ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – 1990 ਦੇ ਦਹਾਕੇ ਦੇ ਨੇੜ ਤੇੜ ਕੁਲਦੀਪ ਪੁਰੇਵਾਲ ਨਾਮ ਦੀ ਬੁਲੰਦ ਆਵਾਜ਼ ਦਾ ਆਗਮਨ ਹੋਇਆ ਤਾਂ “ਹਾਏ ਰੱਬਾ ਸੋਹਣਿਆਂ ਨੂੰ ਕੀ ਮਿਲਦਾ, ਆਸ਼ਕਾਂ ਨੂੰ ਐਨਾ ਤੜਫਾ ਕੇ” ਗੀਤ ਗਲੀਆਂ ਮੁਹੱਲਿਆਂ ‘ਚ ਗੂੰਜ ਉੱਠਿਆ। ਕੈਸੇਟਾਂ ਵਾਲੇ ਦੌਰ ਵਿੱਚ ਹਿੱਟ ਗੀਤਾਂ ਰਾਹੀਂ ਸਰਗਰਮ ਰਹੇ ਗਾਇਕ ਕੁਲਦੀਪ ਪੁਰੇਵਾਲ ਹੁਣ ਵੀ ਓਨੀ ਹੀ ਸਰਗਰਮੀ ਨਾਲ ਹੀ ਗਾਇਕੀ ਖੇਤਰ ਵਿੱਚ ਹਾਜ਼ਰ ਹਨ। ਆਪਣੇ ਨਵੇਂ ਗੀਤ ਦੀ ਵੀਡੀਓ ਦੇ ਫਿਲਮਾਂਕਣ ਲਈ ਸਕਾਟਲੈਂਡ ਪਹੁੰਚੇ ਕੁਲਦੀਪ ਪੁਰੇਵਾਲ ਦੀ ਆਮਦ ‘ਤੇ ਉਹਨਾਂ ਦੇ ਮਿੱਤਰਾਂ ਵੱਲੋਂ ਬਹੁਤ ਹੀ ਪਿਆਰ ਸਹਿਤ ਜੀ ਆਇਆਂ ਨੂੰ ਕਿਹਾ ਗਿਆ। ਇਸ ਸਮੇਂ ਸਕਾਟਲੈਂਡ ਦੇ ਉੱਘੇ ਕਾਰੋਬਾਰੀ ਲਖਵੀਰ ਸਿੰਘ ਸਿੱਧੂ ਤੇ ਪਰਮਜੀਤ ਸਿੰਘ ਪੁਰੇਵਾਲ, ਸੋਢੀ ਬਾਗੜੀ ਦੀ ਅਗਵਾਈ ਵਿੱਚ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪੰਜ ਦਰਿਆ ਟੀਮ ਵੱਲੋਂ ਤਿਆਰ ਵਿਸ਼ੇਸ਼ ਪ੍ਰਸੰਸਾ ਪੱਤਰ ਲਖਵੀਰ ਸਿੰਘ ਸਿੱਧੂ ਵੱਲੋਂ ਭੇਂਟ ਕੀਤਾ ਗਿਆ। ਇਸ ਸਮੇਂ ਬੋਲਦਿਆਂ ਲਖਵੀਰ ਸਿੰਘ ਸਿੱਧੂ ਨੇ ਕਿਹਾ ਕੁਲਦੀਪ ਪੁਰੇਵਾਲ ਨੇ ਹਮੇਸ਼ਾ ਹੀ ਸਮੇੰ ਦੀ ਨਬਜ਼ ਟੋਂਹਦੇ ਗੀਤ ਗਾਏ ਹਨ, ਇਹੀ ਵਜ੍ਹਾ ਹੈ ਕਿ ਉਹ ਨਿਰੰਤਰ ਆਪਣੇ ਪ੍ਰਸੰਸਕਾਂ ਦੇ ਦਿਲਾਂ ਵਿੱਚ ਵਸੇ ਹੋਏ ਹਨ। ਉਹਨਾਂ ਕਿਹਾ ਕਿ ਸਕਾਟਲੈਂਡ ਵਸਦੇ ਉਹਨਾਂ ਦੇ ਸਮੂਹ ਮਿੱਤਰਾਂ ਨੂੰ ਕੁਲਦੀਪ ਪੁਰੇਵਾਲ ਦੀਆਂ ਪ੍ਰਾਪਤੀਆਂ ‘ਤੇ ਅਕਹਿ ਤੇ ਅਥਾਹ ਮਾਣ ਹੈ। ਪਰਮਜੀਤ ਸਿੰਘ ਪੁਰੇਵਾਲ ਨੇ ਕਿਹਾ ਕਿ ਕੁਲਦੀਪ ਪੁਰੇਵਾਲ ਨੇ ਜਿੱਥੇ ਪੰਜਾਬ ਰਹਿੰਦਿਆਂ ਗਾਇਕੀ ਦਾ ਸੁਨਹਿਰੀ ਦੌਰ ਮਾਣਿਆ ਹੈ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਗਾਏ ਉੱਥੇ ਯੂਕੇ ਵਸਣ ਉਪਰੰਤ ਵੀ ਆਪਣੇ ਸੰਗੀਤਕ ਸਫ਼ਰ ਵਿੱਚ ਖੜੋਤ ਨਹੀਂ ਆਉਣ ਦਿੱਤੀ। ਸਨਮਾਨ ਉਪਰੰਤ ਗਾਇਕ ਕੁਲਦੀਪ ਪੁਰੇਵਾਲ ਨੇ ਕਿਹਾ ਕਿ ਸਕਾਟਲੈਂਡ ਜਿੱਥੇ ਕੁਦਰਤੀ ਨਜ਼ਾਰਿਆਂ ਕਰਕੇ ਖੂਬਸੂਰਤ ਹੈ ਉੱਥੇ ਮਾਣਮੱਤੇ ਯਾਰਾਂ ਕਰਕੇ ਹੋਰ ਵੀ ਵਧੇਰੇ ਖੂਬਸੂਰਤ ਹੈ। ਕਾਮਨਾ ਕਰਦਾ ਹਾਂ ਕਿ ਇਹਨਾਂ ਦੋਸਤਾਂ ਮਿੱਤਰਾਂ ਦੀਆਂ ਮਹਿਫਲਾਂ ਇਉਂ ਹੀ ਲਗਦੀਆਂ ਰਹਿਣ। ਇਸ ਸਮੇਂ ਲਖਵੀਰ ਸਿੰਘ ਸਿੱਧੂ, ਬੌਬੀ ਨਿੱਝਰ, ਜਸਪ੍ਰੀਤ ਖਹਿਰਾ, ਕੁਲਵੰਤ ਸਹੋਤਾ, ਸਰਬਜੀਤ ਪੱਡਾ, ਅਮਨ ਜੌਹਲ, ਦੀਪ ਗਿੱਲ, ਸੋਢੀ ਬਾਗੜੀ, ਪਰਮਜੀਤ ਪੁਰੇਵਾਲ, ਗੈਰੀ ਸਿੱਧੂ, ਮੰਗਲ ਸਿੰਘ ਕੂਨਰ, ਪ੍ਰਾਨ ਪੱਲੀ, ਸੁਖ ਸਿੰਧਰ, ਮੋਹਨ ਸਿੰਧਰ, ਅੰਮ੍ਰਿੰਤਪਾਲ ਸਿੰਧਰ, ਸ਼ੀਰਾ ਚਾਹਲ, ਤਾਜ਼ੀ ਪੱਡਾ, ਬੌਬੀ ਸਮਰਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਪ੍ਰਸਿੱਧ ਗਾਇਕ ਕੁਲਦੀਪ ਪੁਰੇਵਾਲ ਦਾ ਸਕਾਟਲੈਂਡ ਵਸਦੇ ਮਿੱਤਰਾਂ ਵੱਲੋਂ ਸਨਮਾਨ
This entry was posted in ਅੰਤਰਰਾਸ਼ਟਰੀ.