ਮੇਰੇ ਗੁਰਾਂ ਦੀ ਉੱਚੀ ਬਾਣੀ ਦੀ
ਮੇਰੇ ਗੁਰਾਂ ਦੀ ਸੁੱਚੀ ਬਾਣੀ ਦੀ
ਹੁੰਦੀ ਬੇ-ਅਦਬੀ ਉਦੋਂ ਵੀ
ਵਿਚ ਤਾਬੇ ਜਦੋਂ ਲੱਥਦੀਆਂ
ਗੁਰ ਸਾਜੀਆਂ ਦਸਤਾਰਾਂ
ਲਹਿਰਦੀਆਂ ਨੇ ਤਲਵਾਰਾਂ
ਹੁੰਦੀ ਬੇ-ਅਦਬੀ ਉਦੋਂ ਵੀ
ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ
ਤੋਂ ਬੇਮੁਖ ਹੋ ਅਸੀਂ
ਜਦੋਂ ਕਰਦੇ ਹਾਂ ਪ੍ਰਦੂਸਿ਼ਤ
ਆਲਾ ਦੁਆਲਾ, ਦਰਿਆ ਅਤੇ ਨਦੀਆਂ
ਹੁੰਦੀ ਬੇ-ਅਦਬੀ ਉਦੋਂ ਵੀ
ਜਦ ਉਸਰਦੇ ਨੇ ਗੁਰਦੁਆਰੇ ਦੋ
ਇਕ ਚੜ੍ਹਦੇ ਵੱਲ, ਇਕ ਛਿੱਪਦੇ ਵੱਲ
ਵਿਸਾਰ ਕੇ ਮਨੋ
ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ
ਹੁੰਦੀ ਬੇ-ਅਦਬੀ ਉਦੋਂ ਵੀ
ਜਦੋਂ ਤਿਆਗ ਖ਼ਾਲਸਾਈ ਰੂਪ
ਕਰਦੇ ਹਾਂ ਨਿਰਖ-ਪਰਖ
ਜਾਤਾਂ ਅਤੇ ਗੋਤਾਂ ਨਾਲ
ਅੱਖੋਂ ਪਰੋਖੇ ਕਰ
ਅਵਲਿ ਅਲਹ ਨੂਰੁ ਉਪਾਇਆ
ਕੁਦਰਤਿ ਕੇ ਸਭ ਬੰਦੇ
ਹੁੰਦੀ ਬੇ-ਅਦਬੀ ਉਦੋਂ ਵੀ
ਜਦੋਂ ਦਰਸ਼ਨ-ਦੀਦਾਰਾਂ ਲਈ
ਬੰਨ੍ਹਦੇ ਹਾਂ ਕਤਾਰਾਂ ਦੋ
ਇਕ ਆਮ ਲਈ, ਇਕ ਖ਼ਾਸ ਲਈ
ਹੁੰਦੀ ਬੇ-ਅਦਬੀ ਉਦੋਂ ਵੀ
ਮਿਹਨਤਕਸ਼ ਦਾ ਨਿਚੋੜਦੇ ਹਾਂ ਰੱਤ
ਭਰਦੇ ਹਾਂ ਤਿਜੋਰੀਆਂ
ਉੱਕਾ ਹੀ ਭੁੱਲ ਜਾਂਦੇ ਹਾਂ ਅਸੀਂ
ਬਾਬੇ ਨਾਨਕ ਦਾ ਉਪਦੇਸ਼
ਕਿਰਤ ਕਰੋ, ਵੰਡ ਛਕੋ, ਨਾਮ ਜਪੋ
ਹੁੰਦੀ ਬੇ-ਅਦਬੀ ਉਦੋਂ ਵੀ
ਮੇਰੇ ਗੁਰਾਂ ਦੀ ਉੱਚੀ ਬਾਣੀ ਦੀ
ਮੇਰੇ ਗੁਰਾਂ ਦੀ ਸੁੱਚੀ ਬਾਣੀ ਦੀ।