ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ।
ਇਸ ਮੌਕੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਚ ਗੁਰਮਤਿ ਸਮਾਗਮ ਹੋਏ ਜਿਹਨਾਂ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਗੁਰੂ ਕੀ ਇਲਾਹੀ ਬਾਣੀ ਦੇ ਕੀਰਤਨ ਤੇ ਕਥਾ ਵਿਚਾਰਾਂ ਸੁਣੀਆਂ।
ਇਸ ਮੌਕੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਗੁਰਦੁਆਰਾ ਰਕਾਬਗੰਜ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਜਿਸ ਵਿਚ ਸੁੰਦਰ ਪਾਲਕੀ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ। ਨਗਰ ਕੀਰਤਨ ਇਥੋਂ ਨਵੀਂ ਸੜਕ, ਚਾਵੜੀ ਬਜ਼ਾਰ, ਅਜਮੇਰੀ ਗੇਟ, ਚੂਨਾ ਮੰਡੀ, ਪਹਾੜਗੰਜ, ਪੰਚਕੂਈਆਂ ਰੋਡ ਅਤੇ ਗੁਰਦੁਆਰਾ ਬੰਗਲਾ ਸਾਹਿਬ ਹੁੰਦੇ ਹੋਏ ਗੁਰਦੁਆਰਾ ਰਕਾਬਗੰਜ ਸਾਹਿਬ ਆ ਕੇ ਸਮਾਪਤ ਹੋਇਆ।
ਨਗਰ ਕੀਰਤਨ ਵਿਚ ਗੁਰੂ ਕੀ ਲਾਡੀ ਫੌਜ ਨਿਹੰਗ ਸਿੰਘਾਂ ਦੇ ਜੱਥਿਆਂ ਤੋਂ ਇਲਾਵਾ ਸਕੂਲੀ ਵਿਦਿਆਰਥੀ, ਗੱਤਕਾ ਪਾਰਟੀਆਂ ਤੇ ਹੋਰ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਇਸ ਦੇ ਨਾਲ ਹੀ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਵੀਂ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੀ ਜਿਸ ਵਿਚ ਵੱਖ ਵੱਖ ਰਾਗੀ ਜੱਥੇ, ਪ੍ਰਚਾਰਕ, ਸਕੂਲੀ ਬੱਚੇ ਅਤੇ ਢਾਡੀ ਜਥੇਆ ਨੇ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਸੀ ।