ਕੋਟਕਪੂਰਾ, (ਦੀਪਕ ਗਰਗ -: ਪੰਜਾਬੀ ਫਿਲਮ ਪਟੋਲਾ ਦੇ ਨਿਰਮਾਤਾ ਮਨਜੀਤ ਸਿੰਘ ਲਵਲੀ ਨੇ ਪੰਜਾਬੀ ਫਿਲਮਾਂ ਦੀ ਨਾਮੀ ਹੀਰੋਈਨ ਦਲਜੀਤ ਕੌਰ ਦੇ ਦਿਹਾਂਤ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਮਸ਼ਹੂਰ ਪੰਜਾਬੀ ਫਿਲਮ ਸਟਾਰ ਦਲਜੀਤ ਕੌਰ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਉਹ ਪੋਲੀਵੁਡ ‘ਚ ਇੱਕ ਅਜਿਹਾ ਖਾਲੀਪਨ ਛੱਡ ਕੇ ਚਲੀ ਗਈ, ਜੋ ਕਦੇ ਨਹੀਂ ਭਰਿਆ ਜਾ ਸਕਦਾ। ਸਾਰਾ ਪੋਲੀਵੁਡ ਦੁਖੀ ਹੈ। ਵਿਸ਼ਵਾਸ ਨਹੀਂ ਹੋ ਰਿਹਾ ਕਿ ਦਲਜੀਤ ਸਾਨੂੰ ਛੱਡ ਕੇ ਚਲੀ ਗਈ। ਅਤੇ ਇਹ ਸਾਡੇ ਸਾਰਿਆਂ, ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਬਹੁਤ ਵੱਡਾ ਘਾਟਾ ਹੈ। ਪੋਲੀਵੁਡ ਲਈ ਦਲਜੀਤ ਕੌਰ ਦਾ ਯੋਗਦਾਨ ਹਮੇਸ਼ਾ ਜ਼ਿੰਦਾ ਰਹੇਗਾ। ਪਰਿਵਾਰ ਅਤੇ ਦੁਨੀਆ ਭਰ ‘ਚ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਪ੍ਰਤੀ ਮੇਰੀਆਂ ਸੰਵੇਦਨਾਵਾਂ। ਪੰਜਾਬੀ ਫਿਲਮਾਂ ਦੀ ਦੁਨੀਆ ਦਾ ਇੱਕ ਸੁਨਹਿਰੀ ਯੁੱਗ ਸੱਚਮੁੱਚ ਸਮਾਪਤ ਹੋ ਗਿਆ ਹੈ। ਦਲਜੀਤ ਜੀ ਤੁਹਾਨੂੰ ਸਾਡੇ ‘ਚੋਂ ਲੱਖਾਂ ਅਤੇ ਸਾਡੇ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਕਰਨਗੀਆਂ, ਤੁਹਾਡੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ।
ਮੈਂ ਖੁਸ਼ਕਿਸਮਤ ਹਾਂ ਕਿ ਮੈਂ ਦਲਜੀਤ ਕੌਰ ਨੂੰ ਹੀਰੋਇਨ ਲੈਕੇ ਇਕ ਹਿੱਟ ਫਿਲਮ ਦਾ ਨਿਰਮਾਣ ਕੀਤਾ। ਦਲਜੀਤ ਕੌਰ ਨੇ ਲਗਭਗ ਚਾਰ ਦਹਾਕਿਆਂ ਤੱਕ ਪੰਜਾਬੀ ਫਿਲਮਾਂ ਵਿੱਚ ਹੁੰਦੇ ਬਦਲਾਅ ਨੂੰ ਨੇੜਿਓਂ ਦੇਖਿਆ। ਫਿਲਮਾਂ ਤੋਂ ਇਲਾਵਾ ਉਹ ਹਮੇਸ਼ਾ ਪੋਲੀਵੁਡ ਦੀ ਤਰੱਕੀ ਨੂੰ ਲੈ ਕੇ ਉਤਸ਼ਾਹਿਤ ਰਹਿੰਦੀ ਸੀ। ਉਹ ਹਮੇਸ਼ਾ ਇੱਕ ਮਜ਼ਬੂਤ ਅਤੇ ਵਿਕਸਤ ਪੰਜਾਬ ਵੇਖਣਾ ਚਾਹੁੰਦੀ ਸੀ।
ਮਨਜੀਤ ਸਿੰਘ ਲਵਲੀ ਇਸ ਸਮੇਂ ਕੋਟਕਪੂਰਾ ਵਿਖੇ ਫਨ ਪਲਾਜਾ ਸਿਨੇਮਾ ਦੇ ਸੰਚਾਲਕ ਹਨ। ਜਿਕਰ ਯੋਗ ਹੈ ਕਿ 1987 – 88 ਦਰਮਿਆਨ ਰਿਲੀਜ ਹੋਈ ਪਟੋਲਾ ਬਤੌਰ ਹੀਰੋਈਨ ਦਲਜੀਤ ਕੌਰ ਦੀ ਸੁਪਰ ਹਿੱਟ ਫਿਲਮ ਰਹੀ ਹੈ। ਇਸ ਫ਼ਿਲਮ ਨੇ ਉਸ ਸਮੇਂ ਪੰਜਾਬ ਦੇ ਕਾਲੇ ਦੌਰ ਦੇ ਬਾਵਜੂਦ ਸਫਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ ਸੀ। ਪਟੋਲਾ ਦੀ ਸ਼ੂਟਿੰਗ ਸਮੇਂ ਦਲਜੀਤ ਕੌਰ ਵੀ ਫਿਲਮ ਦੀ ਪੂਰੀ ਟੀਮ ਸਮੇਤ ਕੋਟਕਪੂਰਾ ਪਹੁੰਚੀ ਸੀ। ਇਸ ਫਿਲਮ ਵਿੱਚ ਦਲਜੀਤ ਕੌਰ ਸਤੀਸ਼ ਕੋਲ ਦੀ ਹੀਰੋਇਨ ਬਣੀ ਸੀ , ਇਹ ਫ਼ਿਲਮ ਆਪਣੇ ਆਪ ਵਿੱਚ ਕਈ ਗੱਲਾਂ ਕਰਕੇ ਮਹੱਤਵਪੂਰਨ ਰਹੀ ਸੀ। ਇਸ ਫਿਲਮ ਦਾ ਨਿਰਦੇਸ਼ਨ ਜਗਜੀਤ ਨੇ ਕੀਤਾ ਸੀ। ਫਿਲਮ ਵਿੱਚ ਪੰਜਾਬੀ ਦੀ ਪਹਿਲੀ ਸਟਾਰ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਜੋੜੀ ਦਾ ਅਖਾੜਾ ਸੀ। ਇਸਤੋਂ ਬਿਨਾਂ ਸੁਪਰਸਟਾਰ ਵਰਿੰਦਰ, ਸ਼ੋਭਨੀ ਸਿੰਘ, ਫਰੀਦਕੋਟ ਦੇ ਸੰਸਦ ਮੈਂਬਰ ਅਤੇ ਪ੍ਰਸਿੱਧ ਲੋਕ ਗਾਇਕ ਮੁਹੱਮਦ ਸਦੀਕ, ਉਨ੍ਹਾਂ ਦੀ ਜੋੜੀਦਾਰ ਰਣਜੀਤ ਕੌਰ, ਗਾਇਕ ਸੁਰਿੰਦਰ ਸ਼ਿੰਦਾ, ਹਿੰਦੀ ਅਤੇ ਭੋਜਪੁਰੀ ਫ਼ਿਲਮਾਂ ਦੀ ਅਦਾਕਾਰਾਂ ਗੌਰੀ ਖੁਰਾਨਾ, ਮਿਹਰ ਮਿੱਤਲ, ਪੂਜਾ ਲੱਖੀ, ਅਤੇ ਗੁਰਚਰਨ ਪੋਹਲੀ ਨੇ ਭੀ ਅਭਿਨੈ ਕੀਤਾ ਸੀ। ਇਸ ਫਿਲਮ ਦਾ ਮਿਊਜ਼ਿਕ ਵੀ ਸੁਪਰਹਿੱਟ ਰਿਹਾ ਸੀ। ਇਸ ਫਿਲਮ ਦੇ ਦੋ ਗੀਤ ਗਿੱਧਾ ਅਤੇ ਸੋਨਿਆ ਵੇ ਮੇਰੇ ਮੱਖਣਾਂ ਦਲਜੀਤ ਕੌਰ ਤੇ ਫਿਲਮਾਏ ਗਏ ਸੀ। ਪਿੱਠਵਰਤੀ ਆਵਾਜ ਰਣਜੀਤ ਕੌਰ ਦੀ ਸੀ। ਹਿੰਦੀ ਫਿਲਮਾਂ ਦੇ ਪਿੱਠਵਰਤੀ ਗਾਇਕ ਮੁਹੱਮਦ ਅਜੀਜ ਅਤੇ ਸੁਖਵਿੰਦਰ ਨੇ ਵੀ ਫਿਲਮ ਦੇ ਗੀਤਾਂ ਲਈ ਆਪਣੀ ਆਵਾਜ ਦਿੱਤੀ ਸੀ।