ਫ਼ਤਹਿਗੜ੍ਹ ਸਾਹਿਬ – “ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਕੌਮ ਦੀ ਮਹਾਨ ਸੰਸਥਾ ਵੱਡੀਆਂ ਕੁਰਬਾਨੀਆਂ, ਸੰਘਰਸ਼ ਉਪਰੰਤ ਹੋਂਦ ਵਿਚ ਆਈ ਹੈ । ਲੇਕਿਨ ਬੀਤੇ ਲੰਮੇ ਸਮੇ ਤੋ ਇਸਦੇ ਪ੍ਰਬੰਧ ਵਿਚ ਜੋ ਵੱਡੀਆਂ ਖਾਮੀਆਂ ਉਤਪੰਨ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਸਮੁੱਚੀ ਸਿੱਖ ਕੌਮ ਵੀ ਦੂਰ ਕਰਨ ਤੇ ਸੁਧਾਰ ਕਰਨ ਵਿਚ ਵੱਡੀ ਦਿਲਚਸਪੀ ਰੱਖਦੀ ਹੈ, ਉਸਨੂੰ ਪੂਰਨ ਕਰਨ ਲਈ ਜਦੋਂ ਵੀ ਆਉਣ ਵਾਲੇ ਸਮੇ ਵਿਚ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਹੋਣ ਉਪਰੰਤ ਨਵੇ ਮੈਂਬਰ ਚੁਣਕੇ ਆਏ ਤਾਂ ਉਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨ੍ਹਾਂ ਕੌਮੀ ਜ਼ਿੰਮੇਵਾਰੀਆਂ ਨੂੰ ਪੂਰਨ ਕਰਨ ਲਈ ਦ੍ਰਿੜ ਰਹੇਗਾ । ਇਸ ਸੰਬੰਧ ਵਿਚ ਅਸੀਂ ਆਪਣੇ ਵੱਲੋਂ ਕੀਤੇ ਜਾਣ ਵਾਲੇ ਉਦਮਾਂ ਨੂੰ ਸਿੱਖ ਕੌਮ ਨਾਲ ਸਾਂਝੀ ਕਰਨਾ ਜਿਥੇ ਆਪਣਾ ਫਰਜ ਸਮਝਦੇ ਹਾਂ, ਉਥੇ ਸਿੱਖ ਕੌਮ ਤੋਂ ਇਹ ਸੁਝਾਅ ਵੀ ਮੰਗਦੇ ਹਾਂ ਕਿ ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਐਸ.ਜੀ.ਪੀ.ਸੀ. ਵਿਚ ਸੁਧਾਰ ਕਰਨ ਸੰਬੰਧੀ ਅਤੇ ਪ੍ਰਬੰਧ ਨੂੰ ਪਾਰਦਰਸ਼ੀ ਬਣਾਉਣ ਲਈ ਆਪਣੇ ਸੁਝਾਅ ਵੀ ਸਾਨੂੰ ਪਹੁੰਚਦੇ ਕਰਨ ਤਾਂ ਕਿ ਅਸੀ ਸਿੱਖ ਕੌਮ ਦੇ ਸਹਿਯੋਗ ਨਾਲ ਇਸ ਕੌਮੀ, ਧਾਰਮਿਕ ਸੰਸਥਾਂ ਦੇ ਪ੍ਰਬੰਧ ਨੂੰ ਉਸਾਰੂ ਅਤੇ ਕੌਮ ਪੱਖੀ ਬਣਾ ਸਕੀਏ ।”
ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋ ਸਮੁੱਚੇ ਪੰਜਾਬੀਆਂ ਤੇ ਸਮੁੱਚੀ ਸਿੱਖ ਕੌਮ ਨਾਲ ਇਸ ਪ੍ਰੈਸ ਰੀਲੀਜ ਰਾਹੀ ਕੀਤੇ ਜਾਣ ਵਾਲੇ ਉਦਮਾਂ ਤੇ ਕੰਮਾਂ ਦੀ ਸਾਂਝ ਪਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਅਤੇ ਸੇਵਾਮੁਕਤੀ ਦਾ ਅਧਿਕਾਰ ਐਸ.ਜੀ.ਪੀ.ਸੀ. ਦੀ ਅਗਜੈਕਟਿਵ ਦੀ ਬਜਾਇ ਸਿੱਖ ਕੌਮ ਨੂੰ ਵੋਟਾਂ ਰਾਹੀ ਸਿੱਧੇ ਤੌਰ ਤੇ ਦੇਣ ਦੇ ਹੱਕ ਵਿਚ ਹਾਂ ਜਿਸਦਾ ਉਚੇਚਾ ਪ੍ਰਬੰਧ ਕੀਤਾ ਜਾਵੇਗਾ । ਜੋ ਜਥੇਦਾਰ ਸਾਹਿਬਾਨ ਸਿਆਸੀ ਆਗੂਆ ਦੇ ਪ੍ਰਭਾਵ ਨੂੰ ਕਬੂਲਕੇ ਫੈਸਲੇ ਕਰਦੇ ਆ ਰਹੇ ਹਨ ਜਿਵੇ ਸਿਰਸੇਵਾਲੇ ਬਲਾਤਕਾਰੀ ਤੇ ਕਾਤਲ ਸਾਧ ਦੀ ਮੁਆਫ਼ੀ ਦੇ ਸੰਬੰਧ ਵਿਚ ਹੋਇਆ ਹੈ, ਅਜਿਹੇ ਮਹੱਤਵਪੂਰਨ ਫੈਸਲਿਆ ਨੂੰ ਵੀ ਸਿੱਖ ਕੌਮ ਦੀ ਵੋਟ ਸ਼ਕਤੀ ਦੀ ਰਾਏ ਅਨੁਸਾਰ ਪ੍ਰਬੰਧ ਕਰਾਂਗੇ । ਜੋ ਵਿਦਵਾਨ ਜਾਂ ਸਮੂਹਿਕ ਤੌਰ ਤੇ ਕੁਝ ਸੂਝਵਾਨ ਕਿਸੇ ਚੰਗੇ ਉਦਮ ਲਈ ਐਸ.ਜੀ.ਪੀ.ਸੀ. ਦੇ ਹਾਊਂਸ ਵਿਚ ਲਿਖਤੀ ਮਤਾ ਰੱਖਣਾ ਚਾਹੁੰਣ ਉਸਦਾ ਜਮਹੂਰੀਅਤ ਲੀਹਾਂ ਤੇ ਪ੍ਰਬੰਧ ਹੋਵੇਗਾ । ਧਰਮ ਪ੍ਰਚਾਰ ਨੂੰ ਕੌਮਾਂਤਰੀ ਪੱਧਰ ਤੇ ਪ੍ਰਚੰਡ ਕਰਨ ਲਈ ਸਿੰਘ ਸਭਾ ਲਹਿਰ ਨੂੰ ਮੁੜ ਜੀਵਤ ਕਰਕੇ, ਖ਼ਾਲਸਾ ਅਖਬਾਰ, ਕੌਮੀ ਚੈਨਲ ਅਤੇ ਸੋLਸ਼ਲ ਮੀਡੀਏ, ਇਟਰਨੈਟ, ਬਿਜਲਈ ਮੀਡੀਏ ਦੀ ਪੂਰਨ ਵਰਤੋ ਕੀਤੀ ਜਾਵੇਗੀ । ਐਸ.ਜੀ.ਪੀ.ਸੀ ਦੀ ਆਮਦਨ ਤੇ ਖਰਚਿਆ ਸੰਬੰਧੀ ਪਾਰਦਰਸ਼ੀ ਢੰਗ ਨਾਲ ਸੰਗਤ ਦੀ ਦੇਖਰੇਖ ਵਿਚ ਲੇਖੇ-ਜੋਖੇ ਦਾ ਪ੍ਰਬੰਧ ਹੋਵੇਗਾ ।
ਐਸ.ਜੀ.ਪੀ.ਸੀ. ਦੀਆਂ ਵਿਦਿਅਕ ਸੰਸਥਾਵਾਂ ਵਿਚ ਧਰਮ ਪ੍ਰਚਾਰ ਸੰਬੰਧੀ ਮਾਹੌਲ ਪੈਦਾ ਕਰਨ, ਹਰ ਪਿੰਡ, ਨਗਰ ਵਿਚ ਸਿਮਰਨ, ਇਤਿਹਾਸ, ਵਿਗਿਆਨ, ਹਿਸਾਬ-ਕਿਤਾਬ, ਸਮਾਜਿਕ ਸਿੱਖਿਆ ਤੇ ਸਿਹਤ ਸੰਬੰਧੀ ਜਾਣਕਾਰੀ ਲਈ ਅੱਛੇ ਅਧਿਆਪਕ ਤੇ ਕੋਚ ਰੱਖਕੇ ਟੈਲੀਐਜੂਕੇਸਨ ਰਾਹੀ ਵਿਦਿਆ ਦਾ ਪ੍ਰਸਾਰ ਕੀਤਾ ਜਾਵੇਗਾ । ਟੈਲੀਮੈਡੀਸਨ ਦਾ ਗਿਆਨ ਰੱਖਣ ਵਾਲੇ ਖੋਜਕਾਰਾਂ ਨੂੰ ਹਸਪਤਾਲਾਂ ਵਿਚ ਤਾਇਨਾਤ ਕਰਕੇ ਨਿਵਾਸੀਆ ਦੀ ਸਿਹਤ ਠੀਕ ਰੱਖਣ ਲਈ ਉਦਮ ਕੀਤੇ ਜਾਣਗੇ । ਹਰ ਗੁਰੂਘਰ ਵਿਚ ਸ੍ਰੀ ਗੁਰੂ ਅੰਗਦ ਸਾਹਿਬ ਦੇ ਫਲਸਫੇ ਅਨੁਸਾਰ ਫਿਜੀਓਥ੍ਰੈਪੀ, ਜਿੰਮ, ਗੱਤਕਾ, ਮਾਰਸਲ ਆਰਟ ਦੀ ਮੁਹਾਰਤ ਪ੍ਰਦਾਨ ਕਰਨ ਲਈ ਪ੍ਰਬੰਧ ਕੀਤੇ ਜਾਣਗੇ । ਲੋੜਵੰਦਾਂ, ਮਜਲੂਮਾਂ, ਗਰੀਬਾਂ ਨੂੰ ਬਿਨ੍ਹਾਂ ਲਾਭ-ਹਾਨ ਤੋਂ ਲੋੜੀਦੀਆਂ ਵਸਤਾਂ ਘੱਟ ਤੋ ਘੱਟ ਕੀਮਤਾਂ ਤੇ ਪ੍ਰਦਾਨ ਕਰਨ ਅਤੇ ਮਿਡ ਡੇ ਮੀਲ ਦਾ ਬੱਚਿਆਂ ਤੇ ਗਰਭਵਤੀ ਬੀਬੀਆ ਲਈ ਉਚੇਚੇ ਪ੍ਰਬੰਧ ਕੀਤੇ ਜਾਣਗੇ । ਸੁੱਧ ਬਾਣੀ, ਕੀਰਤਨ, ਢਾਡੀ ਦਰਬਾਰ ਅਤੇ ਪ੍ਰਚਾਰਕਾਂ ਰਾਹੀ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਨੂੰ ਪੂਰਨ ਕਰਾਂਗੇ । ਬੀਤੇ ਸਮੇ ਦੇ ਘੱਲੂਘਾਰਿਆ, ਸਿੱਖ ਕਤਲੇਆਮ, ਸ਼ਹੀਦਾਂ ਦੀਆਂ ਯਾਦਗਰਾਂ ਨੂੰ ਕਾਇਮ ਕਰਕੇ ਇਤਿਹਾਸ ਨੂੰ ਜਿਊਂਦਾ ਰੱਖਣ ਦੀ ਜ਼ਿੰਮੇਵਾਰੀ ਹੋਵੇਗੀ । ਜਿਸ ਤਰ੍ਹਾਂ ਯਹੂਦੀਆ ਨੇ ਜਰਮਨ-ਨਾਜੀਆ ਦੇ ਹੋਏ ਜ਼ਬਰ-ਜੁਲਮ ਦੇ ਦੋਸ਼ੀਆ ਨੂੰ ਕੌਮਾਂਤਰੀ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜਾਵਾਂ ਦਾ ਪ੍ਰਬੰਧ ਕੀਤਾ ਸੀ, ਉਸੇ ਤਰ੍ਹਾਂ ਸਿੱਖ ਕਤਲੇਆਮ ਕਰਨ ਵਾਲਿਆ ਨੂੰ ਐਸ.ਜੀ.ਪੀ.ਸੀ. ਦੇ ਸਾਧਨਾਂ ਦੀ ਸਹੀ ਵਰਤੋ ਕਰਕੇ ਸਜਾਵਾਂ ਦਿਵਾਉਣ ਅਤੇ ਆਪਣੇ ਹੱਕ-ਹਕੂਕਾ ਪ੍ਰਤੀ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਨਿਭਾਈ ਜਾਵੇਗੀ ।
ਸ. ਇਮਾਨ ਸਿੰਘ ਮਾਨ ਨੇ ਉਚੇਚੇ ਤੌਰ ਤੇ ਇਸ ਗੱਲ ਦਾ ਵਰਣਨ ਕੀਤਾ ਕਿ ਸਭ ਉਦਮ ਕਰਦੇ ਹੋਏ ਗੁਰੂ ਦੀ ਗੋਲਕ, ਗਰੀਬ ਦਾ ਮੂੰਹ ਦੀ ਮਨੁੱਖਤਾ ਪੱਖੀ ਸੋਚ ਨੂੰ ਮੁੱਖ ਰੱਖਕੇ ਅਜਿਹੇ ਉਦਮ ਕੀਤੇ ਜਾਣਗੇ ।