ਅੰਮ੍ਰਿਤਸਰ, (ਡਾ. ਚਰਨਜੀਤ ਸਿੰਘ ਗੁਮਟਾਲਾ) -: ਵਿਸ਼ਵ ਯੁੱਧ ਪਹਿਲਾ ਅਤੇ ਦੂਜਾ ਸ਼ਹੀਦ ਵੈਲਫ਼ੇਅਰ ਸੋਸਾਇਟੀ ਵੱਲੋਂ ਵਰਲਡ ਵਾਰ ਇਕ ਅਤੇ ਦੋ ਦੇ ਸਿੱਖ ਸ਼ਹੀਦਾਂ ਨੂੰ ਛੇਵਾਂ ਸਾਲਾਨਾ ਸ਼ਰਧਾਂਜਲੀ ਭੇਂਟ ਸਮਾਰੋਹ ਪਿੰਡ ਸੁਲਤਾਨਵਿੰਡ ਦੇ ਛੇਵੀਂ ਪਾਤਸ਼ਾਹੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਅਟਾਰੀ ਸਾਹਿਬ ਵਿੱਚ ਕਰਾਇਆ ਗਿਆ। ਸਮਾਗਮ ਵਿਚ ਪੰਜਾਬ ਸਰਕਾਰ ਤਂ ਮੰਗ ਕੀਤੀ ਗਈ ਕਿ ਇਸ ਯਾਦਗਾਰ ਨੂੰ ਪੰਜਾਬ ਵਿਰਾਸਤੀ ਸੂਚੀ ‘ਤੇ ਲਿਆਂਦਾ ਜਾਵੇ ਤਾਂ ਜੁ ਦੇਸ਼ ਵਿਦੇਸ਼ ਤੋਂ ਆਉਂਦੇ ਯਾਤਰੂਆਂ ਨੂੰ ਇਸ ਦੀ ਜਾਣਕਾਰੀ ਮਿਲ ਸਕੇ।ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਯੂਰਪ ਵਿੱਚ ਇਨ੍ਹਾਂ ਦੀਆਂ ਬਣੀਆਂ ਯਾਦਗਾਰ ਵਾਂਗ ਅੰਮ੍ਰਿਤਸਰ ਵਿਚ ਯਾਦਗਾਰ ਬਣਾਈ ਜਾਵੇ ਕਿ ਅੰਮ੍ਰਿਤਸਰ ਵਿਚ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਐਂਡ ਮਿਉਜ਼ੀਅਮ ਬਣਇਆ ਗਿਆ ਹੈ।
ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਵਿਦਿਆਰਥੀਆਂ ਅਤੇ ਸਿੱਖ ਨੌਜਵਾਨਾਂ ਵੱਲੋਂ ਕੀਰਤਨ ਨਾਲ ਹੋਈ । ਭਾਈ ਸੁਖਮੀਤ ਸਿੰਘ ਤੇ ਭਾਈ ਸੁਖਜੀਤ ਸਿੰਘ ਅੰਮ੍ਰਿਤਸਰੀ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਕਵੀਸ਼ਰੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਵਿਸ਼ਵ ਯੁੱਧ ਦੇ ਸ਼ਹੀਦਾਂ ਦੇ ਪਰਿਵਾਰਾਂ ਜਿਨ੍ਹਾਂ ਵਿੱਚੋਂ ਕੁਝ ਹਰਿਆਣਾ ਤੋਂ ਆਏ ਸਨ, ਨੂੰ ਸੁਸਾਇਟੀ ਦੇ ਸਰਪ੍ਰਸਤ ਉਘੇ ਸਿੱਖ ਇਤਿਹਾਸਕਾਰ ਸ. ਭੁਪਿੰਦਰ ਸਿੰਘ ਹਾਲੈਂਡ ਅਤੇ ਪ੍ਰਧਾਨ ਡਾ. ਗੁਰਿੰਦਰ ਸਿੰਘ ਮਾਹਲ ਵੱਲੋਂ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਵਿਸ਼ਵ ਯੁੱਧ ਨਾਲ ਸਬੰਧਤ ਵੱਖ ਵੱਖ ਪਹਿਲੂਆਂ ਨੂੰ ਬਿਆਨ ਕਰਦੇ ਭਾਸ਼ਨ ਜਿਨ੍ਹਾਂ ਵਿੱਚ ਪੰਜਾਬ ਦੇ ਸੈਨਿਕਾਂ ਨੇ ਅੰਗਰਜਾਂ ਲਈ ਲੜਦੇ ਹੋਇ ਹਿੱਸਾ ਲਿਆ ਅਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਨੂੰ ਉਜਾਗਰ ਕੀਤਾ ਗਿਆ। ਵਿਸ਼ਵ ਯੁੱਧਾਂ ਵਿੱਚ ਸਿੱਖ ਸੈਨਿਕਾਂ ਦੀ ਭਾਗੀਦਾਰੀ ਅਤੇ ਬਹਾਦਰੀ ਨਾਲ ਸਬੰਧਤ ਸਿੱਖ ਫੌਜੀਆਂ ਦੀਆਂ ਤਸਵੀਰਾਂ ਅਤੇ ਹਵਾਲਿਆਂ ਨੂੰ ਦਰਸਾਉਂਦੀ ਇੱਕ ਪ੍ਰਦਰਸ਼ਨੀ ਲਾਈ ਗਈ ਜੋ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।
ਜਿਸ ਤੋਂ ਬਾਅਦ ਉਸ ਸਥਾਨ ਤੱਕ ਮਾਰਚ ਕੀਤਾ ਗਿਆ ਜਿੱਥੇ ਪਹਿਲੀ ਵਿਸ਼ਵ ਜੰਗ ਵਿੱਚ ਗਏ ਅਤੇ ਇਸ ਪਿੰਡ ਤੋਂ ਅੰਗਰੇਜ਼ਾਂ ਲਈ ਲੜਨ ਵਾਲੇ ਸੈਨਿਕਾਂ ਦੀ ਕੁਰਬਾਨੀ ਨੂੰ ਸਮਰਪਿਤ ਇੱਕ ਸਿਲ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਦੀ ਅੰਗ੍ਰੇਜ਼ਾਂ ਦੁਆਰਾ ਲਗਾਈ ਗਈ ਹੈ।
ਗੁਰਦੁਆਰਾ ਅਟਾਰੀ ਸਾਹਿਬ ਤੋਂ ਸ਼ੁਰੂ ਹੋੲੈ ਇਸ ਮਾਰਚ ਦੀ ਅਗਵਾਈ ਗਤਕਾ ਟੀਮ ਨੇ ਕੀਤੀ, ਜਿਸ ਤੋਂ ਬਾਅਦ ਵੱਖ ਵੱਖ ਸਕੂਲਾਂ ਦੇ ਐਨ ਸੀ ਸੀ ਕੈਡਿਟਾਂ, ਪੰਜਾਬ ਪੁਲਿਸ ਦੇ ਜਵਾਨ, ਵਿਦਿਆਰਥੀ ਅਤੇ ਸੰਗੀਤਕ ਬੈਂਡ ਸ਼ਾਮਲ ਸਨ। ਪੰਜਾਬ ਪੁਲਿਸ ਦੇ ਹੋਮ ਗਾਰਡ ਦੇ ਜਵਾਨਾਂ ਨੇ ਸਿਲ ਅੱਗੇ ਗਾਰਡ ਆਫ਼ ਆਨਰ ਪੇਸ਼ ਕੀਤਾ ਅਤੇ ਸਿਲ ‘ਤੇ ਹਾਰ ਪਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਸੁਸਾਇਟੀ ਦੇ ਮੈਂਬਰਾਂ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਜਿਵੇਂ ਕਿ ਇਟਲੀ ਦੀ ਵਿਸ਼ਵ ਸਿੱਖ ਸ਼ਹੀਦੀ ਯਾਦਗਾਰ ਕਮੇਟੀ ਤੋਂ ਸਰਦਾਰ ਪ੍ਰਿਥੀਪਾਲ ਸਿੰਘ ਅਤੇ ਸੇਵਾ ਸਿੰਘ ਫੌਜੀ, ਸਰਦਾਰ ਜਸਜੀਤ ਸਿੰਘ ਸਮੁੰਦਰੀ ਅਤੇ ਹਾਲੈਂਡ ਤੋਂ ਸਰਦਾਰ ਹਰਜਿੰਦਰ ਸਿੰਘ ਸੰਧੂ ਨੇ ਸਾਡੇ ਨਾਇਕਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ।
ਅੰਮ੍ਰਿਤਸਰ ਵਿਕਾਸ ਮੰਚ ਦੇ ਡਾ. ਚਰਨਜੀਤ ਸਿੰਘ ਗੁਮਟਾਲਾ,ਪੰਜਾਬ ਸਟੇਟ ਫਰੀਡਮ ਫਾਈਟਰਜ਼ ਸਕਸੈਸਰਜ਼ ਆਰਗੇਨਈਜੇਸ਼ਨ ਦੇ ਪ੍ਰਧਾਨ ਗਿਆਨ ਸਿੰਘ ਸੱਗੂ,ਮਾਸਟਰ ਸੰਤੋਖ ਸਿੰਘ, ਜਥੇਦਾਰ ਦਿਲਬਾਗ ਸਿੰਘ, ਮਨਪ੍ਰੀਤ ਸਿੰਘ ਮਾਹਲ, ਪ੍ਰਨਾਮ ਸਿੰਘ ਕਿਸਾਨ ਯੂਨੀਅਨ, ਸਰਬਜੀਤ ਸਿੰਘ ਗੁਮਟਾਲਾ, ਡਾ. ਅਮਨਦੀਪ ਸਿੰਘ ਸੋਢੀ, ਬਰੁੱਕ ਇੰਡੀਆ ਐਸੋਸੀਏਸ਼ਨ ਤੋਂ ਡਾ. ਸੁਖਦੀਪ ਕੌਰ, ਕਮਾਂਡੈਂਟ ਜਸਕਰਨ ਸਿੰਘ, ਸ੍ਰੀ ਅਨਿਲ ਕੁਮਾਰ ਜ਼ਿਲ੍ਹਾ ਕਮਾਂਡੈਂਟ, ਪੰਜਾਬ ਪੁਲਿਸ ਹੋਮ ਗਾਰਡਜ਼, ਚਰਨਜੀਤ ਸਿੰਘ ਰਾਣਾ-ਗੁਰਦੁਆਰਾ ਅਟਾਰੀ ਸਾਹਿਬ ਤੋਂ ਪ੍ਰਿੰਸੀਪਲ ਸੂਬਾ ਸਿੰਘ ਆਦਿ ਹਾਜ਼ਰ ਸਨ।