ਕੋਟਕਪੂਰਾ (ਦੀਪਕ ਗਰਗ):- ਭਾਈ ਚਰਨਜੀਤ ਸਿੰਘ ਚੰਨੀ ਅਤੇ ਉਹਨਾਂ ਦੇ ਜੱਥੇ ਵੱਲੋਂ ਗਾਇਨ ਕੀਤੇ ਗਏ ਧਾਰਮਿਕ ਗੀਤ ਦਾ ਪੋਸਟਰ ਅੱਜ ਗੁਰੂ ਜੀ ਦੇ ਸ਼ਹਾਦਤ-ਦਿਵਸ ਉੱਪਰ ਰਿਲੀਜ਼ ਕੀਤਾ ਗਿਆ। ਨਾਲ ਹੀ ਇਹ ਗੀਤ ਯੂ-ਟਿਊਬ ਚੈਨਲ ’ਤੇ ਵੀ ਅਪਲੋਡ ਕੀਤਾ ਗਿਆ। ਨੌਵੀਂ ਪਾਤਸ਼ਾਹੀ ਦੀ ਅਨੋਖੀ ਸ਼ਹਾਦਤ ਬਾਰੇ ਇਹ ਗੀਤ ਇਲਾਕੇ ਦੇ ਸ਼ਾਇਰ ਡਾ. ਦੇਵਿੰਦਰ ਸੈਫੀ ਵੱਲੋਂ ਲਿਖਿਆ ਗਿਆ ਹੈ। ਜਿਸ ਦੇ ਮੁੱਖ ਬੋਲ ਹਨ ‘ਜੋਰ ਜੁਲਮ ਦੇ ਅੱਗੇ ਸੱਚ ਨੂੰ ਨਹੀਂ ਝੁਕਾ ਸਕਦੇ’, ਸੀਸ ਗੁਰਾਂ ਦਾ ਲੈ ਸਕਦੇ ਪਰ ਭੇਦ ਨੀ ਪਾ ਸਕਦੇ-ਨਾ ਡਰਾਉਣਾ ਕਿਸੇ ਨੂੰ ਨਾ ਹੀ ਕਿਸੇ ਤੋਂ ਡਰਨਾ ਏ, ਸੱਚ ਦੀ ਖਾਤਰ ਜਿਉਣਾ ਸੱਚ ਦੀ ਖਾਤਰ ਮਰਨਾ ਏ, ਇਹ ਅਨੋਖੀ ਪਾਤਸ਼ਾਹੀ ਹੈ ਦੋ ਜਹਾਨਾਂ ਦੀ-ਜੱਗ ਤੋਂ ਵੱਖਰੀ ਪੀਰੀ ਹੈ ਸਤਿਗੁਰ ਸੁਲਤਾਨਾਂ ਦੀ’। ਇਸ ਗੀਤ ਦਾ ਸੰਗੀਤ ਪ੍ਰੀਤ ਇੰਦਰ ਸਿੰਘ ਨੇ ਦਿੱਤਾ। ਉਕਤ ਗੀਤ ਬਾਰੇ ਜਾਣਕਾਰੀ ਦਿੰਦਾ ਪੋਸਟਰ ‘ਸੀਸ ਗੁਰਾਂ ਦਾ’ ਸਿੱਖੀ ਕਦਰਾਂ-ਕੀਮਤਾਂ ਸੰਗ ਪ੍ਰਣਾਏ ਸਮਾਜਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ, ਡਾ. ਦੇਵਿੰਦਰ ਸੈਫੀ, ਭਾਈ ਚਰਨਜੀਤ ਸਿੰਘ ਚੰਨੀ ਦੇ ਜੱਥੇ ਤੋਂ ਇਲਾਵਾ ਗੁਰਮੀਤ ਸਿੰਘ ਮੀਤਾ, ਕੰਵਲਜੀਤ ਸਿੰਘ ਢੁੱਡੀ ਆਦਿ ਨੇ ਜਾਰੀ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗਾਇਕ ਹਰਮਨਜੋਤ ਸਿੰਘ ਅਤੇ ਗੁਰਤਰਨ ਸਿੰਘ ਮੋਰਾਂਵਾਲੀ ਆਦਿ ਵੀ ਮੌਜੂਦ ਸਨ।