ਅੰਮ੍ਰਿਤਸਰ :- ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਿਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵਲੋਂ ਸ਼੍ਰੋਮਣੀ ਪੱਤਰਕਾਰ ਸ. ਹਰਬੀਰ ਸਿੰਘ ਭੰਵਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰੈਸ ਸਕੱਤਰ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ, ਸਕੱਤਰ ਗੁਰਮੀਤ ਪਲਾਹੀ ਤੇ ਬੋਰਡ ਦੇ ਡਾਇਰੈਟਰ ਡਾ. ਬ੍ਰਿਜਪਾਲ ਸਿੰਘ, ਸ੍ਰੀ ਮਤੀ ਜਸਬੀਰ ਕੌਰ, ਡਾ. ਬੂਟਾ ਸਿੰਘ ਬਰਾੜ, ਡਾ. ਸੁਰਿੰਦਰਪਾਲ ਸਿੰਘ ਮੰਡ,ਸ੍ਰੀ ਹਰਜਿੰਦਰ ਸਿੰਘ ਸੂਰਜੇਵਾਲੀਆ ਤੇ ਡਾ. ਜੀਤ ਸਿੰਘ ਜੋਸ਼ੀ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਅਜ ਭੰਵਰ ਸਾਹਿਬ ਸਾਡੇ ਵਿਚ ਨਹੀਂ ਰਹੇ ਪਰ ਉਨ੍ਹਾਂ ਵੱਲੋਂ ਕੀਤੇ ਸਾਹਿਤਕ ਕਾਰਜ ਤੇ ਪ੍ਰਕਾਸ਼ਿਤ ਪੁਸਤਕਾਂ ਜਿਵੇਂ ਪੰਜਾਬ ਦਾ ਲੋਕ-ਨਾਇਕ, ਸਾਕਾ ਨੀਲਾ ਤਾਰਾ ਬਾਰੇ ਡਾਇਰੀ ਦੇ ਪੰਨੇ , ਨਾਰੀਅਲ ਦੀ ਧਰਤੀ ‘ਤੇ, ਸੋਭਾ ਸਿੰਘ (ਜੀਵਨ ਤੇ ਕਲਾ) , ‘ਮੇਰੀ ਕੈਨੇਡਾ ਫੇਰੀ’ ਆਦਿ ਉਨ੍ਹਾਂ ਦੇ ਨਾਂ ਨੂੰ ਹਮੇਸ਼ਾਂ ਕਾਇਮ ਰਖਣਗੀਆਂ।ਉਨ੍ਹਾਂ ਦੇ ਚਲੰਤ ਮਾਮਲਿਆ ਤੇ ਸਿੱਖ ਧਰਮ ਬਾਰੇ ਅਕਸਰ ਦੇਸ਼ ਵਿਦੇਸ਼ ਦੀਆਂ ਅਖ਼ਬਾਰਾਂ ਵਿਚ ਛਪਦੇ ਰਹਿੰਦੇ ਸਨ।ਉਨ੍ਹਾਂ ਪ੍ਰੋ: ਪੁਰਦਮਨ ਸਿੰਘ ਬੇਦੀ ਤੇ ਪ੍ਰੋ.ਗੁਰਭਜਨ ਸਿੰਘ ਗਿੱਲ ਨਾਲ ਮਿਲ ਕੇ ਸੋਭਾ ਸਿੰਘ ਚਿੱਤਰਕਾਰ ਸਿਮਰਤੀ ਗ੍ਰੰਥ 2003 ਵਿਚ ਸੰਪਾਦਿਤ ਕੀਤਾ ।ਉਨ੍ਹਾਂ ਨੇ ਦਿ ਟਿੑਬਿਊਨ, ਬੀ.ਬੀ.ਸੀ., ਪੰਜਾਬੀ ਜਾਗਰਣ ਤੇ ਦੈਨਿਕ ਜਾਗਰਣ ਅਖਬਾਰਾਂ ਲਈ ਕੰਮ ਕੀਤਾ।ੳਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਬਤੌਰ ਮੀਡੀਆ ਸਲਾਹਕਾਰ ਨੌਕਰੀ ਕੀਤੀ।
ਉਹ ਦੇਸ਼-ਵਿਦੇਸ਼ ਘੁੰਮੇ ।ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ, ਚੰਡੀਗੜ੍ਹ ਦੇ ਜੀਵਨ ਮੈਂਬਰ ਸਨ।ਪ੍ਰੈਸ ਕਲੱਬ ਪਟਿਆਲਾ ਤੇ ਪ੍ਰੈਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਰਹਿ । ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ “ਇਨਸਾਈਕਲੋਪੀਡੀਆ ਆਫ ਸਿਖ਼ਜ਼ਮ” ਦੀ ਨਵੀਂ ਐਡੀਸ਼ਨ ਲਈ “ਅਪਰੇਸ਼ਨ ਬਲਿਊ ਸਟਾਰ” ਬਾਰੇ “ਐਂਟਰੀ” ਲਿਖ ਕੇ ਦਿਤੀ ।ਉਨ੍ਹਾਂ ਨੂੰ ਦੋ ਦਰਜਨ ਤੋਂ ਵੱਧ ਸਾਹਿੱਤਕ, ਧਾਰਮਿਕ, ਅਤੇ ਪੱਤਰਕਾਰਤਾ ਨਾਲ ਜੁੜੀਆਂ ਜੱਥੇਬੰਦੀਆਂ ਵਲੋਂ ਸਮੇਂ ਸਮੇਂ ਸਨਮਾਨਿਤ ਕੀਤਾ ਗਿਆ।ਇੰਡੀਅਨ ਮੀਡੀਆ ਸ਼ੈਂਟਰ ਲੁਧਿਆਣਾ ਵਲੋਂ ਆਪ ਨੰ ਲਾਇਫ਼ ਟਾਇਮ ਅਚੀਵਮੈਂਟ ਅਵਾਰਡ ਨਾਲ ਨਿਵਾਜਿਆ ਗਿਆ।