ਫ਼ਤਹਿਗੜ੍ਹ ਸਾਹਿਬ – “ਜੋ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਸ. ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜੋ ਐਸ.ਜੀ.ਪੀ.ਸੀ. ਦੇ ਮੈਬਰਾਂ ਦੇ ਇਕੱਠ ਵਿਚ ਐਸ.ਜੀ.ਪੀ.ਸੀ ਪ੍ਰਧਾਨ ਦੀ ਚੋਣ ਦਾ ਡਰਾਮਾ ਕੀਤਾ ਗਿਆ ਹੈ, ਇਹ ਅਸਲੀਅਤ ਵਿਚ ਜਮਹੂਰੀਅਤ ਕਦਰਾਂ-ਕੀਮਤਾਂ ਦਾ ਘਾਣ ਕਰਕੇ ਸਾਡੀ ਇਸ ਧਾਰਮਿਕ ਸੰਸਥਾਂ ਉਤੇ ਇਹ ਲੋਕ ਡਾਕੂ-ਲੁਟੇਰਾ ਬਿਰਤੀ ਵਾਲੇ ਬਾਦਲ ਪਰਿਵਾਰ ਦੀ ਜੀ-ਹਜੂਰੀ ਕਰਨ ਵਾਲੇ ਲੋਕਾਂ ਦਾ ਕਬਜਾ ਕਰਵਾਇਆ ਗਿਆ ਹੈ । ਇਸ ਨੂੰ ਕਿਸੇ ਤਰ੍ਹਾਂ ਵੀ ਜਮਹੂਰੀਅਤ ਚੋਣ ਦਾ ਨਾਮ ਨਹੀ ਦਿੱਤਾ ਜਾ ਸਕਦਾ । ਭਾਵੇਕਿ ਬਾਦਲ ਪਰਿਵਾਰ ਦੇ ਉਮੀਦਵਾਰ ਦੇ ਵਿਰੁੱਧ ਦੂਸਰੇ ਉਮੀਦਵਾਰ ਵੀ ਕਿਉਂ ਨਾ ਖੜ੍ਹਾ ਕੀਤਾ ਗਿਆ ਹੋਵੇ । ਕਿਉਂਕਿ ਇਨ੍ਹਾਂ ਲੋਕਾਂ ਦੀ ਹਾਜ਼ਰੀ ਵਿਚ ਹੀ ਬੀਤੇ 2015 ਤੋਂ ਅਨੇਕਾ ਵਾਰ ਵੱਖ-ਵੱਖ ਸਥਾਨਾਂ ਉਤੇ ਗੁਰੂ ਸਾਹਿਬਾਨ ਦੀਆਂ ਸਾਜਸੀ ਢੰਗਾਂ ਨਾਲ ਬੇਅਦਬੀਆਂ ਹੁੰਦੀਆ ਆ ਰਹੀਆ ਹਨ । ਸਿਰਸੇਵਾਲੇ ਕਾਤਲ ਸਾਧ ਜਿਸਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਕੇ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਈ, ਉਸਨੂੰ ਇਨ੍ਹਾਂ ਕਾਬਜ ਬਾਦਲ ਦਲੀਆ ਨੇ ਗੈਰ ਸਿਧਾਤਿਕ ਤਰੀਕੇ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾਂ ਤੋਂ ਮੁਆਫ਼ੀ ਹੀ ਨਹੀ ਕਰਵਾਇਆ ਬਲਕਿ ਇਸ ਦਿੱਤੀ ਗਈ ਖ਼ਾਲਸਾ ਪੰਥ ਵਿਰੋਧੀ ਮੁਆਫ਼ੀ ਨੂੰ ਸਹੀ ਦਰਸਾਉਣ ਲਈ ਇਸਦੇ ਖਜਾਨੇ ਵਿਚੋ 92 ਲੱਖ ਰੁਪਏ ਦੀ ਵੱਡੀ ਰਕਮ ਖਰਚਕੇ ਇਸਤਿਹਾਰਬਾਜੀ ਵੀ ਕੀਤੀ ਗਈ । ਜਿਸ ਲਈ ਇਹ ਸਮੁੱਚਾ ਬਾਦਲ ਪਰਿਵਾਰ ਜੋ ਲੰਮੇ ਸਮੇ ਤੋ ਹਿੰਦੂਤਵ ਸੋਚ ਵਾਲਿਆ ਦਾ ਗੁਲਾਮ ਬਣਕੇ ਪੰਥ ਵਿਰੋਧੀ ਕਾਰਵਾਈਆ ਕਰਦਾ ਆ ਰਿਹਾ ਹੈ, ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ।”
ਇਹ ਵਿਚਾਰ ਅੱਜ ਇਥੇ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਦੁਆਰਾ ਐਕਟ ਦੇ 87 ਅਧੀਨ ਆਉਦੇ ਗੁਰੂਘਰਾਂ ਦੀਆਂ ਕਮੇਟੀਆ ਦੀ ਬੀਤੇ 17 ਸਾਲਾਂ ਤੋ ਚੋਣਾਂ ਨਾ ਕਰਵਾਉਣ ਦੀ ਗੱਲ ਅਤੇ ਜਮਹੂਰੀਅਤ ਦਾ ਕਤਲ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਵੀ ਐਸ.ਜੀ.ਪੀ.ਸੀ. ਅਧੀਨ ਵਿਦਿਅਕ ਅਤੇ ਸਿਹਤਕ ਅਦਾਰੇ ਆਉਦੇ ਹਨ ਉਨ੍ਹਾਂ ਦੇ ਨਿੱਜੀ ਟਰੱਸਟ ਬਣਾਕੇ ਇਨ੍ਹਾਂ ਵੱਲੋ ਲੰਮੇ ਸਮੇ ਤੋ ਕੌਮ ਦੇ ਕਰੋੜਾਂ-ਅਰਬਾਂ ਰੁਪਏ ਦੀਆਂ ਜਾਇਦਾਦਾਂ ਲੁੱਟੀਆ ਜਾਂਦੀਆ ਆ ਰਹੀਆ ਹਨ । ਇਨ੍ਹਾਂ ਵਿਦਿਅਕ ਅਦਾਰਿਆ ਵਿਚ ਇਨ੍ਹਾਂ ਧਨਾਢਾਂ ਤੇ ਜਗੀਰਦਾਰਾਂ ਦੇ ਬੱਚੇ ਮੁਫਤ ਵਿਦਿਆ ਹਾਸਿਲ ਕਰਦੇ ਹਨ ਜਦੋਕਿ ਗਰੀਬ ਬੱਚਿਆਂ ਦੀ ਕੋਈ ਸਾਰ ਨਹੀ ਲਈ ਜਾ ਰਹੀ । ਦੂਸਰਾ ਗੁਰੂਘਰਾਂ ਦੇ ਸਮੁੱਚੇ ਸਾਧਨਾਂ, ਗੋਲਕਾਂ, ਵਹੀਕਲਜ, ਅਮਲਾ-ਫੈਲਾ ਅਤੇ ਇਸਦੇ ਖਜਾਨੇ ਦੀ ਇਹ ਬਾਦਲ ਪਰਿਵਾਰ ਆਪਣੇ ਸਿਆਸੀ ਤੇ ਮਾਲੀ ਮਕਸਦਾਂ ਰਾਹੀ ਬੀਤੇ ਲੰਮੇ ਸਮੇ ਤੋ ਦੁਰਵਰਤੋ ਕਰਦੇ ਆ ਰਹੇ ਹਨ । ਇੰਡੀਆ ਦੀਆਂ ਪਹਿਲੀਆ ਸਰਕਾਰਾਂ ਅਤੇ ਮੌਜੂਦਾ ਬੀਜੇਪੀ-ਆਰ.ਐਸ.ਐਸ. ਸਰਕਾਰ, ਗ੍ਰਹਿ ਵਿਭਾਗ ਵੱਲੋ ਸਾਡੀ ਇਸ ਜਮਹੂਰੀ ਸੰਸਥਾਂ ਦੀ ਬੀਤੇ 11 ਸਾਲਾਂ ਤੋ ਜਰਨਲ ਚੋਣਾਂ ਨੂੰ ਜ਼ਬਰੀ ਰੋਕਿਆ ਹੋਇਆ ਹੈ । ਤਾਂ ਕਿ ਇਹ ਹਿੰਦੂਤਵ ਹੁਕਮਰਾਨ ਸਾਡੇ ਗੁਰੂਘਰਾਂ ਅਤੇ ਆਪਣੇ ਗੁਲਾਮਾਂ ਦੀ ਦੁਰਵਰਤੋ ਕਰਕੇ ਇਕ ਤਾਂ ਇਨ੍ਹਾਂ ਦੀ ਸਿੱਖ ਵਿਰੋਧੀ ਅਮਲਾਂ ਨੂੰ ਪੂਰਨ ਕਰ ਸਕਣ, ਦੂਸਰਾ ਸਿੱਖ ਕੌਮ ਵਿਚ 2 ਧੜੇ ਖੜ੍ਹੇ ਕਰਕੇ ਸਿੱਖਾਂ ਵਿਚ ਖਾਨਾਜੰਗੀ ਕਰਵਾਉਣ ਦੇ ਮਕਸਦਾਂ ਦੀ ਪੂਰਤੀ ਕਰ ਸਕਣ ।
ਅਸੀ 15 ਸਤੰਬਰ ਨੂੰ ਇਸ ਜਮਹੂਰੀਅਤ ਦੇ ਹੋ ਰਹੇ ਕਤਲ ਅਤੇ ਸਾਡੀ ਧਾਰਮਿਕ ਸੰਸਥਾਂ ਵਿਚ ਹਿੰਦੂਤਵ ਹੁਕਮਰਾਨਾਂ ਦੀਆਂ ਮੰਦਭਾਵਨਾਵਾਂ ਨੂੰ ਮੁੱਖ ਰੱਖਕੇ ਹੋ ਰਹੀਆ ਵੱਡੀਆ ਗੈਰ ਨਿਯਮੀਆ ਦੇ ਸੰਬੰਧ ਵਿਚ ਯੂਨਾਈਟਿਡ ਨੇਸਨ ਨੂੰ ਜਾਣਕਾਰੀ ਦਿੰਦੇ ਹੋਏ ਪੱਤਰ ਲਿਖਿਆ ਸੀ । ਜਿਸ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਦੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘੋਰ ਉਲੰਘਣ ਦੀ ਜਾਣਕਾਰੀ ਵੀ ਦਿੱਤੀ ਗਈ ਸੀ । ਹੁਣ ਵੀ ਜੋ ਜਮਹੂਰੀਅਤ ਮੁਲਕਾਂ ਦੀ ਇਕੱਤਰਤਾ ਹੋ ਰਹੀ ਹੈ, ਉਸ ਵਿਚ ਹਿੰਦੂਤਵ ਹੁਕਮਰਾਨਾਂ ਨੇ ਆਪਣੀ ਬਹੁਗਿਣਤੀ ਮੁਤੱਸਵੀ ਕੱਟੜਵਾਦੀ ਸੋਚ ਦੇ ਮਾਲਕ 5 ਮੈਬਰਾਂ ਨੂੰ ਭੇਜਿਆ ਹੈ । ਜਿਨ੍ਹਾਂ ਨੇ ਉਥੇ ਇੰਡੀਆ ਵਿਚ ਵਿਚਰਣ ਵਾਲੀਆ ਘੱਟ ਗਿਣਤੀ ਕੌਮਾਂ ਵਿਸੇLਸ਼ ਤੌਰ ਤੇ ਸਿੱਖ ਅਤੇ ਮੁਸਲਿਮ ਕੌਮ ਨਾਲ ਹੋ ਰਹੇ ਹਕੂਮਤੀ ਜ਼ਬਰ ਸੰਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀ ਦੇਣੀ ਬਲਕਿ ਇੰਡੀਆ ਦੇ ਹੁਕਮਰਾਨਾਂ ਦੁਆਰਾ ਦਿੱਤੇ ਗਏ ਆਦੇਸ਼ਾਂ ਅਨੁਸਾਰ ਉਥੇ ਇੰਡੀਆ ਦੇ ਹੁਕਮਰਾਨਾਂ ਦੇ ਅਤੇ ਜਮਹੂਰੀਅਤ ਦੇ ਝੂਠੇ ਸੋਹਲੇ ਗਾਏ ਜਾਣਗੇ ਜੋ ਕਿ ਇਨ੍ਹਾਂ ਮੁਲਕਾਂ ਨੂੰ ਵੀ ਇੰਡੀਆ ਦੀ ਜਮਹੂਰੀਅਤ ਕਦਰਾਂ-ਕੀਮਤਾਂ ਦੇ ਖਤਮ ਹੋਣ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਪਰਦਾ ਪਾਇਆ ਜਾਵੇਗਾ । ਅਸੀ ਇਨ੍ਹਾਂ ਮੁਲਕਾਂ ਨੂੰ ਹੁਣ ਫਿਰ ਪੱਤਰ ਲਿਖ ਰਹੇ ਹਾਂ ਜਿਸ ਵਿਚ ਇੰਡੀਅਨ ਹੁਕਮਰਾਨਾਂ ਦੇ ਜ਼ਬਰ-ਜੁਲਮਾਂ, ਸਾਡੀ ਜਮਹੂਰੀਅਤ ਦੇ ਕੀਤੇ ਜਾ ਰਹੇ ਘਾਣ, ਮਨੁੱਖੀ ਅਧਿਕਾਰਾਂ ਦੇ ਕੱਢੇ ਜਾ ਰਹੇ ਜਨਾਜ਼ੇ ਸੰਬੰਧੀ ਜਾਣੂ ਕਰਵਾਇਆ ਜਾਵੇਗਾ । ਕਿਉਂਕਿ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ. ਇੰਡੀਅਨ ਪਾਰਲੀਮੈਟ ਤੋ ਪਹਿਲੇ 1925 ਵਿਚ ਹੋਦ ਵਿਚ ਆਈ ਸੀ । 1947 ਤੋਂ ਲੈਕੇ ਹੁਣ ਤੱਕ ਇੰਡੀਅਨ ਪਾਰਲੀਮੈਟ ਦੀ 17 ਵਾਰ ਚੋਣ ਹੋ ਚੁੱਕੀ ਹੈ ਜਦੋਕਿ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ. ਜਿਸਦਾ ਕਾਨੂੰਨੀ ਸਮਾਂ ਇੰਡੀਅਨ ਪਾਰਲੀਮੈਟ ਦੇ ਬਰਾਬਰ 5 ਸਾਲ ਹੀ ਹੈ, ਉਸਦੀ ਕੇਵਲ ਹੁਣ ਤੱਕ 8 ਵਾਰੀ ਚੋਣ ਹੋਈ ਹੈ । ਕਹਿਣ ਤੋ ਭਾਵ ਹੈ 9 ਵਾਰ ਹੁਕਮਰਾਨਾਂ ਨੇ ਸਿੱਖ ਕੌਮ ਦੇ ਜਮਹੂਰੀਅਤ ਹੱਕਾਂ ਦਾ ਕਤਲ ਕੀਤਾ ਹੈ । ਹੁਣ ਵੀ ਬੀਤੇ 11 ਸਾਲਾਂ ਤੋ ਐਸ.ਜੀ.ਪੀ.ਸੀ. ਦੀ ਚੋਣ ਨਹੀ ਕਰਵਾਈ ਜਾ ਰਹੀ ਅਤੇ ਨਾ ਹੀ ਗੁਰਦੁਆਰਾ ਐਕਟ ਦੀ ਧਾਰਾ 87 ਅਧੀਨ ਆਉਦੇ ਸੈਕੜੇ ਹੀ ਗੁਰੂਘਰਾਂ ਦੇ ਪ੍ਰਬੰਧਕ ਕਮੇਟੀਆ ਦੀ ਚੋਣ ਕਰਵਾਈ ਜਾ ਰਹੀ ਹੈ । ਇਸ ਸੰਬੰਧੀ ਅਸੀ ਆਪਣੇ ਵਿਧਾਨਿਕ ਹੱਕ-ਹਕੂਕਾ ਦੀ ਰੱਖਿਆ ਲਈ ਅਤੇ ਜਮਹੂਰੀਅਤ ਦੀ ਬਹਾਲੀ ਲਈ 26 ਜਨਵਰੀ 2023 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਕ ਵੱਡਾ ਪੰਥਕ ਇਕੱਠ ਕਰਕੇ ਸਭ ਹਕੂਮਤੀ ਬੇਇਨਸਾਫੀਆਂ ਅਤੇ ਬਾਦਲ ਦਲੀਆ ਵੱਲੋ ਸਾਡੀ ਧਾਰਮਿਕ ਸੰਸਥਾਂ ਦੀ ਕੀਤੀ ਜਾ ਰਹੀ ਦੁਰਵਰਤੋ ਵਿਰੁੱਧ ਬਾਦਲੀਲ ਢੰਗ ਨਾਲ ਆਵਾਜ ਉਠਾਕੇ ਆਪਣੀ ਜਮਹੂਰੀਅਤ ਦੀ ਹਰ ਕੀਮਤ ਤੇ ਬਹਾਲੀ ਕਰਵਾਉਣ ਦੇ ਫਰਜ ਨਿਭਾਵਾਂਗੇ ਅਤੇ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਕਰਵਾਕੇ ਇਨ੍ਹਾਂ ਲੁਟੇਰਾ ਸੋਚ ਵਾਲੇ ਬਾਦਲ ਦਲੀਆ ਨੂੰ ਇਸ ਸੰਸਥਾਂ ਤੋ ਦੂਰ ਕਰਕੇ ਉੱਚੇ-ਸੁੱਚੇ ਇਖਲਾਕ ਵਾਲੇ ਸਿੱਖਾਂ ਦੇ ਪ੍ਰਬੰਧ ਹੇਠ ਇਸ ਧਾਰਮਿਕ ਸੰਸਥਾਂ ਨੂੰ ਕੌਮੀ ਦੀਆਂ ਭਾਵਨਾਵਾ ਅਨੁਸਾਰ ਚਲਾਵਾਂਗੇ । ਜਿਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਖ਼ਾਲਸਾ ਪੰਥ ਤੋ ਇਸ ਮਕਸਦ ਦੀ ਪ੍ਰਾਪਤੀ ਲਈ ਸਹਿਯੋਗ ਦੀ ਮੰਗ ਕਰਦਾ ਹੈ ।