ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬਠਿੰਡਾ ਜੇਲ੍ਹ ਤੋਂ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਪੁੱਛਗਿਛ ਲਈ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਐਨਆਈਏ ਰਿਮਾਂਡ ਚਾਰ ਦਿਨ ਦਾ ਵਧਾ ਦਿੱਤਾ ਹੈ। ਬਿਸ਼ਨੋਈ ਨੂੰ 10 ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ ਕੀਤਾ ਗਿਆ।
ਇਸ ਤੋਂ ਪਹਿਲਾਂ 24 ਨਵੰਬਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਲਾਰੇਂਸ ਬਿਸ਼ਨੋਈ ਦੇ 10 ਦਿਨ ਦੇ ਰਿਮਾਂਡ ‘ਤੇ ਰਾਸ਼ਟਰੀ ਜਾਂਚ ਏਜੰਸੀ ਨੂੰ ਸੌਂਪ ਦਿੱਤਾ ਸੀ। ਰਾਸ਼ਟਰੀ ਏਜੰਸੀ ਦਿੱਲੀ-ਐੱਨਸੀਆਰ ਦੇ ਗੈਂਗਸਟਰਾਂ ਦੇ ਖਾੜਕੂ ਸੰਗਠਨਾਂ ਨਾਲ ਸਬੰਧਾਂ ਦੀ ਜਾਂਚ ਕਰ ਰਹੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਕੈਲੀਫੋਰਨੀਆ ‘ਚ ਹਿਰਾਸਤ ‘ਚ ਲੈ ਲਿਆ ਗਿਆ ਹੈ। ਇਹ ਜਾਣਕਾਰੀ ਭਾਰਤ ਦੀਆਂ ਖੁਫੀਆ ਏਜੰਸੀਆਂ ਦੇ ਸੂਤਰਾਂ ਤੋਂ ਮਿਲੀ ਹੈ। ਹਾਲਾਂਕਿ ਕੈਲੀਫੋਰਨੀਆ ਵਾਲੇ ਪਾਸੇ ਤੋਂ ਇਸ ਸਬੰਧੀ ਭਾਰਤ ਸਰਕਾਰ ਨੂੰ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਜਿਕਰਯੋਗ ਹੈ ਕਿ ਇਸ ਸਾਲ ਬੀਤੀ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਸੀ। ਉਸ ‘ਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ । ਉਸ ਦੇ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਦੱਸਿਆ ਗਿਆ ਸੀ, ਉਸ ਨੇ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਮੂਸੇਵਾਲਾ ਦੇ ਕਤਲ ਦੀ ਪੂਰੀ ਯੋਜਨਾ ਬਣਾਈ ਅਤੇ ਫਿਰ ਆਪਣੇ ਸ਼ੂਟਰਾਂ ਰਾਹੀਂ ਕਤਲ ਨੂੰ ਅੰਜਾਮ ਦਿੱਤਾ। ਪੁਲਿਸ ਨੇ ਇਸ ਮਾਮਲੇ ‘ਚ 34 ਲੋਕਾਂ ਨੂੰ ਦੋਸ਼ੀ ਬਣਾਇਆ ਹੈ।