ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵੱਲੋਂ ਅਕਾਡਮੀ ਦੇ ਜੀਵਨ ਮੈਂਬਰ ਸ. ਹਰਬੀਰ ਸਿੰਘ ਭੰਵਰ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਹੋਰਾਂ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ. ਹਰਬੀਰ ਸਿੰਘ ਭੰਵਰ ਹੋਰਾਂ ਨੂੰ ਪ੍ਰਸਿੱਧ ਚਿੱਤਰਾਕਰ ਸ. ਸ਼ੋਭਾ ਸਿੰਘ ਜੀ ਦੇ ਸ਼ਾਗਿਰਦ ਹੋਣ ਦਾ ਮਾਣ ਹਾਸਿਲ ਸੀ। ਉਨ੍ਹਾਂ ਦਾ ਚਿੱਤਰਕਾਰੀ ਦਾ ਸ਼ੌਕ ਹੀ ਉਨ੍ਹਾਂ ਨੂੰ ਸ. ਸ਼ੋਭਾ ਸਿੰਘ ਕੋਲ ਲੈ ਗਿਆ। ਉਨ੍ਹਾਂ ਪਰਿਵਾਰ ਨਾਲ ਸੰਵੇਦਨਾ ਦਾ ਪ੍ਰਗਟਾਵਾ ਕੀਤਾ। ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਸ. ਹਰਬੀਰ ਸਿੰਘ ਭੰਵਰ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਅਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਹੋਰਾਂ ਨੇੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ. ਹਰਬੀਰ ਸਿੰਘ ਭੰਵਰ ਹੋਰਾਂ ਪੰਜਾਬੀ ਨਾਟਕ ਦੀ ਨੱਕੜ ਦਾਦੀ ‘ਨੌਰਾ ਰਿਚਰਡਜ਼’ ਬਾਰੇ ਪੁਸਤਕ ਲਿਖੀ ਜਿਸ ਨੂੰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪ੍ਰਕਾਸ਼ਿਤ ਕੀਤਾ ਗਿਆ। ਇਸ ਤੋਂ ਇਲਾਵਾ ਭੰਵਰ ਸਾਹਿਬ ਨੇ ਪੰਜਾਬੀ ਲੋਕ ਨਾਇਕ ਜੀਵਨੀ ਸੰਤ ਹਰਚੰਦ ਸਿੰਘ ਲੌਂਗੋਵਾਲ, ਕਾਲੇ ਦਿਨ 1984 ਤੋਂ ਬਾਅਦ ਸਿੱਖ, ਡਾਇਰੀ ਦੇ ਪੰਨੇ ਜੋ ਇਤਿਹਾਸ ਬਣ ਗਏ, ਤੀਜਾ ਘੱਲੂਘਾਰਾ ਅਤੇ ਕਾਲੇ ਦਿਨ, ਲਹੂ ਭਿੱਜੀ ਪੱਤਰਕਾਰੀ, ਕੀ ਖ਼ਾਲਿਸਤਾਨ ਬਣੇਗਾ, ਸ਼ੋਭਾ ਸਿੰਘ ਜੀਵਨ ਸ਼ਖ਼ਸੀਅਤ ਤੇ ਕਲਾ, ਨਾਰੀਅਲ ਦੀ ਧਰਤੀ ਅਤੇ ਮੇਰੀ ਕੈਨੇਡਾ ਫੇਰੀ ਪੁਸਤਕਾਂ ਦੀ ਰਚਨਾ ਕਰਕੇ ਪੰਜਾਬੀ ਸਾਹਿਤ ਵਿਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਦਸਿਆ ਭੰਵਰ ਸਾਹਿਬ ਤਾਉਮਰ ਪੱਤਰਕਾਰੀ ਨਾਲ ਜੁੜੇ ਰਹੇ। ਲੁਧਿਆਣਾ ’ਚ ਰਹਿਣ ਕਰਕੇ ਉਹ ਅਕਸਰ ਹੀ ਅਕਾਡਮੀ ਦੇ ਸਮਾਗਮਾਂ ਵਿਚ ਸ਼ਮੂਲੀਅਤ ਕਰਦੇ ਸਨ। ਇਸ ਦੁੱਖ ਦੀ ਘੜੀ ਵਿਚ ਪੰਜਾਬੀ ਸਾਹਿਤ ਅਕਾਡਮੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ।