ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਸਾਹਿਤ ਤੇ ਚਿੱਤਰਾਂ ਦੀ ਪ੍ਰਦਰਸ਼ਨੀ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਰੋਵਰ ਦੇ ਕੰਢੇ ’ਤੇ ਆਰੰਭ ਕੀਤੀ ਗਈ ਹੈ। ਇਹ ਪ੍ਰਦਰਸ਼ਨੀ 16 ਨਵੰਬਰ ਤੱਕ ਜਾਰੀ ਰਹੇਗੀ ਤੇ ਸੰਗਤਾਂ ਸਵੇਰੇ 9.00 ਵਜੇ ਤੋਂ ਰਾਤ 9.00 ਵਜੇ ਇਥੇ ਚਿੱਤਰਾਂ ਦੇ ਦਰਸ਼ਨ ਕਰ ਸਕਣਗੀਆਂ ਤੇ ਸਾਹਿਤ ਖਰੀਦ ਸਕਣਗੀਆਂ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਹਰ ਸਾਲ ਗੁਰਪੁਰਬ ਦੇ ਮੌਕੇ ’ਤੇ ਇਹ ਸਿੱਖ ਸਾਹਿਤ ਤੇ ਚਿੱਤਰ ਪ੍ਰਦਰਸ਼ਨੀ ਲਗਾਈ ਜਾਂਦੀ ਹੈ। ਇਸ ਵਿਚ ਗੁਰੂ ਨਾਨਕ ਦੇਵ ਜੀ ਦੇ ਸਮੁੱਚੇ ਜੀਵਨ ਕਾਲ ਨਾਲ ਸਬੰਧਤ ਚਿੱਤਰ ਪ੍ਰਦਰਸ਼ਤ ਕੀਤੇ ਗਏ ਹਨ ਜਿਹਨਾਂ ਵਿਚ ਉਹਨਾਂ ਦੀਆਂ ਚਾਰ ਉਦਾਸੀਆਂ, ਉਹਨਾਂ ਸਬੰਧੀ ਸਾਖੀਆਂ ਤੇ ਕਰਤਾਰਪੁਰ ਸਾਹਿਬ ਵਿਚ ਉਹਨਾਂ ਵੱਲੋਂ ਖੇਤੀ ਕਰਨ ਸਮੇਤ ਜੀਵਨ ਦੇ ਵੱਖ ਵੱਖ ਪਹਿਲੂਆਂ ਬਾਰੇ ਚਿੱਤਰ ਪ੍ਰਦਰਸ਼ਤ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਇਹਨਾਂ ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਵੱਲੋਂ ਪ੍ਰਕਾਸ਼ਤ ਸਾਹਿਤ ਇਸ ਪ੍ਰਦਰਸ਼ਨੀ ਵਿਚ ਲਗਾਏ ਗਏ ਹਨ ਜਿਹਨਾਂ ਨੂੰ ਖਰੀਦ ਕੇ ਸੰਗਤਾਂ ਆਪਣੇ ਸਿੱਖ ਇਤਿਹਾਸ, ਆਪਣੇ ਗੁਰੂਆਂ ਪੀਰਾਂ, ਪਰੰਪਰਾਵਾਂ ਤੇ ਸਮੁੱਚੇ ਪਿਛੋਕੜ ਸਬੰਧੀ ਸਾਹਿਤ ਪੜ੍ਹ ਕੇ ਹੀ ਜਾਣਕਾਰੀ ਲੈ ਸਕਦੀਆਂ ਹਨ।ਉਹਨਾਂ ਕਿਹਾ ਕਿ ਇਥੇ ਆ ਕੇ ਜਿਥੇ ਸੰਗਤਾਂ ਬਾਲਾ ਪ੍ਰੀਤਮ ਜੀ ਦਾ ਆਸ਼ੀਰਵਾਦ ਲੈ ਸਕਦੀਆਂ ਹਨ, ਉਥੇ ਹੀ ਸਾਹਿਤ ਲੈ ਕੇ ਗਿਆਨ ਪ੍ਰਾਪਤ ਕਰ ਸਕਦੀਆਂ ਹਨ।
ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਸਮੁੱਚੀ ਟੀਮ ਵੱਲੋਂ ਹਮੇਸ਼ਾ ਹੀ ਪੰਥ ਦੀ ਚੜ੍ਹਦੀਕਲਾ ਲਈ ਕੰਮ ਕੀਤਾ ਜਾ ਰਿਹਾ ਹੈ।
ਉਹਨਾਂ ਇਹ ਵੀ ਦੱਸਿਆ ਕਿ 5 ਨਵੰਬਰ ਨੂੰ 11.00 ਵਜੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਜੋੜਾ ਘਰ ਤੇ ਕੜਾਹ ਪ੍ਰਸਾਦ ਲਈ ਨਵੀਂ ਇਮਾਰਤ ਬਣਾਈ ਬਾਬਾ ਬੱਚਨ ਸਿੰਘ ਵੱਲੋਂ ਅਰਦਾਸ ਕਰ ਕੇ ਸੰਗਤਾਂ ਨੂੰ ਸਮਰਪਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ 7 ਨਵੰਬਰ ਨੂੰ ਸਵੇਰੇ 9.00 ਵਜੇ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸ਼ੁਰੂ ਹੋਵੇਗਾ ਜੋ ਸ਼ਾਮ ਨੂੰ ਗੁਰਦੁਆਰਾ ਨਾਨਕ ਪਿਆਊ ਵਿਖੇ ਸਮਾਪਤ ਹੋਵੇਗਾ। ਉਹਨਾਂ ਨੇ ਸੰਗਤਾਂ ਨੂੰ ਇਹਨਾਂ ਦੋਵੇਂ ਪ੍ਰੋਗਰਾਮਾਂ ਵਿਚ ਵੀ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।