ਸੀਓਲ – ਦੱਖਣੀ ਕੋਰੀਆ ਦੇ ਸੀਓਲ ਵਿੱਚ ਇੱਕ ਹੈਲੋਵੀਨ ਪਾਰਟੀ ਦੌਰਾਨ ਲੋਕਾਂ ਵਿੱਚ ਹਫੜਾ-ਦਫੜੀ ਮੱਚਣ ਕਰ ਕੇ ਮਰਨ ਵਾਲਿਆਂ ਦੀ ਸੰਖਿਆ 151 ਤੱਕ ਪੁੁੰਚ ਗਈ।ਹੈ ਅਤੇ 150 ਤੋਂ ਵੱਧ ਲੋਕ ਜਖਮੀ ਹੋ ਗਏ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਤਸਵ ਵਾਲੇ ਸਥਾਨ ਦੇ ਨਜ਼ਦੀਕ ਇੱਕ ਤੰਗ ਗਲੀ ਵਿੱਚ ਭਾਰੀ ਭੀੜ ਜਮ੍ਹਾਂ ਹੋ ਗਈ ਜੋ ਕਿ ਕੰਟਰੋਲ ਤੋਂ ਬਾਹਰ ਹੋ ਗਈ। ਇਸ ਤਿਉਹਾਰ ਨੂੰ ਮਨਾਉਣ ਲਈ ਇੱਕ ਲੱਖ ਤੋਂ ਵੱਧ ਲੋਕਾਂ ਦਾ ਇੱਕਠ ਸੀ। ਜਿਆਦਾਤਰ ਲੋਕਾਂ ਦੀ ਮੌਤ ਹਾਰਟ ਅਟੈਕ ਨਾਲ ਹੋ ਗਈ।
ਦੱਖਣੀ ਕੋਰੀਆ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਭਗਦੜ ਦੀ ਇਹ ਸੱਭ ਤੋਂ ਵੱਡੀ ਘਟਨਾ ਹੈ। ਅਮਰੀਕਾ ਨੇ ਇਸ ਔਖੇ ਸਮੇਂ ਦੱਖਣੀ ਕੋਰੀਆ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿਵਾਇਆ ਹੈ। ਅਸਲ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਪਿੱਛਲੇ ਸਾਲਾਂ ਵਿੱਚ ਹੈਲੋਵੀਨ ਉਤਸਵ ਦਾ ਆਯੋਜਨ ਨਹੀਂ ਸੀ ਹੋ ਸਕਿਆ। ਇਸ ਵਾਰ ਸਥਿਤੀ ਕੁਝ ਬੇਹਤਰ ਹੋਣ ਕਰਕੇ ਸਰਕਾਰ ਨੇ ਇਸ ਨੂੰ ਮਨਾਉਣ ਦੀ ਪ੍ਰਵਾਨਗੀ ਦੇ ਦਿੱਤੀ ਸੀ। ਸਥਾਨਕ ਲੋਕਾਂ ਅਨੁਸਾਰ ਇਹ ਭੱਜਦੌੜ ਉਸ ਸਮੇਂ ਸ਼ੁਰੂ ਹੋਈ ਜਦੋਂ ਉਥੇ ਕਿਸੇ ਵੱਡੀ ਹਸਤੀ ਦੇ ਆਉਣ ਦਾ ਪਤਾ ਚਲਿਆ।
ਸਥਾਨਕ ਅਧਿਕਾਰੀਆਂ ਅਨੁਸਾਰ ਮਰਨ ਵਾਲਿਆਂ ਦੀ ਸੰਖਿਆ ਹੋਰ ਵੀ ਵੱਧ ਸਕਦੀ ਹੈ ਕਿਉਂਕਿ ਬਹੁਤ ਸਾਰੇ ਜਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।ਮਰਨ ਵਾਲਿਆਂ ਵਿੱਚ ਜਿਆਦਾਤਰ ਲੋਕਾਂ ਦੀ ਉਮਰ 20 ਤੋਂ 30 ਸਾਲ ਦੇ ਵਿੱਚ ਹੈ। ਅੱਖੀਂ ਵੇਖਣ ਵਾਲਿਆਂ ਦਾ ਕਹਿਣਾ ਹੈ ਕਿ ਪੁਲਿਸ ਭੀੜ ਨੂੰ ਕੰਟਰੋਲ ਕਰਨ ਵਿੱਚ ਅਸਫਲ ਰਹੀ ਹੈ।