ਕੋਟਕਪੂਰਾ, (ਦੀਪਕ ਗਰਗ) – ਬੇਅਦਬੀ ਮਾਮਲਿਆਂ ਨਾਲ ਜੁੜੇ ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਹਦਾਇਤ ਤੋਂ ਬਾਅਦ ਹੋਂਦ ਵਿੱਚ ਆਈ ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਐੱਸਆਈਟੀ ਅੱਜ ਫਿਰ ਸਥਾਨਕ ਬੱਤੀਆਂ ਵਾਲੇ ਚੌਕ ਪਹੁੰਚੀ। ਅੱਜ ਇੱਥੇ ਪਹੁੰਚੀ ਇਸ ਟੀਮ ਵਿੱਚ ਐੱਸਆਈਟੀ ਦੇ ਮੁਖੀ ਏਡੀਜੀਪੀ ਐਲਕੇ ਯਾਦਵ, ਰਾਕੇਸ਼ ਅਗਰਵਾਲ ਆਈਜੀ, ਗੁਲਨੀਤ ਸਿੰਘ ਖੁਰਾਣਾ ਐੱਸਐੱਸਪੀ ਮੋਗਾ ਅਤੇ ਇੰਸਪੈਕਟਰ ਇਕਬਾਲ ਸਿੰਘ ਸੰਧੂ ਤੋਂ ਇਲਾਵਾ ਫੌਰੈਂਸਿਕ ਟੀਮ ਵੀ ਸ਼ਾਮਲ ਸੀ। ਇਸ ਦੌਰਾਨ ਰਾਜਪਾਲ ਸਿੰਘ ਸੰਧੂ ਐੱਸਐੱਸਪੀ ਫਰੀਦਕੋਟ, ਗੁਰਮੀਤ ਸਿੰਘ ਡੀਐੱਸਪੀ ਫਰੀਦਕੋਟ ਅਤੇ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਡੀਐੱਸਪੀ ਕੋਟਕਪੂਰਾ ਵੀ ਉੱਥੇ ਪੁੱਜੇ ਹੋਏ ਸਨ, ਭਾਵੇਂ ਕਿ ਇੰਨ੍ਹਾਂ ਵੱਲੋਂ ਟੀਮ ਦੇ ਕੰਮ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਗਈ। ਇਸ ਦੌਰਾਨ ਐੱਸਆਈਟੀ ਦੇ ਮੁਖੀ ਐਲਕੇ ਯਾਦਵ ਅਤੇ ਫੌਰੈਂਸਿਕ ਟੀਮ ਦੇ ਮੈਂਬਰਾਂ ਵੱਲੋਂ ਘਟਨਾ ਵਾਲੇ ਸਥਾਨ ਅਤੇ ਇਸਦੇ ਆਲੇ-ਦੁਆਲੇ ਦੀਆਂ ਕਾਫੀ ਥਾਵਾਂ ਦੀ ਜਾਂਚ-ਪੜਤਾਲ ਵੀ ਕੀਤੀ ਗਈ। ਐੱਸਆਈਟੀ ਦੇ ਇੱਥੇ ਆਉਣ ਦਾ ਪਤਾ ਲੱਗਣ ‘ਤੇ ਪੱਤਰਕਾਰਾਂ ਵਲੋਂ ਐੱਸਆਈਟੀ ਦੇ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਟੀਮ ਵੱਲੋਂ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਗਈ।
ਸਮੁੱਚੀ ਟੀਮ ਵੱਲੋਂ ਮੀਡੀਏ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖੀ ਗਈ ਅਤੇ ਟੀਮ ਦੇ ਮੈਂਬਰ ਆਪਣੇ ਢੰਗ ਨਾਲ ਸਾਰਾ ਕੰਮ ਕਰਦੇ ਰਹੇ। ਟੀਮ ਵੱਲੋਂ ਬੱਤੀਆਂ ਵਾਲਾ ਚੌਂਕ ਵਿੱਚ ਦਸਤਾਵੇਜ਼ਾਂ ਦੀ ਜਾਂਚ-ਪੜਤਾਲ, ਘਟਨਾ ਸਥਾਨ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਕਰਨ ਦੇ ਨਾਲ-ਨਾਲ ਸਾਰੇ ਸੀਨ ਨੂੰ ਦੁਹਰਾਅ ਕੇ ਵੀ ਵੇਖਿਆ ਗਿਆ। ਇਸ ਦੌਰਾਨ ਟੀਮ ਵੱਲੋਂ ਬੱਤੀਆਂ ਵਾਲੇ ਚੌਕ ਵਿੱਚ ਵਾਪਰੇ ਇਸ ਘਟਨਾਕ੍ਰਮ ਸਬੰਧੀ ਕੁੱਝ ਵਿਅਕਤੀਆਂ ਨਾਲ ਗੱਲਬਾਤ ਵੀ ਕੀਤੀ ਗਈ। ਇਹ ਟੀਮ ਪਹਿਲਾਂ ਸਥਾਨਕ ਪੁਲਿਸ ਸਟੇਸ਼ਨ ਦੇ ਨਾਲ ਲੱਗਦੇ ਡੀਐੱਸਪੀ ਦਫ਼ਤਰ ਪੁੱਜੀ ਅਤੇ ਉੱਥੇ ਬੈਠ ਕੇ ਲੰਮਾ ਸਮਾਂ ਵਿਚਾਰ-ਵਟਾਂਦਰਾ ਵੀ ਕੀਤਾ। ਦਸਤਾਵੇਜ਼ੀ ਕੰਮ ਨਿਬੇੜਣ ਅਤੇ ਜਾਂਚ ਕਰਨ ਤੋਂ ਬਾਅਦ ਵੀ ਟੀਮ ਪ੍ਰੈੱਸ ਨੂੰ ਨਹੀਂ ਮਿਲੀ ਅਤੇ ਕੰਮ ਮੁਕੰਮਲ ਹੋਣ ਤੋਂ ਬਾਆਦ ਉੱਥੋਂ ਚਲੀ ਗਈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਲੰਘੀ 11 ਅਕਤੂਬਰ ਨੂੰ ਵੀ ਐੱਸਆਈਟੀ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਕ ਆਈ ਸੀ ਅਤੇ ਉਸ ਦੌਰਾਨ ਵੀ ਟੀਮ ਦੇ ਮੈਂਬਰਾਂ ਵੱਲੋਂ ਕਿਸੇ ਨਾਲ ਵੀ ਕੋਈ ਗੱਲ ਨਹੀਂ ਕੀਤੀ ਗਈ ਅਤੇ ਟੀਮ ਨਾਲ ਆਈ ਫੌਰੈਂਸਿਕ ਟੀਮ ਦੇ ਮੈਂਬਰਾਂ ਵੱਲੋਂ ਬੱਤੀਆਂ ਵਾਲੇ ਚੌਕ ਵਿੱਚ ਬਕਾਇਦਾ ਤੌਰ ‘ਤੇ ਮਿਣਤੀ ਆਦਿ ਕੀਤੀ ਗਈ ਸੀ।
ਦੱਸਣਾ ਹੋਵੇਗਾ ਕਿ 2015 ਦੇ ਬਰਗਾੜੀ ਬੇਅਦਬੀ ਕਾਂਡ ਨਾਲ ਸਬੰਧਤ ਕੋਟਕਪੂਰਾ ਗੋਲੀ ਕਾਂਡ ਨੂੰ ਕਰੀਬ ਸੱਤ ਸਾਲ ਬੀਤ ਚੁੱਕੇ ਹਨ ਪਰ ਪੁਲਿਸ ਦੀ ਜਾਂਚ ਅਜੇ ਵੀ ਜਾਰੀ ਹੈ। ਇਸ ਤੋਂ ਪਹਿਲਾਂ ਘਟਨਾ ਦੀ ਜਾਂਚ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਨਿਗਰਾਨੀ ਹੇਠ ਹੋਈ ਸੀ। ਜਿਸ ਵਿੱਚ ਜਾਂਚ ਤੋਂ ਬਾਅਦ ਕੋਟਕਪੂਰਾ ਦੇ ਤਤਕਾਲੀ ਅਕਾਲੀ ਦਲ ਦੇ ਵਿਧਾਇਕ ਮਨਤਾਰ ਸਿੰਘ ਬਰਾੜ ਸਮੇਤ ਪੁਲਿਸ ਅਧਿਕਾਰੀਆਂ ਦੇ ਖਿਲਾਫ ਵੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਪਰ ਪਿਛਲੇ ਸਾਲ ਪੰਜਾਬ-ਹਰਿਆਣਾ ਹਾਈਕੋਰਟ ਨੇ ਆਈਜੀ ਕੁੰਵਰ ਦੀ ਜਾਂਚ ਰਿਪੋਰਟ ਨੂੰ ਰੱਦ ਕਰਦਿਆਂ ਸਰਕਾਰ ਨੂੰ ਨਵੇਂ ਸਿਰੇ ਤੋਂ ਜਾਂਚ ਕਰਨ ਲਈ ਐਸਆਈਟੀ ਬਣਾਉਣ ਦੇ ਹੁਕਮ ਦਿੱਤੇ ਸਨ।
ਹਾਈ ਕੋਰਟ ਦੇ ਹੁਕਮਾਂ ‘ਤੇ ਤਤਕਾਲੀ ਕਾਂਗਰਸ ਸਰਕਾਰ ਨੇ ਏਡੀਜੀਪੀ ਐਲਕੇ ਯਾਦਵ ਦੀ ਪ੍ਰਧਾਨਗੀ ‘ਚ ਐਸਆਈਟੀ ਦਾ ਗਠਨ ਕੀਤਾ ਸੀ, ਜਿਸ ਦੀ ਤਰਫੋਂ ਜਾਂਚ ਪ੍ਰਕਿਰਿਆ ਚੱਲ ਰਹੀ ਹੈ।