ਫ਼ਤਹਿਗੜ੍ਹ ਸਾਹਿਬ – “ਇਕ ਪਾਸੇ ਹੁਕਮਰਾਨ ਅਤੇ ਅਸੀ ਸਭ ਇਹ ਪ੍ਰਚਾਰਦੇ ਹਾਂ ਕਿ ਕਸ਼ਮੀਰ ਤੋ ਲੈਕੇ ਕੰਨਿਆਕੁਮਾਰੀ ਤੱਕ ਇਕ ਇੰਡੀਆ ਮੁਲਕ ਹੈ ਅਤੇ ਸਭ ਨਿਵਾਸੀ ਇੰਡੀਅਨ ਹਨ ਤੇ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਹਾਸਿਲ ਹਨ । ਦੂਸਰੇ ਪਾਸੇ ਜੋ ਕਸਮੀਰੀ ਨੌਜਵਾਨ ਬੱਚੇ, ਬੱਚੀਆਂ ਆਪਣੇ ਸੂਬੇ ਵਿਚ ਉੱਚ ਤਾਲੀਮ ਦੀਆਂ ਸੰਸਥਾਵਾਂ ਘੱਟ ਹੋਣ ਕਾਰਨ ਪੰਜਾਬ ਦੇ ਵਿਦਿਅਕ ਅਦਾਰਿਆ ਤੇ ਯੂਨੀਵਰਸਿਟੀਆ ਵਿਚ ਘਰਾਂ ਤੋ ਦੂਰ ਰਹਿਕੇ ਤਾਲੀਮ ਹਾਸਲ ਕਰਨ ਆਉਦੇ ਹਨ, ਉਨ੍ਹਾਂ ਬੱਚੇ-ਬੱਚੀਆਂ ਨੂੰ ਇਹ ਵਿਦਿਅਕ ਸੰਸਥਾਂ ਦੇ ਪ੍ਰਬੰਧਕ, ਵਾਈਸ ਚਾਂਸਲਰ, ਫਿਰਕੂ ਸੋਚ ਅਧੀਨ ਕੇਵਲ ਦਿਮਾਗੀ ਤੌਰ ਤੇ ਹੀ ਨਹੀ ਬਲਕਿ ਸਰੀਰਕ ਤੌਰ ਤੇ ਵੀ ਤਸੱਦਦ ਕਰਕੇ ਵਿਤਕਰੇ, ਵਖਰੇਵੇ ਕਰਕੇ ਉਨ੍ਹਾਂ ਨਾਲ ਬੇਇਨਸਾਫ਼ੀ ਕਰਦੇ ਆ ਰਹੇ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਯੂਨੀਵਰਸਿਟੀਆ ਅਤੇ ਵਿਦਿਅਕ ਅਦਾਰਿਆ ਦੇ ਪ੍ਰਬੰਧਕਾਂ ਨੂੰ ਖਬਰਦਾਰ ਕਰਦਾ ਹੈ ਕਿ ਕਸਮੀਰੀ ਬੱਚਿਆਂ ਨਾਲ ਅਸੀ ਅਜਿਹਾ ਵਿਵਹਾਰ ਬਿਲਕੁਲ ਸਹਿਣ ਨਹੀ ਕਰਾਂਗੇ । ਇਸ ਲਈ ਬਿਹਤਰ ਹੋਵੇਗਾ ਕਿ ਅਜਿਹੇ ਵਖਰੇਵੇ ਭਰੇ ਅਮਲ ਇਹ ਅਦਾਰੇ ਫੋਰਨ ਬੰਦ ਕਰਨ ਅਤੇ ਉਨ੍ਹਾਂ ਬੱਚਿਆਂ ਨੂੰ ਉੱਚ ਤਾਲੀਮ ਹਾਸਿਲ ਕਰਨ ਵਿਚ ਸਹਿਯੋਗ ਕਰਨ ਤਾਂ ਕਿ ਉਹ ਵੀ ਮੁਲਕ ਦੇ ਉੱਚ ਅਹੁਦਿਆ ਤੇ ਪਹੁੰਚਕੇ ਆਪਣੀ ਕਾਬਲੀਅਤ ਦਿਖਾ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲਵਲੀ ਯੂਨੀਵਰਸਿਟੀ ਜਲੰਧਰ, ਭਾਈ ਗੁਰਦਾਸ ਕਾਲਜ ਬਠਿੰਡਾ, ਗੁਰੂ ਹਰਿਸਹਾਇ ਕਾਲਜ ਅਤੇ ਹੋਰ ਕਈ ਕਾਲਜਾਂ ਵਿਚ ਕਸਮੀਰੀ ਬੱਚੇ-ਬੱਚੀਆਂ ਨਾਲ ਪ੍ਰਬੰਧਕਾਂ ਵੱਲੋ ਕੀਤੇ ਜਾ ਰਹੇ ਫਿਰਕੂ ਵਖਰੇਵਿਆ ਅਤੇ ਜ਼ਬਰ-ਜੁਲਮ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਨੂੰ ਬਿਲਕੁਲ ਵੀ ਸਹਿਣ ਨਾ ਦੀ ਗੱਲ ਕਰਦੇ ਹੋਏ ਅੱਜ ਇਨ੍ਹਾਂ ਅਦਾਰਿਆ ਦੇ ਵਾਇਸ ਚਾਂਸਲਰਾਂ, ਪ੍ਰਿੰਸੀਪਲਾਂ ਅਤੇ ਪ੍ਰਬੰਧਕਾਂ ਨੂੰ ਵੱਖ ਵੱਖ ਲਿਖੇ ਗਏ ਪੱਤਰਾਂ ਵਿਚ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਇਨਸਾਨੀਅਤ ਪੱਖੀ ਅਤੇ ਸਰਬੱਤ ਦੇ ਭਲੇ ਵਾਲੀ ਸੋਚ ਨੂੰ ਪ੍ਰਪੱਕ ਕਰਦੀ ਹੈ । ਇਸ ਲਈ ਇਸ ਧਰਤੀ ਤੇ ਆਉਣ ਵਾਲਾ, ਵਿਦਿਆ ਪ੍ਰਾਪਤ ਕਰਨ ਵਾਲਾ ਕਿਸੇ ਵੀ ਸਟੇਟ ਦੇ ਬੱਚੇ ਨੂੰ ਇੰਝ ਮਹਿਸੂਸ ਨਹੀ ਹੋਣਾ ਚਾਹੀਦਾ ਕਿ ਗੁਰੂਆ ਦੀ ਇਸ ਧਰਤੀ ਉਤੇ ਉਸ ਨਾਲ ਦੂਜੇ ਫਿਰਕੇ ਨਾਲ ਸੰਬੰਧ ਹੋਣ ਤੇ ਵਿਤਕਰਾ ਤੇ ਬੇਇਨਸਾਫ਼ੀ ਕੀਤੀ ਜਾਂਦੀ ਹੈ । ਜੋ ਕਿ ਸਾਡੇ ਗੁਰੂ ਸਾਹਿਬਾਨ ਜੀ ਦੀ ਸੋਚ ਅਤੇ ਅਮਲਾਂ ਦੇ ਵਿਰੁੱਧ ਹੈ ਅਤੇ ਸਾਡੀ ਸਿੱਖ ਕੌਮ ਉਤੇ ਹੁਕਮਰਾਨਾਂ, ਸਰਕਾਰਾਂ ਤੇ ਪ੍ਰਬੰਧਕਾਂ ਵੱਲੋ ਅਜਿਹੇ ਨਾਂਹਵਾਚਕ ਅਮਲ ਕਰਕੇ ਪ੍ਰਸ਼ਨ ਚਿੰਨ੍ਹ ਲਗਾਉਣ ਦੀ ਸਾਜਿਸ ਦਾ ਹਿੱਸਾ ਹੈ । ਜੋ ਤੁਰੰਤ ਬੰਦ ਕੀਤਾ ਜਾਵੇ । ਤਾਂ ਕਿ ਸਾਨੂੰ ਮਜਬੂਰ ਹੋ ਕੇ ਇਨ੍ਹਾਂ ਕਸਮੀਰੀ ਬੱਚਿਆਂ ਨੂੰ ਇਨਸਾਫ ਦਿਵਾਉਣ ਲਈ ਕੋਈ ਵੱਡੀ ਲਹਿਰ ਸੁਰੂ ਨਾ ਕਰਨੀ ਪਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਪ੍ਰਬੰਧਕ ਅਤੇ ਵਾਇਸ ਚਾਂਸਲਰ ਆਉਣ ਵਾਲੇ ਸਮੇ ਵਿਚ ਕਸਮੀਰੀ ਬੱਚਿਆਂ ਲਈ ਅਜਿਹਾ ਵਖਰੇਵਾ, ਤਸੱਦਦ ਨਹੀ ਕਰਨਗੇ । ਬਲਕਿ ਉਨ੍ਹਾਂ ਨੂੰ ਉੱਚ ਅਹੁਦਿਆ ਤੇ ਕਾਬਲ ਬਣਾਉਣ ਦੀ ਇਨਸਾਨੀਅਤ ਪੱਖੀ ਜ਼ਿੰਮੇਵਾਰੀ ਨਿਭਾਉਣਗੇ ।