ਅਸਾਂ ਕਿਸ਼ਤ ਤਾਰੀ ਜਾਂ ਏਥੇ ਘਰਾਂ ਦੀ।
ਬੜੀ ਯਾਦ ਆਈ ਸੀ ਆਪਣੇ ਗਰਾਂ ਦੀ।
ਨਾ ਤੱਕਿਆ ਕਿਸੇ ਦਾ ਕੋਈ ਆਸਰਾ ਮੈਂ,
ਭਰੀ ਹੈ ਮੈਂ ਪਰਵਾਜ਼ ਅਪਣੇ ਪਰਾਂ ਦੀ।
ਅਸਾਂ ਚੁੱਪ ਕਰਕੇ, ਹੀ ਬੈਠੇ ਜੇ ਰਹਿਣਾ,
ਤਾਂ ਚੱਲਣੀ ਹੈ ਆਪੇ ਹੀ ਫਿਰ ਜਾਬਰਾਂ ਦੀ।
ਜੇ ਬਣ ਕੇ ਰਹੇ ਨਾ, ਕੋਈ ਵੀ ਕਿਸੇ ਦਾ,
ਕਿਵੇਂ ਬਾਤ ਪਾਵਾਂ ਮੈਂ ਫਿਰ ਟੱਬਰਾਂ ਦੀ?
ਕਰੀਂ ਨਾ ਤੂੰ ਸੰਗਤ ਕਦੇ ਵੀ ਉਨ੍ਹਾਂ ਦੀ,
ਨਾ ਭੈੜੀ ਬਣੀ ਤੂੰ ਕਦੇ ਉਸ ਤਰ੍ਹਾਂ ਦੀ।
ਖੜ੍ਹੀ ਨਾ ਰਹੀਂ ‘ਦੀਸ਼’ ਦਰਿਆ ਕਿਨਾਰੇ,
ਤੂੰ ਤਾਰੂ ਹੈ ਬਣਨਾ ਅਜੇ ਸਾਗਰਾਂ ਦੀ।