ਪੰਜਾਬ ਵਾਸਤੇ ਇਹ ਮਾਣ ਦੀ ਗੱਲ ਹੈ ਕਿ ਮੌਲਾਨਾ ਅਬੁਲ ਕਾਲਾਮ ਆਜ਼ਾਦ ਟਰਾਫ਼ੀ ਜਿਹੜੀ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੀ ਦੇਸ਼ ਦੀ ਯੂਨੀਵਰਸਿਟੀ ਨੂੰ ਹਰ ਸਾਲ ਖੇਡਾਂ ਅਤੇ ਯੁਵਕ ਭਲਾਈ ਮੰਤਰਾਲੇ ਭਾਰਤ ਸਰਕਾਰ ਵੱਲੋਂ ਦਿੱਤੀ ਜਾਂਦਾ ਹੈ ‘ਤੇ ਜਿਆਦਾ ਵਾਰ ਪੰਜਾਬ ਦੀਆਂ ਦੋ ਯੂਨੀਵਰਸਿਟੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਹੀ ਕਬਜ਼ਾ ਰਿਹਾ ਹੈ । ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 24 ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 16 ਵਾਰ ਕਬਜ਼ਾ ਰਿਹਾ ਹੈ । ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵੀ 15 ਵਾਰ ਇਹ ਟਰਾਫ਼ੀ ਜਿੱਤੀ ਹੈ ।1956 ਵਿੱਚ ਸਥਾਪਤ ਕੀਤੀ ਗਈ ਇਸ ਟਰਾਫ਼ੀ ਤੇ ਬੰਬੇ ਯੂਨੀਵਰਸਿਟੀ ਦਾ ਵੀ ਸ਼ੁਰੂਆਤੀ ਦੌਰ ਵਿੱਚ ਤਿੰਨ ਵਾਰ ਕਬਜਾ ਰਿਹਾ । ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 24 ਨਵੰਬਰ 1969 ਨੂੰ ਹੋੰਦ ਵਿੱਚ ਆਉਂਦੀ ਹੈ ।1971 ਵਿੱਚ ਪਹਿਲੀ ਵਾਰ ਅੰਤਰ-ਵਰਸਿਟੀ ਟੂਰਨਾਮੈਂਟਾਂ ਲਈ ਯੂਨੀਵਰਸਿਟੀ ਵੱਲੋਂ ਟੀਮਾਂ ਭੇਜੀਆਂ ਗਈਆਂ ਸਨ ਅਤੇ 1976 -77 ਵਿੱਚ ਹੀ ਮਾਕਾ ਤੇ ਕਾਬਜ਼ਾ ਜਮਾ ਲੈਂਦੀ ਹੈ । ਫਿਰ ਇੱਕ ਸਾਲ ਦੇ ਵਕਫੇ ਤੋਂ ਬਾਅਦ 1979 ਤੋਂ ਲੈ ਕੇ 1985 ਤੱਕ ਲਗਾਤਾਰ ਕਬਜਾ ਰਿਹਾ । 1986-87 , 1991-92 , 1992-1993 , 1993-94 ਅਤੇ ਫਿਰ 1996-97 ਤੋਂ ਲਗਾਤਾਰ 2002-03 ਕਬਜ਼ਾ ਰਿਹਾ । 2005-06 , 2009-10, 2010-11 ਤੋਂ ਬਾਅਦ 2017-18 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕਬਜ਼ਾ ਹੋਇਆ ਹੈ । ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਇਤਿਹਾਸ ਲਈ 30 ਨਵੰਬਰ 2022 ਦਾ ਦਿਨ ਇਤਿਹਾਸਕ ਹੋਣ ਜਾ ਰਿਹਾ ਹੈ । ਇਸ ਦਿਨ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਸ੍ਰੀਮਤੀ ਦਰੌਪਤੀ ਮਰਮੂ ਰਾਸ਼ਟਰਪਤੀ ਭਵਨ ਵਿੱਚ ਦੇਸ਼ ਦੀ ਸਰਵੋਤਮ ਵਕਾਰੀ ਖੇਡ ਟਰਾਫ਼ੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ 24 ਵੀਂ ਵਾਰ ਮਿਲਣ ਜਾ ਰਹੀ ਹੈ ਜੋ ਸਿਰਫ ਯੂਨੀਵਰਸਿਟੀ ਲਈ ਹੀ ਨਹੀਂ ਸਗੋਂ ਪੰਜਾਬ ,ਪੰਜਾਬੀ ਪੰਜਾਬੀਅਤ ਅਤੇ ਸਾਰੇ ਪੰਜਾਬੀਆਂ ਲਈ ਗੌਰਵ ਵਾਲੀ ਗੱਲ ਹੈ।ਇਸ ਟਰਾਫ਼ੀ ਨਾਲ ਯੂਨੀਵਰਸਿਟੀ ਨੂੰ 15 ਲੱਖ ਰੁਪਏ ਦੀ ਰਾਸ਼ੀ ਵੀ ਇਨਾਮ ਵਿੱਚ ਮਿਲ਼ਣੀ ਹੈ । ਆਲ ਇੰਡੀਆ ਇੰਟਰ ਯੂਨੀਵਰਸਿਟੀ ਟੂਰਨਾਮੈਂਟਾਂ ਵਿੱਚ ਵਧੀਆ ਖੇਡ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਨੂੰ ਅੰਕਾਂ ਦੇ ਅਧਾਰ ‘ਤੇ ਇਹ ਟਰਾਫ਼ੀ ਦਿੱਤੀ ਜਾਂਦੀ ਹੈ । 2020-21 ਵਿੱਚ ਕੋਰੋਨਾ ਕੋਵਿਡ-19 ਦੇ ਕਾਰਨ ਦੇਸ਼ ਭਰ ਵਿੱਚ ਖੇਡਾਂ ਦਾ ਅਯੋਜਨ ਨਹੀਂ ਸੀ ਹੋਇਆ । ਪਰ ਭਾਰਤ ਸਰਕਾਰ ਵੱਲੋਂ ਪਿਛਲੇ ਵਿਜੇਤਾ ਨੂੰ ਹੀ ਮੁੜ ਟਰਾਫ਼ੀ ਦੇ ਦਿੱਤੀ ਸੀ । ਹੁਣ ਤੱਕ 6 ਯੂਨੀਵਰਸਿਟੀਆਂ ਹੀ ਇਸ ‘ਤੇ ਕਾਬਜ ਹੋ ਸਕੀਆਂ । ਪਹਿਲੀ ਵਾਰ ਬੰਬੇ ਯੂਨੀਵਰਸਿਟੀ ਨੇ ਇਸ ਟਰਾਫ਼ੀ ‘ਤੇ ਕਬਜ਼ਾ ਕੀਤਾ । ਕੁਰੁਕਸ਼ੇਤਰ ਯੂਨੀਵਰਸਿਟੀ ਇਸ ਟਰਾਫ਼ੀ ਤੇ ਇੱਕ ਵਾਰ ਹੁਣ ਤੱਕ ਕਾਬਜ਼ ਹੋਈ । ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਦਿਹਾੜੇ ‘ਤੇ 24 ਨਵੰਬਰ 1969 ਨੂੰ ਸਥਾਪਤ ਗੁਰੂ ਨਾਨਕ ਦੇਵ ਯੂਨੀਵਰਸਿਟ ਨੇ ਆਪਣੇ 52 ਸਾਲਾਂ ਦੇ ਇਤਿਹਾਸ 24 ਵੀਂ ਵਾਰ ਦੇਸ਼ ਦੀ ਵਕਾਰੀ ਟਰਾਫ਼ੀ ਤੇ ਕਾਬਜ਼ ਹੋਣਾ ਯੂਨੀਵਰਸਿਟੀ ਦੇ ਖਿਡਾਰੀਆਂ ਦੀ ਮਿਹਨਤ ਅਤੇ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵੱਲੋਂ ਖੁਲ੍ਹਦਿਲੀ ਨਾਲ ਖਿਡਾਰੀਆਂ ਨੂੰ ਸਹੂਲਤਾਂ ਅਤੇ ਯੂਨੀਵਰਸਿਟੀ ਵਿੱਚ ਖੇਡਾਂ ਲਈ ਅਤਿ ਅਧੁਨਿਕ ਸਾਜੋ ਸਮਾਨ ਦੇ ਕੇ ਉਤਮ ਕਿਸਮ ਦਾ ਮਾਹੌਲ ਬਣਾ ਕੇ ਦੇਣਾ ਹੈ। ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਤੋਂ ਇਲਾਵਾ ਉਚੇਰੀ ਸਿਖਿਆ ਦੇ ਖੇਤਰ ਵਿੱਚ ਜੋ ਮੱਲਾਂ ਮਾਰੀਆਂ ਹਨ ਦੇ ਨਾਲ ਯੂਨੀਵਰਸਿਟੀ ਦੀ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਪਛਾਣ ਬਣੀ ਹੈ ।ਯੂਨੀਵਰਸਿਟੀ ਨੂੰ ਦੇਸ਼ ਦੀਆਂ ਅਧੁਨਿਕ ਯੂਨੀਵਰਸਿਟੀਆਂ ਵਿੱਚ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਦਿਆਰਥੀਆਂ ਦਾ ਉਤਮ ਕਿਸਮ ਦਾ ਭਵਿੱਖ ਬਣਾਉਣ ਲਈ ਸਮੇਂ ਦੀਆਂ ਲੋੜਾਂ ਅਨੁਸਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਪਦੰਡਾਂ ‘ਤੇ ਖਰੇ ਉਤਰਨ ਵਾਲੇ ਅਗਾਂਹਵਧੂ ਫੈਸਲੇ ਲੈਣ ਵਾਲੀ ਯੂਨੀਵਰਸਿਟੀ ਦੇ ਤੌਰ ਤੇ ਜਾਣੀ ਜਾਣ ਲੱਗੀ ਹੈ । ਯੂਨੀਵਰਸਿਟੀ ਨੇ ਦੇਸ਼ ਨੂੰ 35 ਅਰਜੁਨ ਅਵਾਰਡੀ, 6 ਪਦਮਸ਼੍ਰੀ ਅਵਾਰਡੀ ਅਤੇ 2 ਦ੍ਰੋਣਾਚਾਰੀਆ ਅਵਾਰਡੀ ਦੇ ਚੁੱਕੀ ਹੈ । ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿੱਚ ਖਿਡਾਰੀਆਂ ਨੂੰ ਮੌਲਣ ਦੇ ਦਿੱਤੇ ਚੰਗੇ ਵਾਤਾਵਰਣ ਵਿੱਚ ਯੂਨੀਵਰਸਿਟੀ ਮਿਆਸ – ਸੈਂਟਰ ਆਫ ਸਪੋਰਟਸ ਸਾਇੰਸਜ਼ ਐਂਡ ਰੀਹੈਬਲੀਟੇਸ਼ਨ ਸੈਂਟਰ ਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਵੱਖਰੀ ਪਛਾਣ ਬਣਾਉਣ ਲਈ ਮੀਲ ਪੱਥਰ ਦੀ ਤਰ੍ਹਾਂ ਹੈ। ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਵਾਈਸ-ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਖੇਡਾਂ ਪ੍ਰਤੀ ਨਿੱਜੀ ਦਿਲਚਸਪੀ ਦੀ ਬਦੌਲਤ ਅੱਜ ਯੂਨੀਵਰਸਿਟੀ ਦੇ ਇਨਡੋਰ ਮਲਟੀਪਰਪੋਜ਼ ਹਾਲ ,ਹਾਕੀ ਐਸਟ੍ਰੋਟਰਫ ਸਟੇਡੀਅਮ ‘ਅੰਤਰਰਾਸ਼ਟਰੀ ਮਾਪਦੰਡਾਂ ਵਾਲਾ ਸਵਿੰਮਿੰਗਬ ਪੂਲ ਅਤੇ ਸਾਈਕਲਿੰਗ ਵੈਲੋਡਰੋਮ ,ਗੋਲਡਨ ਜੁਬਲੀ ਜਿੰਮ , ਓਪਨ -ਜਿੰਮ ,ਸ਼ੂਟਿੰਗ -ਰੇਜ , ਬਾਸਕਿਟਬਾਲ ਦੀਆਂ ਗਰਾਉਂਡਾਂ ਮੂੰਹੋਂ ਬੋਲਦੀਆਂ ਹਨ ਜਿੱਥੇ ਚਾਵਾਂ ਮੁਲਾਰਾਂ ਨਾਲ ਖਿਡਾਰੀਆਂ ਵੱਲੋਂ ਆਪਣਾ ਅਤੇ ਦੇਸ਼ ਦਾ ਨਾਂ ਉਚਾ ਕਰਨ ਲਈ ਮੁੜਕਾ ਡੋਲਿਆ ਜਾਂਦਾ ਹੈ । ਯੂਨੀਵਰਸਿਟੀ ਨੇ 1970 ਵਿੱਚ ਸਰੀਰਕ ਸਿੱਖਿਆ ਵਿਭਾਗ (ਅਲਾਈਡ ਟੀਚਿੰਗ) ਦੀ ਸਥਾਪਨਾ ਕਰਕੇ ਹੀ ਖੇਡਾਂ ਪ੍ਰਤੀ ਆਪਣੀ ਇੱਛਾ ਸ਼ਕਤੀ ਜਾਹਿਰ ਕਰ ਦਿੱਤੀ ਸੀ । ਵਿਭਾਗ ਨੇ 1970 ਤੋਂ ਹੀ ਅੰਤਰ-ਕਾਲਜ ਟੂਰਨਾਮੈਂਟ ਕਰਵਾਉਣੇ ਵੀ ਸ਼ੁਰੂ ਕਰ ਦਿੱਤੇ ਸਨ। ।ਯੂਨੀਵਰਸਿਟੀ ਦੇ ਸ਼ੁਰੂਆਤੀ ਦੌਰ ਵਿੱਚ ਹੀ ਖੇਡਾਂ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਤਾਲਮੇਲ ਬੈਠਾਉਣ ਇੰਟਰ ਯੂਨੀਵਰਸਿਟੀ ਅਤੇ ਹੋਰ ਟੂਰਨਾਮੈਂਟਾਂ ਕਰਵਾਉਣ ਲਈ ਪੁਰਸ਼ਾਂ ਅਤੇ ਔਰਤਾਂ ਲਈ ਖੇਡ ਕਮੇਟੀਆਂ ਬਣਾਈਆਂ ਗਈਆਂ ਸਨ। । ਹਰ ਸਾਲ ਸਰੀਰਕ ਸਿੱਖਿਆ ਵਿਭਾਗ (ਅਲਾਈਡ ਟੀਚਿੰਗ) 90 ਤੋਂ ਵੱਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਕਾਲਜ (ਪੁਰਸ਼ ਅਤੇ ਮਹਿਲਾ) ਚੈਂਪੀਅਨਸ਼ਿਪਾਂ ਦਾ ਆਯੋਜਨ ਕਰਦਾ ਹੈ ਅਤੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪਾਂ ਵਿੱਚ ਭਾਗ ਲੈਣ ਲਈ 70 ਤੋਂ ਵੱਧ ਯੂਨੀਵਰਸਿਟੀ ਟੀਮਾਂ (ਪੁਰਸ਼ ਅਤੇ ਔਰਤਾਂ) ਭੇਜਦਾ ਹੈ। ਭਾਰਤ ਸਰਕਾਰ ਦੀ ਸਪੋਰਟਸ ਅਥਾਰਟੀ ਨੇ ਖੇਲੋ ਇੰਡੀਆ ਸੈਂਟਰ ਤਹਿਤ ਯੂਨੀਵਰਸਿਟੀ ਕੈਂਪਸ ਵਿੱਚ ਹਾਕੀ ਅਤੇ ਹੈਂਡਬਾਲ ਅਤੇ ਖੇਲੋ ਇੰਡੀਆ ਅਕੈਡਮੀਆਂ ਵਿੱਚ ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਸੈੰਟਰ ਸਥਾਪਤ ਕੀਤੇ ਹਨ।
ਖੇਲੋ ਇੰਡੀਆ ਅਕੈਡਮੀ ਦੇ ਅਧੀਨ ਫੈਂਸਿੰਗ (ਪੁਰਸ਼ ਅਤੇ ਔਰਤਾਂ)ਅਤੇ ਤੀਰਅੰਦਾਜ਼ੀ (ਪੁਰਸ਼ ਅਤੇ ਔਰਤਾਂ) ਤੋਂ ਇਲਾਵਾ ਖੇਲੋ ਇੰਡੀਆ ਸੈੰਟਰ ਤਹਿਤ ਖੇਲੋ ਇੰਡੀਆ ਸੈਂਟਰ ਹਾਕੀ (ਪੁਰਸ਼ ਅਤੇ ਮਹਿਲਾ)ਅਤੇ ਹੈਂਡਬਾਲ (ਪੁਰਸ਼ ਅਤੇ ਮਹਿਲਾ) ਦੇ ਖਿਡਾਰੀਆਂ ਨੂੰ ਅਕਾਦਮਿਕ ਸਹੂਲਤਾਂ ਵੀ ਯੂਨੀਵਰਸਿਟੀ ਨੇ ਆਪਣੇ ਕੈਂਪਸ ਵਿੱਚ ਦਿੱਤੀਆਂ ਹੋਈਆਂ ਹਨ । ਵਧੀਆ ਖਿਡਾਰੀਆਂ ਲਈ ਸਰੀਰਕ ਸਿੱਖਿਆ (ਟੀਚਿੰਗ) ਵਿਭਾਗ ਵਿੱਚ 20 ਵਾਧੂ ਸੀਟਾਂ ਤੋਂ ਇਲਾਵਾ ਹਰੇਕ ਵਿਭਾਗ ਵਿੱਚ 2 ਵਾਧੂ ਸੀਟਾਂ ਰਾਖਵਾਂ ਵੀ ਰੱਖੀਆ ਹਨ ਜਿਨ੍ਹਾਂ ਐਥਲੀਟਾਂ ਨੂੰ ਦਾਖਲਾ ਦਿੱਤਾ ਜਾਂਦਾ ਹੈ ਉਨ੍ਹਾਂ ਕੋਲੋ ਫੀਸਾਂ ਨਹੀਂ ਲਈਆਂ ਜਾਂਦੀਆ ਹਨ। ਪ੍ਰੀਖਿਆਵਾਂ ਵਿੱਚ ਵੀ ਉਨ੍ਹਾਂ ਖਿਡਾਰੀਆਂ ਨੂੰ ਜੋ ਵਿਅਸਤ ਖੇਡ ਸਮਾਂ-ਸਾਰਣੀ ਅਤੇ ਮੁਕਾਬਲਿਆਂ ਕਾਰਨ ਆਪਣੀਆਂ ਨਿਯਮਤ ਪ੍ਰੀਖਿਆਵਾਂ ਵਿੱਚ ਸ਼ਾਮਲ ਨਹੀਂ ਹੋ ਸਕਦੇ ਹਨ ਨੂੰ ਵੀ ਵਿਸ਼ੇਸ਼ ਸਹੂਲਤਾਂ ਦਿੱਤੀਆਂ ਹਨ । ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਐਥਲੀਟਾਂ ਦੀਆਂ ਫੀਸਾਂ ਅਤੇ ਬਕਾਏ ਵੀ ਮੁਆਫ਼ ਕੀਤੇ ਜਾਂਦੇ ਹਨ।
ਲੜਕਿਆਂ ਅਤੇ ਲੜਕੀਆਂ ਲਈ ਸਪੋਰਟਸ ਹੋਸਟਲ:
ਯੂਨੀਵਰਸਿਟੀ ਕੋਲ ਕੁੱਲ 550 ਐਥਲੀਟਾਂ ਦੀ ਸਮਰੱਥਾ ਵਾਲੇ ਯੂਨੀਵਰਸਿਟੀ ਕੈਂਪਸ ਦੇ ਅੰਦਰ ਲੜਕਿਆਂ ਅਤੇ ਲੜਕੀਆਂ ਲਈ ਦੋ ਸਪੋਰਟਸ ਹੋਸਟਲ ਹਨ। ਵਧੀਆ ਅਥਲੀਟਾਂ ਨੂੰ ਇਹਨਾਂ ਹੋਸਟਲਾਂ ਵਿੱਚ ਸਾਲ ਭਰ ਮੁਫਤ ਰਿਹਾਇਸ਼ ਦਿੱਤੀ ਜਾਂਦੀ ਹੈ।
ਕੋਚਿੰਗ ਅਤੇ ਸਿਖਲਾਈ ਦੀਆਂ ਸਹੂਲਤਾਂ
ਅਥਲੀਟਾਂ ਨੂੰ ਚੰਗੀ ਤਰ੍ਹਾਂ ਤਜਰਬੇਕਾਰ ਅਤੇ ਯੋਗਤਾ ਪ੍ਰਾਪਤ ਯੂਨੀਵਰਸਿਟੀ ਕੋਚਾਂ ਦੁਆਰਾ ਵਿਗਿਆਨਕ ਸਿਖਲਾਈ ਅਤੇ ਕੋਚਿੰਗ ਦਿੱਤੀ ਜਾਂਦੀ ਹੈ। ਅਥਲੀਟਾਂ ‘ਤੇ ਬਿਨਾਂ ਕਿਸੇ ਵਿੱਤੀ ਬੋਝ ਦੇ ਸਾਰੇ ਲੋੜੀਂਦੇ ਖੇਡ ਸਾਜ਼ੋ-ਸਾਮਾਨ ਮੁਹੱਈਆ ਕਰਵਾਏ ਜਾਂਦੇ ਹਨ।
ਮੁੜ ਵਸੇਬਾ ਕੇਂਦਰ
ਅਥਲੀਟਾਂ ਨੂੰ ਉਨ੍ਹਾਂ ਦੀਆਂ ਸਰੀਰਕ ਅਤੇ ਮਨੋਵਿਗਿਆਨਕ ਸੱਟਾਂ ਤੋਂ ਉਭਰਨ ਲਈ ਮਿਆਸ – ਗੁਰੂ ਨਾਨਕ ਦੇਵ ਯੂਨੀਵਰਸਿਟੀ , ਡਿਪਾਰਟਮੈਂਟ ਆਫ਼ ਸਪੋਰਟਸ ਸਾਇੰਸ ਐਂਡ ਮੈਡੀਸਨ ਵੱਲੋਂ ਸਹਿਯੋਗ ਦਿੱਤਾ ਜਾਂਦਾ ਹੈ।
ਖਿਡਾਰੀਆਂ ਨੂੰ ਨਗਦ ਇਨਾਮ ;
ਅੰਤਰਰਾਸ਼ਟਰੀ ਚੈਂਪੀਅਨਸ਼ਿਪ (ਹਰ ਚਾਰ ਸਾਲ ਬਾਅਦ ਕਰਵਾਈ ਜਾਂਦੀ ਹੈ)। ਵਿਸ਼ਵ ਯੂਨੀਵਰਸਿਟੀ ਖੇਡਾਂ / ਚੈਂਪੀਅਨਸ਼ਿਪ / ਏਸ਼ੀਅਨ ਚੈਂਪੀਅਨਸ਼ਿਪ ਏਸ਼ੀਆ ਕੱਪ / ਰਾਸ਼ਟਰਮੰਡਲ ਚੈਂਪੀਅਨਸ਼ਿਪ / ਹੋਰ ਅੰਤਰਰਾਸ਼ਟਰੀ ਚੈਂਪੀਅਨਸ਼ਿਪ / ਐਸ.ਏ.ਐਫ. ਖੇਡਾਂ ਜਾਂ ਕੋਈ ਹੋਰ ਮਾਨਤਾ ਪ੍ਰਾਪਤ ਚੈਂਪੀਅਨਸ਼ਿਪ (ਹਰ ਸਾਲ ਜਾਂ ਦੋ ਸਾਲਾਂ ਬਾਅਦ ਹੁੰਦੀ ਹੈ) ਆਲ ਇੰਡੀਆ ਇੰਟਰ-ਯੂਨੀਵਰਸਿਟੀ / ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ / ਖੇਲੋ ਇੰਡੀਆ ਯੁਵਾ ਖੇਡਾਂ/ਹੋਰ ਮਾਨਤਾ ਪ੍ਰਾਪਤ ਟੂਰਨਾਮੈਂਟ ਚੈਂਪੀਅਨਸ਼ਿਪ ਦੇ ਜੇਤੂਆਂ ਤੋਂ ਓਲੰਪਿਕ ਖੇਡਾਂ, ਏਸ਼ੀਅਨ ਖੇਡਾਂ ਕਾਮਨਵੈਲਥ ਗੇਮਜ਼ ਪਹਿਲੀ, ਦੂਜੀ, ਤੀਜੀ ਅਤੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਨਗਦ ਇਨਾਮ ਦੇ ਸਨਮਾਨਿਤ ਕਰਨ ਦੀ ਪਿਰਤ ਨੂੰ ਜਾਰੀ ਰੱਖਿਆ ਹੋਇਆ ਹੈ ।
ਜਿਨ੍ਹਾਂ ‘ਤੇ ਦੇਸ਼ ਨੂੰ ਮਾਣ;
ਦਰੋਣਾਚਾਰੀਆ ਐਵਾਰਡ ਪ੍ਰਾਪਤ ਕਰਨ ਵਾਲਿਆਂ ਵਿੱਚ ਬਹਾਦਰ ਸਿੰਘ ਅਤੇ ਰਜਿੰਦਰ ਸਿੰਘ ਹਨ । ਪਦਮਸ਼੍ਰੀ ਪ੍ਰਾਪਤ ਕਰਨ ਵਲਿਆਂ ਵਿੱਚ ਅਜੀਤਪਾਲ ਸਿੰਘ ਅਤੇ ਪਰਗਟ ਸਿੰਘ ਹਾਕੀ ਦੇ ਖਿਡਾਰੀ ਹਨ । ਕਰਤਾਰ ਸਿੰਘ ਪਹਿਲਵਾਨ ਐਥਲੈਟਿਕਸ ਵਿੱਚ ਸੁਨੀਤਾ ਰਾਣੀ , ਬਹਾਦਰ ਸਿੰਘ ਸੀਨੀਅਰ ਅਤੇ ਬਹਾਦਰ ਸਿੰਘ ਜੂਨੀਅਰ ਹਨ । ਅਰਜੁਨ ਅਵਾਰਡੀਆਂ ਵਿੱਚ ਤੀਰਅੰਦਾਜ਼ੀ ਅਭਿਸ਼ੇਕ ਵਰਮਾ ,ਅਥਲੈਟਿਕਸ ਪਰਵੀਨ ਕੁਮਾਰ, ਬਹਾਦਰ ਸਿੰਘ, ਬਲਵਿੰਦਰ ਸਿੰਘ , ਬਗੀਚਾ ਸਿੰਘ, ਗੁਰਮੀਤ ਕੌਰ, ਅਨਿਲ ਪੁੰਜ ,ਸੁਮਨ ਸ਼ਰਮਾ , ਕ੍ਰਿਕੇਟ ਮਹਿੰਦਰ ਅਮਰਨਾਥ , ਮਦਨ ਲਾਲ , ਹਰਮਨਪ੍ਰੀਤ ਕੌਰ , ਫੈਂਸਿੰਗ ‘ਚ ਭਵਾਨੀ ਦੇਵੀ, ਹਾਕੀ ਅਜੀਤਪਾਲ ਸਿੰਘ ਅਜਿੰਦਰ ਕੌਰ ਹਰਚਰਨ ਸਿੰਘ , ਰਾਜਬੀਰ ਕੌਰ ਪਰਗਟ ਸਿੰਘ, ਸੁਰਜੀਤ ਸਿੰਘ ਬਲਜੀਤ ਸਿੰਘ ਢਿੱਲੋਂ ,ਬਲਦੇਵ ਸਿੰਘ, ਬਲਜੀਤ ਸਿੰਘ ਸੈਣੀ ,ਕਬੱਡੀ ਦੇ ਖਿਡਾਰੀ ਬਲਵਿੰਦਰ ਸਿੰਘ ਜੂਡੋ ਦੇ ਸੰਦੀਪ ਬਿਆਲਾ ,ਵੇਟ ਲਿਫਟਿੰਗ’ਚ ਤਾਰਾ ਸਿੰਘ, ਦਲਬੀਰ ਸਿੰਘ। ਪਹਿਲਵਾਨੀ ‘ਚ ਕਰਤਾਰ ਸਿੰਘ ਅਤੇ ਰਣਧੀਰ ਸਿੰਘ , ਲਿਫਟਿੰਗ ‘ਚ ਰਜਿੰਦਰ ਸਿੰਘ ਰਹੇਲੂ ਹਨ ।
ਕੌਮੀ ਅਤੇ ਕੌਮਾਂਤਰੀ ਖੇਡਾਂ ਦੇ ਮੰਚ ‘ਚ ਯੋਗਦਾਨ
ਯੂਨੀਵਰਸਿਟੀ ਦੇ ਹੁਣ ਤੱਕ ਦੇ 23 ਖਿਡਾਰੀ ਹਨ ਜਿਨ੍ਹਾਂ ਨੇ ਟੋਕੀਓ ਓਲੰਪਿਕ , ਕਾਮਨਵੈਲਥ ਗੇਮਜ਼ , ਕਾਮਨਵੈਲਥ ਚੈਂਪੀਅਨਸ਼ਿਪ ਵਰਲਡ ਕੱਪ ਏਸ਼ੀਅਨ ਚੈਂਪੀਅਨਸ਼ਿਪ ‘ ਚ ਨਿਮਾਣਾ ਖੱਟਿਆ ਅਤੇ ਯੂਨੀਵਰਸਿਟੀ ਦ ਨਾਂ ਉੱਚਾ ਕੀਤਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਅੱਜ 24 ਵੀ ਵਾਰ ਮਾਕਾ ਟਰਾਫ਼ੀ ਮਿਲਣਾ ਪੰਜਾਬ ਦੇ ਨੌਜਵਾਨਾਂ ਅਤੇ ਖਿਡਾਰੀਆਂ ਵਿੱਚ ਅਜਿਹੀ ਉਰਜਾ ਦਾ ਕੰਮ ਕਰੇਗਾ ਜੋ ਅੱਗੋਂ ਉਨ੍ਹਾਂ ਨੂੰ ਦੇਸ਼ ਅਤੇ ਸਮਾਜ ਲਈ ਕੁੱਝ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ । ਆਸ ਹੈ ਖਿਡਾਰੀ ਅਗਲੇ ਸਾਲ ਦੀ 25ਵੀਂ ਵਾਰ ਦੀ ਟਰਾਫ਼ੀ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦਵਾਉਣ ਲਈ ਹੁਣ ਤੋਂ ਹੀ ਜੁਟ ਜਾਣਗੇ ।