ਹਰ ਵਿਅਕਤੀ ਦੀ ਜ਼ਿੰਦਗੀ ਵਿੱਚ ਅਜਿਹੇ ਉਤਾਰ ਚੜ੍ਹਾਅ ਆਉਂਦੇ ਹਨ ਅਤੇ ਅਜਿਹੇ ਹਾਲਾਤ ਬਣਦੇ ਹਨ ਕਿ ਉਹਨਾਂ ਦਾ ਉਦਾਸ ਹੋ ਜਾਣਾ ਮਨੁੱਖੀ ਸੁਭਾਅ ਅਨੁਸਾਰ ਸੁਭਾਵਿਕ ਹੈ। ਉਦਾਸੀ ਕਈ ਵਾਰੀ ਬਹੁਤ ਥੋੜ੍ਹੇ ਸਮੇਂ ਲਈ ਰਹਿੰਦੀ ਹੈ ਅਤੇ ਕਈ ਵਾਰ ਇਹ ਲੰਬਾ ਸਮਾਂ ਚੱਲ ਜਾਂਦੀ ਹੈ ਅਤੇ ਕਈ ਵਾਰ ਇਹ ਡਿਪਰੈਸ਼ਨ ਵਿੱਚ ਬਦਲ ਜਾਂਦੀ ਹੈ। ਡਿਪਰੈਸ਼ਨ ਤੇ ਉਦਾਸੀ ਵਿੱਚ ਫਰਕ ਹੁੰਦਾ ਹੈ, ਆਮ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਦੁਖੀ ਹੋਣ ਤੋਂ ਪਹਿਲਾਂ ਜੋ ਚੀਜ਼ਾਂ ਬਹੁਤ ਪਸੰਦ ਸੀ ਜੇਕਰ ਉਹ ਅੱਜ ਵੀ ਖੁਸ਼ੀ ਦਿੰਦੀਆਂ ਹਨ ਤਾਂ ਤੁਹਾਨੂੰ ਡਿਪਰੈਸ਼ਨ ਨਹੀਂ ਹੈ। ਡਿਪਰੈਸ਼ਨ ਪੀੜਤ ਵਿਅਕਤੀ ਉਹਨਾਂ ਚੀਜਾਂ ਤੋਂ ਵੀ ਖੁਸ਼ ਨਹੀਂ ਹੁੰਦਾ ਜੋ ਉਸਨੂੰ ਪਸੰਦ ਸੀ।
ਡਿਪਰੈਸ਼ਨ ਦੇ ਵੱਖੋ ਵੱਖਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਕਿਸੇ ਕਰੀਬੀ ਦੀ ਮੌਤ, ਹਾਰਮੋਨਜ ਵਿੱਚ ਬਦਲਾਅ ਅਤੇ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਹੋਣਾ, ਨਤੀਜਾ ਖਰਾਬ ਆਉਣਾ, ਕਿਸੇ ਕੰਮ ਵਿੱਚ ਉਮੀਦ ਅਨੁਸਾਰ ਸਫਲਤਾ ਨਾ ਮਿਲੇ ਜਾਂ ਕੰਮ ਬਿਗੜ ਜਾਵੇ, ਨੌਕਰੀ ਚਲੀ ਜਾਵੇ, ਕਰਜ਼ ਵਿੱਚ ਡੁੱਬਣ ਦੀ ਸਥਿਤੀ ਵਿੱਚ ਵੀ ਵਿਅਕਤੀ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ।
ਜੋ ਡਿਪਰੈਸ਼ਨ ਤੋਂ ਪੀੜਤ ਹੁੰਦੇ ਹਨ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗ ਪਾਉਂਦਾ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹਨ। ਇਸ ਦੇ ਲਈ ਜ਼ਰੂਰੀ ਹੈ ਕਿ ਪੀੜਤ ਦੇ ਨਜ਼ਦੀਕੀ ਸਥਿਤੀਆਂ ਨੂੰ ਸਮਝਣ ਅਤੇ ਤੁਰੰਤ ਬਣਦੀ ਮੱਦਦ ਸ਼ੁਰੂ ਕਰਨ। ਲਗਾਤਾਰ ਸ਼ਾਂਤ ਰਹਿਣਾ ਅਤੇ ਰੋਜ਼ਾਨਾ ਦੀ ਕਿਸੇ ਵੀ ਗਤੀਵਿਧੀ ਵਿੱਚ ਰੁਚੀ ਨਾ ਲੈਣਾ, ਨੀਰਸਤਾ ਭਰ ਜਾਣਾ, ਦੋਸਤ, ਪਰਿਵਾਰ ਅਤੇ ਸਮਾਜ ਤੋਂ ਵੀ ਕੱਟਿਆ ਰਹਿਣਾ, ਜ਼ਿਆਦਾ ਚਿੰਤਾ ਕਰਨਾ, ਜੀਵਨ ਦੇ ਪ੍ਰਤੀ ਨਕਰਾਤਮਕ ਨਜ਼ਰੀਆ ਰੱਖਣਾ, ਗੱਲ ਗੱਲ ਤੇ ਗੁੱਸਾ ਕਰਨਾ, ਦੁਖੀ ਰਹਿਣਾ, ਨੀਂਦ ਵੱਧ ਆਉਣਾ ਜਾਂ ਬਹੁਤ ਘੱਟ ਆਉਣਾ, ਹਮੇਸ਼ਾਂ ਖੁਦ ਨੂੰ ਕੋਸਦੇ ਰਹਿਣਾ ਅਤੇ ਖੁਸ਼ੀ ਦੇ ਮੌਕਿਆਂ ਤੇ ਵੀ ਦੁਖੀ ਰਹਿਣਾ, ਹਮੇਸ਼ਾ ਨੈਗੇਟਿਵ ਗੱਲਾਂ ਕਰਨਾ ਅਤੇ ਕਿਸੇ ਨੂੰ ਵੀ ਮਿਲਣ ਤੋਂ ਬੱਚਣਾ, ਵੱਧ ਖਾਣਾ ਜਾਂ ਸਾਧਾਰਨ ਤੋਂ ਘੱਟ ਖਾਣਾ ਅਤੇ ਚਿੜ ਕੇ ਜਵਾਬ ਦੇਣਾ, ਵਜ਼ਨ ਦਾ ਅਚਾਨਕ ਵੱਧਣਾ ਜਾਂ ਤੇਜੀ ਨਾਲ ਘੱਟਣਾ, ਥੱਕਿਆ ਥੱਕਿਆ ਮਹਿਸੂਸ ਕਰਨਾਡਿਪਰੈਸ਼ਨ ਦੇ ਆਮ ਲੱਛਣ ਹਨ। ਵਾਰ ਵਾਰ ਮੌਤ ਜਾਂ ਆਤਮ ਹੱਤਿਆ ਦੇ ਵਿਚਾਰ ਆਉਣਾ ਵੀ ਡਿਪਰੈਸ਼ਨ ਦਾ ਲੱਛਣ ਹੈ।
ਡਿਪਰੈਸ਼ਨ ਇੱਕ ਮਾਨਸਿਕ ਸਮੱਸਿਆ ਹੈ ਪਰੰਤੂ ਇਹ ਪੀੜਤ ਨੂੰ ਸਰੀਰਕ ਰੂਪ ਤੋਂ ਵੀ ਪ੍ਰਭਾਵਿਤ ਕਰਦੀ ਹੈ ਜਿਵੇਂ ਥਕਾਵਟ, ਦੁਬਲਾਪਨ ਜਾਂ ਮੋਟਾਪਾ, ਦਿਲ ਦੀਆਂ ਬਿਮਾਰੀਆਂ, ਸਿਰ ਪੀੜ ਆਦਿ। ਡਿਪਰੈਸ਼ਨ ਸੰਬੰਧੀ ਇਲਾਜ ਦੀ ਸ਼ੁਰੂਆਤ ਮਨੋਵਿਗਿਆਨੀ /ਸਾਈਕੈਟਰਿਸਟ ਨਾਲ ਮੁਲਾਕਾਤ ਤੋਂ ਹੁੰਦੀ ਹੈ।
ਡਿਪਰੈਸ਼ਨ ਇੱਕ ਬਹੁਤ ਹੀ ਆਮ ਪਰੰਤੂ ਗੰਭੀਰ ਸਮੱਸਿਆ ਹੈ ਜਿਸਤੋਂ ਬਾਹਰ ਆਉਣ ਲਈ ਪੀੜਤ ਨੂੰ ਮਨੋਵਿਗਿਆਨੀ /ਸਾਈਕੈਟਰਿਸਟ ਦੀ ਸਹਾਇਤਾ ਲੋੜੀਂਦੀ ਹੁੰਦੀ ਹੈ। ਡਿਪਰੈਸ਼ਨ ਦੇ ਇਲਾਜ ਲਈ ਸਹੀ ਜਾਣਕਾਰੀ ਬਹੁਤ ਜ਼ਰੂਰੀ ਹੈ। ਡਿਪਰੈਸ਼ਨ ਕੋਈ ਪਾਗਲਪਨ ਨਹੀਂ ਹੁੰਦਾ ਅਤੇ ਡਿਪਰੈਸ਼ਨ ਦੇ ਜ਼ਿਆਦਾਤਰ ਮਰੀਜ ਪੂਰੀ ਤਰ੍ਹਾਂ ਠੀਕ ਹੋ ਸਕਦੇ ਹਨ। ਡਿਪਰੈਸ਼ਨ ਹੋਣ ਦੀ ਸਥਿਤੀ ਵਿੱਚ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ ਚਾਹੀਦਾ, ਜਾਦੂ ਟੂਣਿਆਂ, ਬਾਬਿਆਂ ਦੇ ਚੱਕਰਾਂ ਵਿੱਚ ਪੈਣ ਤੋਂ ਬਚਣਾ ਚਾਹੀਦਾ ਹੈ। ਪੀੜਤ ਨੂੰ ਇਸ ਸਮੱਸਿਆ ਤੋਂ ਨਿਜਾਤ ਪਾਉਣ ਵਿੱਚ ਮਨੋਵਿਗਿਆਨੀ/ਸਾਈਕੈਟਰਿਸਟ ਅਤੇ ਮਰੀਜ ਦੇ ਨਾਲ ਨਾਲ ਉਸਦੇ ਪਰਿਵਾਰ ਅਤੇ ਨਜ਼ਦੀਕੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।