ਕੈਲਗਰੀ-: ਈ- ਦੀਵਾਨ ਸੋਸਾਇਟੀ ਕੈਲਗਰੀ ਵਲੋਂ, 12 ਤੇ 13 ਨਵੰਬਰ ਨੂੰ, ਦੋ ਦਿਨ ਲਗਾਤਾਰ ਆਪਣੇ ਹਫਤਾਵਾਰ ਸਮਾਗਮਾਂ ਵਿੱਚ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਆਗਮਨ ਪੁਰਬ ਨੂੰ ਸਮਰਪਿਤ, ਔਨਲਾਈਨ ਕੌਮਾਂਤਰੀ ਕਵੀ ਦਰਬਾਰ ਕਰਾਏ ਗਏ- ਜਿਹਨਾਂ ਵਿੱਚ ਦੇਸ਼ ਵਿਦੇਸ਼ ਤੋਂ ਮਹਾਨ ਪੰਥਕ ਕਵੀ/ ਕਵਿੱਤਰੀਆਂ ਨੇ ਸ਼ਿਰਕਤ ਕੀਤੀ। ਕੋਵਿਡ ਦੌਰਾਨ ਸ਼ੁਰੂ ਹੋਈ ਇਹ ਸੰਸਥਾ, ਖਾਸ ਦਿਹਾੜਿਆਂ ਤੇ ਕਵੀ ਦਰਬਾਰ ਕਰਾ ਕੇ, ਦਸ਼ਮੇਸ਼ ਪਿਤਾ ਦੀ ਚਲਾਈ ਹੋਈ ਇਸ ਪਰੰਪਰਾ ਨੂੰ ਅੱਗੇ ਤੋਰਨ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੀ ਹੈ।
ਸਮਾਗਮ ਦੇ ਪਹਿਲੇ ਦਿਨ ਸ਼ੁਰੂ ਵਿੱਚ, ਸੰਸਥਾ ਦੇ ਸੰਸਥਾਪਕ ਤੇ ਸੰਚਾਲਕ- ਜਗਬੀਰ ਸਿੰਘ ਜੀ ਅਤੇ ਗੁਰਦੀਸ਼ ਕੌਰ ਗਰੇਵਾਲ ਨੇ, ਮੰਚ ਸੰਚਾਲਨ ਦੀ ਸੇਵਾ ਨਿਭਾਈ। ਜਗਬੀਰ ਸਿੰਘ ਜੀ ਨੇ ਨਵੀਂ ਸੰਗਤ ਨੂੰ ਸਭਾ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਅਤੇ ਕਵੀ ਸਾਹਿਬਾਨ ਨੂੰ ‘ਜੀ ਆਇਆਂ’ ਕਿਹਾ। ਗੁਰਦੀਸ਼ ਕੌਰ ਗਰੇਵਾਲ ਨੇ ਦੇਸ਼ ਵਿਦੇਸ਼ ਤੋਂ ਪਹੁੰਚੇ ਕਵੀ ਸਾਹਿਬਾਨ ਦੀ ਜਾਣ ਪਛਾਣ ਕਰਾਉਂਦੇ ਹੋਏ, ਵਾਰੀ ਵਾਰੀ ਸਭ ਨੂੰ ਸੱਦਾ ਦਿੱਤਾ।
12 ਨਵੰਬਰ ਦੇ ਕਵੀ ਦਰਬਾਰ ਦੀ ਸ਼ੁਰੂਆਤ ਵਿੱਚ- ਲੁਧਿਆਣਾ ਤੋਂ ਪਹੁੰਚੇ ਨਾਮਵਰ ਗੀਤਕਾਰ ਤੇ ਗਾਇਕ, ਕਰਮਜੀਤ ਸਿੰਘ ਗਰੇਵਾਲ ਨੇ ਬਾਬੇ ਨਾਨਕ ਦੇ ਫਲਸਫੇ ਨੂੰ ਦਰਸਾਉਂਦਾ ਹੋਇਆ ਆਪਣਾ ਗੀਤ ਗਾ ਕੇ ਰੰਗ ਬੰਨ੍ਹ ਦਿੱਤਾ। ਉਸ ਤੋਂ ਬਾਅਦ ਗੁਰਦਾਸਪੁਰ ਤੋਂ ਆਈ ਨੌਜਵਾਨ ਅਧਿਆਪਕ ਸ਼ਾਇਰਾ, ਹਰਮੀਤ ਕੌਰ ਮੀਤ ਅਤੇ ਲੁਧਿਆਣਾ ਤੋਂ ਹੀ ਆਏ ਨਾਮਵਰ ਸ਼ਾਇਰ ਅਮਰਜੀਤ ਸਿੰਘ ਸ਼ੇਰਪੁਰੀ ਨੇ ਵੀ, ਗੁਰੂ ਨਾਨਕ ਪਾਤਸ਼ਾਹ ਦੀ ਮਹਿਮਾ ‘ਚ ਲਿਖੇ ਆਪੋ ਆਪਣੇ ਗੀਤ ਸੁਰੀਲੀ ਆਵਾਜ਼ ਵਿੱਚ ਸੁਣਾ ਕੇ ਮਹੌਲ ਸੁਰਮਈ ਬਣਾਈ ਰੱਖਿਆ। ਜਲੰਧਰ ਸ਼ਹਿਰ ਤੋਂ ਪਹੁੰਚੇ ਪੰਥਕ ਸ਼ਾਇਰ ਤੇ ਪ੍ਰਚਾਰਕ, ਦਲਬੀਰ ਸਿੰਘ ਰਿਆੜ ਨੇ ਆਪਣੀ ਬੈਂਤ ਛੰਦ ‘ਚ ਲਿਖੀ ਕਵਿਤਾ ਸਾਂਝੀ ਕੀਤੀ। ਇੰਗਲੈਂਡ ਤੋਂ ਪਹੁੰਚੀ ਸ਼ਾਇਰਾ ਮਨਜੀਤ ਕੌਰ ਪੱਡਾ ਨੇ ਅਜੋਕੇ ਹਾਲਾਤ ਨੂੰ ਦਰਸਾਉਂਦੀਆਂ ਹੋਈਆਂ ਆਪਣੀਆਂ ਦੋ ਭਾਵਪੂਰਤ ਛੋਟੀਆਂ ਰਚਨਾਵਾਂ ਨਾਲ ਸਾਂਝ ਪਾਈ। ਦੁਨੀਆਂ ਦੀ ਪਹਿਲੀ ਔਰਤ ਹੈੱਡ ਗਰੰਥੀ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਨੇ ਆਪਣੀਆਂ ਰੁਬਾਈਆਂ ਨੂੰ ਗਾਉਣ ਉਪਰੰਤ, ਬਾਬੇ ਨਾਨਕ ਦੇ ਜਨਮ ਸਮੇਂ ਦਾ ਦ੍ਰਿਸ਼ ਵਰਨਣ ਕਰਦੀ ਹੋਈ ਕਵਿਤਾ ਸੁਣਾ ਕੇ, ਖੁਬ ਦਾਦ ਖੱਟੀ। ਟੋਰੰਟੋ ਤੋਂ ਆਏ ਪਰਮੀਤ ਸਿੰਘ ਨੇ ਆਪਣੀਆਂ ਬੇਟੀਆਂ ਨਾਲ, ਗੁਰਦੀਸ਼ ਕੌਰ ਦਾ ਲਿਖਿਆ ਗੀਤ- ‘ਛੇੜ ਮਰਦਾਨਿਆਂ ਰਬਾਬ..’ ਸੁਰਾਂ ਤੇ ਗਾ ਕੇ ਮਹੌਲ ਹੋਰ ਵੀ ਸੰਗੀਤਮਈ ਬਣਾ ਦਿੱਤਾ। ਟੋਰੰਟੋ ਤੋਂ ਹੀ ਆਈ, ਨਾਮਵਰ ਸ਼ਾਇਰਾ ਸੁੰਦਰਪਾਲ ਕੌਰ ਰਾਜਾਸਾਂਸੀ ਨੇ ਆਪਣੀ ਕਬਿੱਤ ਛੰਦ ‘ਚ ਲਿਖੀ ਕਵਿਤਾ ਨੂੰ ਤਰੰਨਮ ਵਿੱਚ ਸੁਣਾ ਕੇ, ਜੈਕਾਰੇ ਖੱਟੇ। ਲਹੌਰ ਤੋਂ ਡਾ. ਕਲਿਆਣ ਸਿੰਘ ਕਲਿਆਣ ਅਤੇ ਸਾਊਥ ਕੋਰੀਆ ਤੋਂ ਅਮਨਬੀਰ ਸਿੰਘ ਧਾਮੀ ਕਿਸੇ ਖਾਸ ਵਜ੍ਹਾ ਕਾਰਨ ਹਾਜ਼ਰ ਨਹੀਂ ਹੋ ਸਕੇ। ਅੰਤ ਤੇ ਹੋਸਟ ਗੁਰਦੀਸ਼ ਕੌਰ ਨੇ ਵੀ, ਕਬਿੱਤ ਛੰਦ ‘ਚ ਲਿਖੀ ਆਪਣੀ ਕਵਿਤਾ- ‘ਸਤਿਗੁਰ ਨਾਨਕ ਪ੍ਰਗਟਿਆ’ ਸੰਗਤ ਨਾਲ ਸਾਂਝੀ ਕੀਤੀ।
13 ਨਵੰਬਰ ਦੇ ਕਵੀ ਦਰਬਾਰ ਵਿੱਚ ਵੀ 16 ਕਵੀਆਂ ਨੇ ਭਾਗ ਲਿਆ। ਇਸ ਵਿੱਚ ਮੰਚ ਸੰਚਾਲਨ ਦੀ ਸੇਵਾ- ਗੁਰਦੀਸ਼ ਕੌਰ, ਕਰਮਜੀਤ ਸਿੰਘ ਨੂਰ ਤੇ ਜਗਬੀਰ ਸਿੰਘ ਨੇ ਰਲ਼ ਕੇ ਨਿਭਾਈ। ਪ੍ਰੋਗਰਾਮ ਦੀ ਆਰੰਭਤਾ, ਟੋਰੰਟੋ ਤੋਂ ਅਮਿਤੋਜ਼ ਕੌਰ ਤੇ ਅਨੁਰੀਤ ਕੌਰ ਨੇ ਸ਼ਬਦ ਗਾਇਨ ਨਾਲ ਕੀਤੀ। ਉਪਰੰਤ ਇੰਡੀਆ, ਟੋਰੰਟੋ, ਕੈਲਗਰੀ ਤੇ ਐਡਮੰਟਨ ਤੋਂ ਆਏ ਕਵੀ ਕਵਿੱਤਰੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਅਤੇ ਸਿਖਿਆਵਾਂ ਨੂੰ ਦਰਸਾਉਂਦੀਆਂ ਹੋਈਆਂ, ਆਪਣੀਆਂ ਬਾਕਮਾਲ ਕਵਿਤਾਵਾਂ ਤੇ ਗੀਤਾਂ ਰਾਹੀਂ, ਇਸ ਕਵੀ ਦਰਬਾਰ ਦੀ ਸ਼ੋਭਾ ਵਧਾਈ। ਜਿਸ ਵਿੱਚ ਨਾਮਵਰ ਪੰਥਕ ਸ਼ਾਇਰ- ਇੰਜ. ਕਰਮਜੀਤ ਸਿੰਘ ਨੂਰ ਜਲੰਧਰ, ਕੁਲਵੰਤ ਸਿੰਘ ਰਫੀਕ ਤੇ ਗੁਰਸ਼ਰਨ ਸਿੰਘ ਪਰਵਾਨਾ ਸ਼ਾਹਬਾਦ ਮਾਰਕੰਡਾ, ਪਰਮਜੀਤ ਕੌਰ ਮਹਿਕ ਲੁਧਿਆਣਾ, ਸਰਬਜੀਤ ਕੌਰ ਸਰਬ ਉਤਰਾਖੰਡ, ਬ੍ਰਿਜਮਿੰਦਰ ਕੌਰ ਜੈਪੁਰ, ਸੁਜਾਨ ਸਿੰਘ ਸੁਜਾਨ ਟੋਰੰਟੋ, ਡਾ. ਬਲਦੇਵ ਸਿੰਘ ਐਡਮੰਟਨ, ਜਸਵੀਰ ਕੌਰ ਗਿੱਲ ਕੈਲਗਰੀ, ਅਤੇ ਨਵੀਂ ਪੀੜ੍ਹੀ ਦੀ ਤਰਜਮਾਨੀ ਕਰਦੀਆਂ ਹੋਈਆਂ ਬੱਚੀਆਂ, ਟੋਰੰਟੋ ਤੋਂ- ਅਮਿਤੋਜ਼ ਕੌਰ, ਅਨੁਰੀਤ ਕੌਰ, ਪਰਨੀਤ ਕੌਰ, ਸਿਮਰਲੀਨ ਕੌਰ, ਗੁਰਨੂਰ ਕੌਰ ਅਤੇ ਕੈਲਗਰੀ ਤੋਂ- ਬਿਸਾਜਨੂਰ ਕੌਰ, ਮਨਰੀਤ ਕੌਰ ਨੇ ਵੀ ਹਾਜ਼ਰੀ ਲਵਾਈ, ਜਦ ਕਿ ਡਾ. ਹਰੀ ਸਿੰਘ ਜਾਚਕ ਕਿਸੇ ਕਾਰਨ ਹਾਜ਼ਰ ਨਹੀਂ ਹੋ ਸਕੇ।
ਦੋਵੇਂ ਦਿਨ, ਸੰਗਤ ਨੇ ਜੈਕਾਰਿਆਂ ਰਾਹੀਂ ਇਸ ਕਵੀ ਦਰਬਾਰ ਨੂੰ ਭਰਪੂਰ ਹੁੰਗਾਰਾ ਦਿੱਤਾ। ਡਾ. ਬਲਰਾਜ ਸਿੰਘ ਅਤੇ ਜਗਬੀਰ ਸਿੰਘ ਨੇ ਦੂਰੋਂ ਨੇੜਿਉਂ ਪਹੁੰਚੇ ਸਮੂਹ ਕਵੀ ਸਾਹਿਬਾਨ ਦਾ ਸੰਗਤ ਵਲੋਂ ਧੰਨਵਾਦ ਕੀਤਾ ਅਤੇ ਇਸ ਸੰਸਥਾ ਵਲੋਂ ਸ਼ੁਰੂ ਕੀਤੇ ਔਨਲਾਈਨ ਮਹੀਨਾਵਾਰ ਮੈਗਜ਼ੀਨ ‘ਸਾਂਝੀ ਵਿਰਾਸਤ’ ਦੀ ਜਾਣਕਾਰੀ ਦਿੰਦਿਆਂ ਹੋਇਆਂ, ਸਾਰੇ ਕਵੀਆਂ ਨੂੰ ਆਪਣੀਆਂ ਰਚਨਾਵਾਂ ਲਿਖਤੀ ਰੂਪ ਵਿੱਚ, ਇਸ ਮੈਗਜ਼ੀਨ ਲਈ ਭੇਜਣ ਦੀ ਬੇਨਤੀ ਕੀਤੀ।
ਆਨੰਦ ਸਾਹਿਬ ਦੇ ਪਾਠ ਅਤੇ ਅਰਦਾਸ ਨਾਲ ਦੋਵੇਂ ਦਿਨ ਸਮਾਗਮ ਦੀ ਸਮਾਪਤੀ ਹੋਈ। ਸੋ ਇਸ ਤਰ੍ਹਾਂ ਇਹ ਸਮਾਗਮ ਸਰੋਤਿਆਂ ਦੇ ਮਨਾਂ ਤੇ ਅਮਿੱਟ ਛਾਪ ਛੱਡਦੇ ਹੋਏ ਸੰਪੂਰਨ ਹੋਏ। ਵਧੇਰੇ ਜਾਣਕਾਰੀ ਲਈ- ਡਾ. ਬਲਰਾਜ ਸਿੰਘ 403 978 2419 ਜਾਂ ਜਗਬੀਰ ਸਿੰਘ ਨਾਲ 587 718 8100 ਤੇ ਸੰਪਰਕ ਕੀਤਾ ਜਾ ਸਕਦਾ ਹੈ।