ਸ਼ਾਮ ਦਾ ਵੇਲਾ ਸੀ। ਮੁਖਤਿਆਰ ਬਈਏ ਨਾਲ ਆਲੂਆਂ ਦੇ ਖੇਤ ਨੂੰ ਪਾਣੀ ਲਵਾ ਰਿਹਾ ਸੀ। ਕੋਲ ਹੀ ਵਿਕਰਮ ਟਰੈਕਟਰ ਨਾਲ ਖੇਤ ਵਾਹ ਰਿਹਾ ਸੀ। ਦੋ ਮੁੰਡੇ ਵਿਕਰਮ ਦੇ ਹਾਣ ਦੇ ਹੀ ਹੋਣਗੇ, ਖੇਤ ਦੇ ਬੰਨੇ ਤੇ ਵਿਕਰਮ ਨੂੰ ਟੈਕਟਰ ਬੰਦ ਕਰਨ ਦਾ ਇਸ਼ਾਰਾ ਦੇ ਰਹੇ ਸਨ। ਵਿਕਰਮ ਨੇ ਟੈਕਟਰ ਰੋਕਿਆ ਤਾਂ ਦੋਨੋ ਵਿਕਰਮ ਨੂੰ ਕੋਈ ਗੱਲ ਦਸ ਰਹੇ ਸਨ। ਉਹਨਾਂ ਵਿਚੋਂ ਇਕ ਉੱਚੀ ਉੱਚੀ ਹੱਸ ਵੀ ਰਿਹਾ ਸੀ। ਉਹਨਾਂ ਦੀ ਗੱਲ ਸੁਣ ਕੇ ਵਿਕਰਮ ਮੁਖਤਿਆਰ ਨੂੰ ਉੱਚੀ ਅਵਾਜ਼ ਵਿਚ ਕਹਿਣ ਲੱਗਾ, “ਡੈਡੀ, ਕਿਸੇ ਨੇ ਇੰਦਰਾਂ ਗਾਂਧੀ ਨੂੰ ਮਾਰ ਦਿੱਤਾ।”
ਮੁਖਤਿਆਰ ਕਹੀ ਉੱਥੇ ਹੀ ਰੱਖ ਕੇ ਛੇਤੀ ਹੀ ਉਹਨਾਂ ਵੱਲ ਨੂੰ ਦੋੜਿਆ ਆਇਆ ਤੇ ਆ ਕੇ ਕਹਿਣ ਲੱਗਾ, “ਕੀ ਕਿਹਾ ਤੂੰ, “ਕਿਸੇ ਨੇ ਇੰਦਰਾ ਗਾਂਧੀ ਮਾਰ ਦਿੱਤੀ।”
“ਹਾਂ ਜੀ, ਚਾਚਾ ਜੀ।” ਉਹਨਾਂ ਵਿਚੋਂ ਇਕ ਮੁੰਡਾ ਦੱਸਣ ਲੱਗਾ, “ਅਸੀ ਹੁਣੇ ਹੀ ਰੇਡੀਉ ਤੋ ਖਬਰ ਸੁਣ ਕੇ ਆਏ ਹਾਂ।”
“ਵਿਕਰਮ ਮਂੈ ਤੈਨੂੰ ਦੱਸਿਆ ਸੀ ਕਿ ਹੁਣ ਇੰਦਰਾ ਨੇ ਛੇ ਮਹੀਨੇ ਨਹੀ ਕੱਢਣੇ।” ਦੂਜੇ ਮੁੰਡੇ ਨੇ ਕਿਹਾ, “ਜਿਹਨਾਂ ਜਿਹਨਾਂ ਵੀ ਪਵਿਤਰ ਹਰਮਿੰਦਰ ਸਾਹਿਬ ਨੂੰ ਕੁਚਲਣ ਦੀ ਕੋੀਸ਼ਸ਼ ਕੀਤੀ, ਉਹ ਛੇ ਮਹੀਨਿਆਂ ਦੇ ਅੰਦਰ ਅੰਦਰ ਆਪ ਹੀ ਕੁਚਲੇ ਗਏ।”
“ਕਿਸ ਨੇ ਮਾਰਿਆ ਇੰਦਰਾਂ ਗਾਂਧੀ ਨੂੰ?” ਮੁਖਤਿਆਰ ਨੇ ਪੁੱਛਿਆ, “ਕੌਣ ਸਨ ਉਹ?”
“ਅਜੇ ਨਾਵਾਂ ਦਾ ਤਾਂ ਪਤਾ ਨਹੀ ਲੱਗਾ।” ਖਬਰ ਦੇਣ ਵਾਲੇ ਮੁੰਡੇ ਨੇ ਮੁਸਕ੍ਰਾਦਿਆਂ ਕਿਹਾ, “ਕੋਈ ਸਿੰਘ ਹੀ ਹੋਣਗੇ।”
“ਦੇਖ ਪੁੱਤਰ।” ਮੁਖਤਿਆਰ ਨੇ ਉਸ ਦਾ ਮੂੰਹ ਦੇਖ ਕੇ ਕਿਹਾ, “ਕਿਸੇ ਦੇ ਮਰੇ ਦੀ ਖੁਸ਼ੀ ਨਹੀਂ ਮਨਾਈਦੀ, ਭਾਵੇਂ ਉਹ ਦੁਸ਼ਮਣ ਹੀ ਕਿਉਂ ਨਾ ਹੋਵੇ।”
“ਗੱਲ ਤਾਂ ਤੁਹਾਡੀ ਠੀਕ ਹੈ, ਡੈਡੀ ਜੀ।” ਵਿਕਰਮ ਨੇ ਪੁਰਾਣੀ ਗੱਲ ਚੇਤੇ ਕਰਦੇ ਕਿਹਾ, “ਤਹਾਨੂੰ ਚੇਤਾ, ਜਦੋਂ ਸੰਤ ਭਿੰਡਰਾਂਵਾਲੇ ਸ਼ਹੀਦ ਹੋਏ ਸੀ ਤਾਂ ਉਹ ਸ਼ਹਿਰ ਵਾਲਾ ਬਾਣੀਆ ਕਿਵੇਂ ਲਡੂ ਵਰਤਾ ਰਿਹਾ ਸੀ।”
“ਜੋ ਉਹ ਬਾਣੀਆਂ ਕਰ ਰਿਹਾ ਸੀ, ਅਸੀਂ ਉਸ ਤਰ੍ਹਾਂ ਨਹੀਂ ਕਰਨਾ।” ਮੁਖਤਿਆਰ ਨੇ ਸਾਫ ਕਿਹਾ, “ਜੇ ਅਸੀਂ ਵੀ ਉਹ ਹੀ ਕੁਝ ਕਰਨ ਲੱਗ ਪਏ ਜੋ ਕੁਝ ਉਹ ਕਰ ਰਹੇ ਨੇ ਤਾਂ ਫਿਰ ਸਾਡੇ ਤਾਂ ਉਹਨਾਂ ਵਿਚ ਫ਼ਰਕ ਹੀ ਕੀ ਰਿਹਾ, ਨਾਲੇ ਜੰਮਣਾ ਮਰਨਾ ਉੱਪਰ ਵਾਲੇ ਦੇ ਹੱਥ ਵਿਚ ਹੈ, ਕੋਈ ਨਾ ਕੋਈ ਢੰਗ ਵਰਤ ਕੇ ਬਹਾਨੇ ਨਾਲ ਲੈ ਜਾਂਦਾ ਹੈ।”
“ਗੱਲਾਂ ਤੁਹਾਡੀਆਂ ਠੀਕ ਨੇ।” ਖ਼ਬਰ ਦੇਣ ਵਾਲੇ ਮੁੰਡੇ ਨੇ ਸਹਿਮਤ ਹੁੰਦੇ ਕਿਹਾ, “ਅਸੀ ਤਾਂ ਆਏ ਸੀ ਕਿ ਵਿਕਰਮ ਨੂੰ ਨਾਲ ਲੈ ਕੇ ਕੋਈ ਖੁਸ਼ੀ ਮਨਾਵਾਂਗੇ, ਪਰ ਚਾਚਾ ਜੀ ਤੁਹਾਡੀਆਂ ਗੱਲਾਂ ਨੇ ਸਾਨੂੰ ਸੋਝੀ ਦੇ ਦਿੱਤੀ ਹੈ।”
ਮੁੰਡੇ ਚੁੱਪ-ਚਾਪ ਪਿੰਡ ਨੂੰ ਵਾਪਸ ਚਲੇ ਗਏ। ਵਿਕਰਮ ਨੇ ਵਹੁਣ ਵਾਲਾ ਰਹਿੰਦਾ ਥਾਂ ਪੂਰਾ ਕੀਤਾ।
ਹੱਕ ਲਈ ਲੜਿਆ ਸੱਚ – (ਭਾਗ-73)
This entry was posted in ਹੱਕ ਲਈ ਲੜਿਆ ਸੱਚ.