅਧੀਨ ਭਾਰੀ ਜੁਰਮਾਨੇ ਲਗਾਉਣ ਦੀਆਂ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਿੰਦੂਤਵ ਹੁਕਮਰਾਨਾਂ ਨੇ ਇਥੇ ਪਹਿਲੋ ਹੀ ਸਮੁੱਚੇ ਹਿੰਦੂਤਵ ਰਾਸਟਰ ਦੀ ਸੋਚ ਅਧੀਨ ਅਮਲ ਸੁਰੂ ਕੀਤੇ ਹੋਏ ਹਨ । ਹੁਣ ਪ੍ਰੈਸ ਅਤੇ ਮੀਡੀਏ ਦੀ ਆਜਾਦੀ ਉਤੇ ਡਾਕਾ ਮਾਰਕੇ ਉਸਨੂੰ ਵੀ ਗੁਲਾਮ ਬਣਾਉਣ ਦੀ ਦੁੱਖਦਾਇਕ ਕਾਰਵਾਈ ਨੂੰ ਬਿਲਕੁਲ ਸਹਿਣ ਨਹੀ ਕੀਤਾ ਜਾਵੇਗਾ ਅਤੇ ਅਜਿਹੇ ਮੰਦਭਾਵਨਾ ਭਰੇ ਮਨਸੂਬਿਆ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਅਤੇ ਜਮਹੂਰੀਅਤ ਕਦਰਾਂ-ਕੀਮਤਾਂ ਦੇ ਪੈਰੋਕਾਰ ਇਸਨੂੰ ਕਾਮਯਾਬ ਨਹੀ ਹੋਣ ਦੇਣਗੇ ।