ਸਾਬਕਾ ਅਕਾਲੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਪ੍ਰੈਸ ਜਾਰੀ ਕੀਤੇ ਬਿਆਨ ਵਿੱਚ ‘ਵਾਰਿਸ ਪੰਜਾਬ ਦੇ’ ਮੁੱਖ ਆਗੂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਖਿਲਾਫ ਕੁਝ ਕੁ ਸਿੱਖ ਸਿਆਸੀ ਆਗੂਆਂ ਵਲੋਂ ਕੀਤੀ ਜਾਣ ਵਾਲੀ ਬਿਆਨਬਾਜੀ ਦੀ ਨਿੰਦਿਆ ਕੀਤੀ ਹੈ। ਉਹਨਾ ਕਿਹਾ ਕਿ ਕਿਸੇ ਕੌਮ ਦਾ ਭਵਿੱਖ ਇਸ ਗੱਲ ਤੇ ਬਹੁਤ ਨਿਰਭਰ ਕਰਦਾ ਹੈ ਕਿ ਉਸ ਕੌਮ ਦੀ ਨੌਜਵਾਨੀ ਕਿਤਨੀ ਸਿੱਖਿਅਤ, ਦੂਰਅੰਦੇਸ਼, ਜਿਮੇਂਵਾਰ ਅਤੇ ਨੇਮਬੱਧ (ਦਸਿਚਪਿਲਨਿੲਦ) ਹੈ। ਇਨ੍ਹਾਂ ਸਾਰੀਆਂ ਗੱਲਾਂ ਦੇ ਨਾਲ ਹੀ ਇਹ ਅਤਿ ਮਹੱਤਵ ਪੂਰਨ ਹੈ ਕਿ ਉਸ ਦੀ ਕੌਮ ਪ੍ਰਤੀ ਵਚਨਬੱਧਤਾ ਕਿਤਨੀ ਹੈ।ਅੱਜ ਜਿਸ ਵੇਲੇ ਸਿੱਖ ਕੌਮ ਪੂਰੀ ਤਰ੍ਹਾਂ ਦੁਸ਼ਮਣ ਸ਼ਕਤੀਆਂ ਦੇ ਘੇਰੇ ਵਿੱਚ ਹੈ, ਹਰ ਹੀਲੇ ਸਿੱਖ ਕੌਮ ਨੂੰ ਨੇਸਤੋ-ਨਾਬੂਦ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ, ਸਿੱਖੀ ਦੇ ਅਨਮੋਲ ਸਿਧਾਂਤਾਂ ਵਿੱਚ ਰੌਲ-ਘਚੋਲਾ ਪਾ ਕੇ, ਇਸ ਨੂੰ ਬਿੱਪਰਵਾਦ ਦੇ ਗਹਿਰੇ ਖਾਰੇ ਸਮੁੰਦਰ ਵਿੱਚ ਜਜ਼ਬ ਕਰਨ ਦੀਆਂ ਤਿਆਰੀਆਂ ਪੂਰੇ ਜੋਰਾਂ ਤੇ ਹਨ,ਤਾਂ ਇਹ ਅਤਿ ਜ਼ਰੂਰੀ ਹੋ ਜਾਂਦਾ ਹੈ ਕਿ ਕੌਮੀ ਨੌਜਵਾਨੀ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਅਤੇ ਕੌਮੀ ਹਿੱਤਾਂ ਲਈ ਸੰਘਰਸ਼ਸ਼ੀਲ ਹੋਵੇ। ਇਹ ਪਹਿਲੀ ਵਾਰ ਨਹੀਂ ਕਿ ਸਿੱਖ ਕੌਮ ਨੂੰ ਇਹੋ ਜਿਹੇ ਹਾਲਾਤ ਦਾ ਸਾਹਮਣਾਂ ਕਰਨਾ ਪੈ ਰਿਹਾ ਹੋਵੇ। ਬਲਕਿ ਸਿੱਖ ਕੌਮ ਤਾਂ ਜਦੋਂ ਦੀ ਹੋਂਦ ਵਿੱਚ ਆਈ ਹੈ, ਇਸ ਨੂੰ ਲਗਾਤਾਰ ਸੰਘਰਸ਼ ਵਿਚੋਂ ਲੰਘਣਾ ਪਿਆ ਹੈ। ਪਰ ਪਹਿਲਾਂ ਇੱਕ ਵੱਡਾ ਫਰਕ ਸੀ ਕਿ ਦੁਸ਼ਮਣ, ਦੁਸ਼ਮਣ ਬਣ ਕੇ ਸ੍ਹਾਮਣੇ ਮੈਦਾਨ ਵਿੱਚ ਆਉਂਦਾ ਸੀ। ਅਗੋਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹੁ ਦੇ ਬਖਸ਼ੇ ਆਦਰਸ਼ਾਂ, ਸ਼ਸਤਰਾਂ ਅਤੇ ਜਜ਼ਬੇ ਨਾਲ ਲੈਸ ਸਿੱਖ ਕੌਮ ਉਨ੍ਹਾਂ ਨੂੰ ਮੂੰਹ ਤੋੜ ਜੁਆਬ ਦੇਂਦੀ। ਸਿੱਖ ਇਤਿਹਾਸ ਗਵਾਹ ਹੈ ਕਿ ਇਨ੍ਹਾਂ ਮੁਹਿੰਮਾਂ ਵਿੱਚ ਬੱਚੇ ਤੋਂ ਬੁੱਢੇ ਤਕ ਸਭ ਨੇ ਆਪਣਾ ਢੁਕਵਾਂ ਯੋਗਦਾਨ ਪਾਇਆ, ਪਰ ਬਿਨਾਂ ਸ਼ੱਕ ਸਭ ਤੋਂ ਵੱਧ ਯੋਗਦਾਨ ਸਿੱਖ ਨੌਜਵਾਨੀ ਦਾ ਰਿਹਾ। ਤਾਂਹੀ ਤਾਂ ਇਤਨੀ ਘੱਟ ਗਿਣਤੀ ਵਿੱਚ ਹੁੰਦਿਆਂ, ਇਤਨੇ ਤਾਕਤਵਰ ਦੁਸ਼ਮਣ ਦੇ ਟਾਕਰੇ ਅਤੇ ਇਤਨੀਆਂ ਔਕੜਾਂ ਦੇ ਬਾਵਜੂਦ ਕੁੱਝ ਸਾਲਾਂ ਵਿੱਚ ਹੀ ਖਾਲਸਾ ਰਾਜ ਕਾਇਮ ਕਰ ਲਿਆ ਸੀ। ਪਰ ਅੱਜ ਹਾਲਾਤ ਬਿਲਕੁਲ ਅਲੱਗ ਹਨ। ਅੱਜ ਦੁਸ਼ਮਣ, ਦੋਸਤ ਦਾ ਰੂਪ ਧਾਰਨ ਕਰਕੇ ਮੱਕਾਰੀ ਨਾਲ ਸਿੱਖ ਅਤੇ, ਸਿੱਖੀ ਨੂੰ ਖਤਮ ਕਰਨ ਦੇ ਮਨਸੂਬੇ ਘੜ ਰਿਹਾ ਹੈ। ਇਹ ਮੱਕਾਰੀ ਵਾਲਾ ਹਮਲਾ ਵੀ ਪਹਿਲੀ ਵਾਰ ਨਹੀਂ ਹੋਇਆ। ਖਾਲਸਾ ਰਾਜ ਦੇ ਕਾਇਮ ਹੁੰਦਿਆਂ ਹੀ ਇਹ ਦੁਸ਼ਮਣ, ਖਾਲਸੇ ਦੀ ਧਰਮ ਨਿਰਪੱਖ ਸੋਚ ਨੂੰ ਪੌੜੀ ਬਣਾਕੇ, ਦੋਸਤ ਬਣਕੇ, ਰਾਜਸੱਤਾ ਵਿੱਚ ਸ਼ਾਮਲ ਹੋ ਗਿਆ। ਖਾਲਸਾ ਫੌਜਾਂ ਤਾਂ ਆਪਣੀ ਜਾਨ ਤੇ ਖੇਡ ਕੇ ਖਾਲਸਾ ਰਾਜ ਦੀਆਂ ਸਰਹੱਦਾਂ ਨੂੰ ਵਧਾਉਣ ਵਿੱਚ ਲਗੀਆਂ ਰਹੀਆਂ, ਪਰ ਇਹ ਦੁਸ਼ਮਣ ਅੰਦਰੋਂ ਅੰਦਰੀ ਖਾਲਸਾ ਰਾਜ ਦੇ ਪ੍ਰਤੱਖ ਦੁਸ਼ਮਣਾਂ ਨਾਲ ਮਿਲ ਕੇ ਰਾਜਸੱਤਾ ਨੂੰ ਖੋਖਲਾ ਕਰਨ ਵਿੱਚ ਲੱਗਾ ਰਿਹਾ, ਅਤੇ ਅੰਤ ਇਸ ਦੀਆਂ ਸਾਜਿਸ਼ਾਂ ਜੋ ਰੰਗ ਲਿਆਈਆਂ ਉਹ ਕਿਸੇ ਤੋਂ ਲੁਕੀਆਂ ਨਹੀਂ। ਇਹ ਮੱਕਾਰੀ ਦਾ ਹਮਲਾ ਸਦਾ ਜਾਰੀ ਰਿਹਾ ਹੈ। ਪਰ ਅੱਜ ਦੋ ਵੱਡੇ ਫਰਕ ਹਨ, ਪਹਿਲਾ ਤਾਂ ਇਹ ਕਿ ਸਦੀਆਂ ਦੀ ਗੁਲਾਮੀ ਤੋਂ ਬਾਅਦ ਅੱਜ ਵਿਰੋਧੀ ਰਾਜਸੱਤਾ ਤੇ ਕਾਬਜ਼ ਹੈ। ਦੂਸਰਾ ਇਹ ਕਿ ਅੱਜ ਸਿੱਖ ਕੌਮ ਦੀ ਅਗਵਾਈ ਕੌਮੀ ਗਦਾਰਾਂ ਦੇ ਹੱਥਾਂ ਵਿੱਚ ਆ ਗਈ ਹੈ, ਜੋ ਇਕ ਦੂਸਰੇ ਦੀ ਮਦੱਦ ਅਤੇ ਰਾਜਸੱਤਾ ਦੀ ਤਾਕਤ ਨਾਲ ਗਿਆਨ ਵਿਹੂਣੀ ਭੋਲੀ-ਭਾਲੀ ਸਿੱਖ ਕੌਮ ਨੂੰ ਗੁਮਰਾਹ ਕਰਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਥਾਪਿਤ ਕਰ ਚੁਕੇ ਹਨ। ਅੱਜ ਇਨ੍ਹਾਂ ਗੱਦਾਰ ਸਿੱਖ ਆਗੂਆਂ ਦੇ ਸਾਧਨ ਅਤੇ ਸਮਰਥਾ ਅਸੀਮਤ ਹੈ। ਫਿਰ ਜੇ ਵਾੜ ਹੀ ਖੇਤ ਨੂੰ ਖਾਣ ਲਗ ਪਏ ਤਾਂ ਬਚਾ ਕੌਣ ਸਕਦਾ ਹੈ। ਦੁਸ਼ਮਣ ਇਹ ਗੱਲ ਸਪਸ਼ਟ ਸਮਝਦਾ ਹੈ ਕਿ ਕਿਸੇ ਕੌਮ ਦਾ ਬੀਜ ਨਾਸ ਕਰਨ ਦਾ ਸਭ ਤੋਂ ਯੋਗ ਤਰੀਕਾ ਹੈ ਕਿ ਉਸ ਦੀ ਨੌਜਵਾਨੀ ਖਤਮ ਕਰ ਦਿਓ। ਜਿਸ ਕੌਮ ਦੀ ਅਗਲੀ ਪੀੜੀ ਹੀ ਖਤਮ ਹੋ ਗਈ, ਬੀਜ ਨਾਸ ਆਪੇ ਹੋ ਗਿਆ ਫਿਰ ਬਚਿਆ ਹੀ ਕੀ? ਇਸੇ ਸਕੀਮ ਤਹਿਤ ਪਿਛਲੇ ਸਮੇਂ ਵਿੱਚ ਸਿੱਖ ਜਵਾਨੀ ਨੂੰ ਚੁਣ ਚੁਣ ਕੇ ਮਾਰਿਆ ਗਿਆ। ਰਹਿੰਦਿਆਂ ਖੁਹੰਦਿਆਂ ਨੂੰ ਹੁਣ ਮੱਕਾਰੀ ਭਰੀਆਂ ਨੀਤੀਆਂ ਨਾਲ ਮੁਕਾਇਆ ਜਾ ਰਿਹਾ ਹੈ। ਜਦੋਂ ਕਿਸੇ ਚੁਣੌਤੀ ਦਾ ਟਾਕਰਾ ਕਰਨਾ ਹੋਵੇ ਤਾਂ ਇਹ ਜਰੂਰੀ ਹੈ ਕਿ ਉਸ ਦੇ ਹਰ ਪੱਖ ਨੂੰ ਵਿਚਾਰ ਅਤੇ ਸਮਝ ਲਿਆ ਜਾਵੇ। ਜਿਸ ਕੌਮ ਨੂੰ ਬਰਬਾਦ ਕਰਨਾ ਹੋਵੇ, ਉਸ ਦੀ ਜਵਾਨੀ ਨੂੰ ਤਿੰਨ ਰੋਗ ਲਗਾ ਦਿਓ, ਉਹ ਕੌਮ ਕੁੱਝ ਸਮੇਂ ਬਾਅਦ ਆਪੇ ਹੀ ਬਰਬਾਦ ਹੋ ਜਾਵੇਗੀ। ਇਹ ਰੋਗ ਹਨ: ਅਨਪੜ੍ਹਤਾ, ਨਸ਼ੇੜੀਪਨ ਅਤੇ ਵਿਹਲੜਪਨ। ਸ੍ਰ ਪੱਧਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਇਹ ਤਿੰਨੇ ਮਾਰੂ ਰੋਗ ਸਾਡੀ ਸਿੱਖ ਕੌਮ ਨੂੰ ਪੂਰੇ ਜੋਰ ਨਾਲ ਚੰਬੜ ਗਏ ਹਨ, ਜਾਂ ਇੰਝ ਕਹਿ ਲਓ ਕਿ ਬੜੀ ਸਕੀਮ ਨਾਲ ਚੰਬੇੜ ਦਿਤੇ ਗਏ ਹਨ। ਸੋ ਅਜਿਹੇ ਮੁਸੀਬਤ ਵਾਲੇ ਸਮੇਂ ਵਿੱਚ ਜੇਕਰ ਸਿੱਖ ਕੌਮ ਨੂੰ ਇਕ ਵਧੀਆ ਤੇ ਜੂਝਾਰੂ ਆਗੂ ਮਿਲਿਆ ਹੈ ਅਜਿਹੇ ਵਿੱਚ ਪੰਥ ਦੇ ਨਾਮ ਤੇ ਰੋਟੀਆਂ ਸੇਕਣ ਵਾਲੇ ਸਿੱਖ ਸਿਆਸੀ ਲੀਡਰਾਂ ਦਾ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੇ ਕਟਾਕਸ਼ ਬਿਲਕੁਲ ਗੈਰਵਾਜਿਬ ਅਤੇ ਅਤੀਨਿੰਦਣਯੋਗ ਹੈ। ਅਜਿਹੇ ਸਿਆਸੀ ਆਗੂਆਂ ਨੂੰ ਪਹਿਲਾਂ ਆਪਣੀਂ ਪੀੜੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਮਾਂ ਬਹੁਤ ਤੇਜੀ ਨਾਲ ਕਰਵਟ ਲੈ ਰਿਹਾ ਹੈ ਅਤੇ ਹੁਣ ਸਿੱਖ ਕੌਮ ਨੇ ਖਰੇ ਖੋਟੇ ਦੀ ਪਹਿਚਾਣ ਕਰਨ ਲੱਗ ਪਈ ਹੈ। ਸ੍ਰ ਪੱਧਰੀ ਨੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਹੱਕ ਵਿੱਚ ਬੋਲਦਿਆਂ ਹੋਇਆਂ ਕਿਹਾ ਕਿ ਸਿੱਖ ਇਤਿਹਾਸ ਦਾ ਸਫਰ ਖਾਮੋਸ਼ੀ ਤੋਂ ਗਰਜਵੇਂ ਨਾਦ ਵੱਲ ਹੋ ਤੁਰਿਆ ਹੈ। ਰਾਜਨੀਤਕ ਚੇਤਨਾਂ ਦਾ ਨਵਾਂ ਸੂਰਜ ਚੜ ਰਿਹਾ ਹੈ। ਸਤੁੰਤਰ ਰਾਜਨੀਤੀ ਦਾ ਨਵਾਂ ਆਗਾਜ਼ ਹੈ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ। ਬਹੁਤਿਆਂ ਨੇ ਕਹਿ ਦਿੱਤਾ ਤੇ ਕਈਆਂ ਨੇ ਅਜੇ ਕਹਿਣਾਂ ਕਿ ਇਸਨੂੰ ਪਾਕਿਸਤਾਨ ਨੇ ਭੇਜਿਆ, ਇਹ ਆਈ ਐਸ ਆਈ ਦਾ ਏਜੰਟ ਹੈ, ਇਹ ਬਾਰਵੀਂ ਪਾਸ ਪੰਥ ਨੂੰ ਕੀ ਰਾਹ ਵਿਖਾਏਗਾ ? ਇਹ ਹੁਣ ਮੁੰਡੇ ਮਰਵਾਊਗਾ, ਇਹ ਹਥਿਆਰ ਚੁੱਕੀ ਫਿਰਦਾ ਹੈ, ਇਹਨੇ ਪੰਜਾਬ ਦੀ ਸ਼ਾਂਤੀ ਨੂੰ ਅੱਗ ਲਾ ਦੇਣੀ ਹੈ, ਮੈਂ ਹੈਰਾਨ ਹਾਂ ਕਿ ਜਦੋਂ ਮਣਾਂ ਦੇ ਹਿਸਾਬ ਨਾਲ ਪ੍ਰਸ਼ਾਸਨ ਦੀ ਰਹਿਨੁਮਾਈ ਵਿੱਚ ਪੰਜਾਬ ਚ’ ਚਿੱਟਾ ਵਿਕਦਾ ਉਸ ਨਾਲ ਮੁੰਡੇ ਮਰਦੇ ਨਹੀ ਦਿਸਦੇ ? ਸਾਡਿਆਂ ਅਖੌਤੀ ਲੀਡਰਾਂ ਦੇ ਸ਼ਰੇਆਮ ਪਾਕਿਸਤਾਨੀ ਮਿੱਤਰ ਹਮਸਾਏ ਬਣਕੇ ਇਥੇ ਰਹਿੰਦੇ ਨੇ ਓਦੋਂ ਸਾਡੇ ਮੂੰਹ ਨੂੰ ਜਿੰਦਰੇ ਲੱਗ ਜਾਂਦੇ ਨੇ। ਇਹ ਇਕ ਚੰਗਾਂ ਸ਼ਗਨ ਹੈ ਪੰਜਾਬੀਓ, ਊਟ-ਪਟਾਂਗ ਸਵਾਲਾਂ ਤੇ ਤੰਜ਼ਾਂ ਤੋਂ ਉੱਪਰ ਉੱਠੀਏ। ਭਾਈ ਅੰਮ੍ਰਿਤਪਾਲ ਸਿੰਘ ਦੀ ਪੰਥਕ ਸੂਝ-ਬੂਝ ਤੋਂ ਇਹ ਲੱਗ ਰਿਹਾ ਹੈ ਕਿ ਪੰਥ ਦੀ ਸੋਚ,ਸਮਝ ਤੇ ਬਬੇਕ ਦਾ ਰਾਜਨੀਤਕ ਤੇ ਧਾਰਮਿਕ ਗ੍ਰਾਫ ਉੱਪਰ ਵੱਲ ਨੂੰ ਜਾ ਰਿਹਾ ਹੈ। ਕਿਸੇ ਚ’ ਦਮ ਨਹੀਂ ਪਰ ਮਸੰਦਾਂ ਨੇ ਸੂਖ਼ਮ ਤੋਂ ਸੂਖ਼ਮ ਚਾਲਾਂ ਚੱਲਣੀਆਂ ਪਰ ਖਾਲਸਾ ਪੰਥ ਨੇ ਇਹੋ ਜਿਹੀਆਂ ਚਾਲਾਂ ਨੂੰ ਸਮਝਣਾਂ ਸ਼ੁਰੂ ਕਰ ਦਿੱਤਾ ਤੇ ਸ਼ਰਾਰਤਾਂ ਨੂੰ ਹੱਸ ਕੇ ਰੱਦ ਕਰ ਰਿਹਾ ਹੈ।
ਸਿੱਖ ਸਿਆਸੀ ਲੀਡਰਾਂ ਦਾ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੇ ਕਟਾਕਸ਼ ਬਿਲਕੁਲ ਗੈਰਵਾਜਿਬ ਅਤੇ ਅਤੀਨਿੰਦਣਯੋਗ : ਪੱਧਰੀ
This entry was posted in ਪੰਜਾਬ.