ਫ਼ਤਹਿਗੜ੍ਹ ਸਾਹਿਬ – “ਬੀਤੇ 2 ਦਿਨ ਪਹਿਲੇ ਜਲੰਧਰ ਇਮਪਰੂਵਮੈਂਟ ਟਰੱਸਟ ਅਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੇ ਜੋ ਬੀਤੇ 70 ਸਾਲਾਂ ਤੋਂ ਆਪੋ-ਆਪਣੇ ਮਕਾਨਾਂ, ਘਰਾਂ ਵਿਚ ਵੱਸਦੇ ਆ ਰਹੇ 80 ਸਿੱਖ ਪਰਿਵਾਰਾਂ ਦੇ ਮਕਾਨ ਜੇ.ਸੀ.ਬੀ. ਅਤੇ ਬੁਲਡੋਜਰਾਂ ਨਾਲ ਤੋੜਕੇ ਉਨ੍ਹਾਂ ਨੂੰ ਦਸੰਬਰ ਦੀਆਂ ਠੰਡ ਦੀਆਂ ਰਾਤਾਂ ਵਿਚ ਬੇਘਰ ਕੀਤਾ ਹੈ, ਬੱਚਿਆਂ, ਬੀਬੀਆਂ ਅਤੇ ਬਜੁਰਗਾਂ ਦੇ ਦੁੱਖਦਾਇਕ ਵੈਣ ਪਵਾਉਣ ਦੀ ਬਜਰ ਗੁਸਤਾਖੀ ਕੀਤੀ ਹੈ, ਇਸ ਤਰ੍ਹਾਂ ਕਦੀ ਵੀ ਪੰਜਾਬ ਵਿਚ ਕਿਸੇ ਵੀ ਸਰਕਾਰ ਜਾਂ ਅਫਸਰਸਾਹੀ ਨੇ ਜ਼ਬਰ ਜੁਲਮ ਨਹੀ ਕੀਤਾ । ਜਾਪਦਾ ਹੈ ਕਿ ਬੇਸੱਕ ਇਨ੍ਹਾਂ ਸਿੱਖ ਪਰਿਵਾਰਾਂ ਤੋ ਇਹ ਜਗ੍ਹਾ ਖਾਲੀ ਕਰਵਾਉਣ ਲਈ ਅਦਾਲਤੀ ਹੁਕਮ ਸਨ, ਪਰ ਜਦੋ ਤੱਕ ਉਸਦਾ ਕੋਈ ਸਹੀ ਬਦਲ ਜਾਂ ਉਨ੍ਹਾਂ ਪਰਿਵਾਰਾਂ ਦੀ ਰਾਏ ਅਨੁਸਾਰ ਉਨ੍ਹਾਂ ਦੇ ਰਹਿਣ ਲਈ ਜਾਂ ਉਨ੍ਹਾਂ ਨੂੰ ਹੋਰ ਸਥਾਂਨ ਤੇ ਜਗ੍ਹਾ ਅਲਾਟ ਕਰਨ ਲਈ ਪ੍ਰਬੰਧ ਨਹੀ ਸੀ ਹੋ ਜਾਂਦਾ, ਉਦੋ ਤੱਕ ਕੋਈ ਵੀ ਸਰਕਾਰ, ਇਮਪਰੂਵਮੈਂਟ ਟਰੱਸਟ ਜਾਂ ਅਧਿਕਾਰੀ ਨੂੰ ਕੋਈ ਕਾਨੂੰਨੀ, ਸਮਾਜਿਕ, ਇਖਲਾਕੀ ਹੱਕ ਨਹੀ ਕਿ ਲੰਮੇ ਸਮੇ ਤੋ ਵੱਸਦੇ ਆ ਰਹੇ ਲੋਕਾਂ ਨੂੰ ਇਸ ਤਰ੍ਹਾਂ ਉਜਾੜਾਂ ਕਰ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਘਰਦੇ ਸਮਾਨ ਜੋ ਉਨ੍ਹਾਂ ਨੇ ਲੰਮੇ ਸਮੇ ਦੀ ਮਿਹਨਤ ਨਾਲ ਬਣਾਇਆ ਹੈ, ਉਸਦੀ ਤੋੜਫੋੜ ਕਰ ਦਿੱਤੀ ਜਾਵੇ । ਪ੍ਰਸ਼ਾਸ਼ਨ ਅਤੇ ਟਰੱਸਟ ਦੇ ਅਧਿਕਾਰੀਆਂ, ਪੰਜਾਬ ਸਰਕਾਰ ਨੇ ਇਹ ਅਤਿ ਸ਼ਰਮਨਾਕ ਗੈਰ-ਇਨਸਾਨੀ, ਗੈਰ-ਇਖਲਾਕੀ ਕੰਮ ਕਰਕੇ ਸਮੁੱਚੇ ਪੰਜਾਬੀਆਂ, ਵਿਸ਼ੇਸ਼ ਤੌਰ ਤੇ ਸਿੱਖ ਕੌਮ ਦੇ ਆਉਣ ਵਾਲੇ ਸਮੇ ਦੇ ਹਕੂਮਤੀ ਖ਼ਤਰੇ ਨੂੰ ਪ੍ਰਤੱਖ ਰੂਪ ਵਿਚ ਸਪੱਸਟ ਕਰ ਦਿੱਤਾ ਹੈ ਕਿ ਮੁਤੱਸਵੀ ਹੁਕਮਰਾਨ ਅਤੇ ਉਨ੍ਹਾਂ ਦੀ ਸੋਚ ਉਤੇ ਚੱਲਣ ਵਾਲੀ ਅਫਸਰਸਾਹੀ ਕਿਵੇ ਆਪਣੇ ਹੀ ਸੂਬੇ ਤੇ ਆਪਣੇ ਹੀ ਸ਼ਹਿਰਾਂ ਦੇ ਨਿਵਾਸੀਆ ਦੇ ਜੀਵਨ ਨਾਲ ਖਿਲਵਾੜ ਕਰਨ ਤੇ ਉਤਾਰੂ ਹੋਏ ਪਏ ਹਨ । ਜਾਪਦਾ ਹੈ ਕਿ ਇਨ੍ਹਾਂ 80 ਸਿੱਖ ਪਰਿਵਾਰ ਜੋ ਪਹਿਲੇ 1947 ਵਿਚ ਪਾਕਿਸਤਾਨ ਤੋ ਵੰਡ ਵੇਲੇ ਉਜੜਕੇ ਆਏ ਸਨ, ਉਨ੍ਹਾਂ ਨੂੰ ਸਿੱਖ ਵਿਰੋਧੀ ਸਾਜਿਸ ਦਾ ਨਿਸ਼ਾਨਾਂ ਬਣਾਇਆ ਗਿਆ ਹੈ । ਜੋ ਕਿ ਅਸਹਿ ਤੇ ਅਕਹਿ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਪੰਜਾਬ ਸਰਕਾਰ, ਇਮਪਰੂਵਮੈਂਟ ਟਰੱਸਟ ਅਤੇ ਸੰਬੰਧਤ ਅਧਿਕਾਰੀਆਂ ਵੱਲੋ ਕੀਤੀ ਗਈ ਇਸ ਘਿਣੋਨੀ ਅਤੇ ਮਨੁੱਖਤਾ ਵਿਰੋਧੀ ਕਾਰਵਾਈ ਦੀ ਜਿਥੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ, ਉਥੇ ਇਸ ਕਾਰਵਾਈ ਨੂੰ ਉਚੇਚੇ ਤੌਰ ਤੇ ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਵਾਲੀ ਕਰਾਰ ਦਿੰਦੇ ਹੋਏ ਇਸ ਜ਼ਬਰ ਵਿਰੁੱਧ ਸਮੁੱਚੀ ਸਿੱਖ ਕੌਮ ਤੇ ਲੀਡਰਸ਼ਿਪ ਨੂੰ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਤਰ੍ਹਾਂ ਦੇ ਵਖਰੇਵਿਆ ਤੋ ਉਪਰ ਉੱਠਕੇ ਸਮੂਹਿਕ ਤੌਰ ਤੇ ਆਵਾਜ ਬੁਲੰਦ ਕਰਨ, ਸਰਕਾਰਾਂ ਤੇ ਅਧਿਕਾਰੀਆਂ ਨੂੰ ਇਸ ਕੀਤੇ ਗਏ ਜ਼ਬਰ ਦੇ ਭਿਆਨਕ ਨਤੀਜਿਆ ਲਈ ਖਬਰਦਾਰ ਵੀ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 2 ਦਿਨ ਪਹਿਲੇ ਜਲੰਧਰ ਦੇ ਲਤੀਫਪੁਰ ਦੇ ਇਲਾਕੇ ਵਿਚ ਬੀਤੇ 70 ਸਾਲਾਂ ਤੋਂ ਵੱਸੇ ਹੋਏ 80 ਸਿੱਖ ਪਰਿਵਾਰਾਂ ਦੇ ਪੱਕੇ ਘਰਾਂ ਨੂੰ ਜ਼ਬਰੀ ਬੁਲਡੋਜਰਾਂ ਅਤੇ ਜੇ.ਸੀ.ਬੀ. ਨਾਲ ਇਮਪਰੂਵਮੈਂਟ ਟਰੱਸਟ, ਅਧਿਕਾਰੀਆਂ ਅਤੇ ਪੰਜਾਬ ਸਰਕਾਰ ਵੱਲੋ ਬਿਨ੍ਹਾਂ ਕਿਸੇ ਤਰ੍ਹਾਂ ਦੇ ਸਹੀ ਪ੍ਰਬੰਧ ਕਰਨ ਦੇ ਉਨ੍ਹਾਂ ਦੇ ਘਰ ਤੋੜਨ ਅਤੇ ਦਸੰਬਰ ਦੀਆਂ ਠੰਡ ਦੀਆਂ ਰਾਤਾਂ ਵਿਚ ਉਨ੍ਹਾਂ ਸਭਨਾਂ ਪਰਿਵਾਰਾਂ, ਬੱਚਿਆਂ, ਬਜੁਰਗਾਂ, ਬੀਬੀਆਂ ਨੂੰ ਬੇਘਰ ਕਰਨ ਦੇ ਅਤਿ ਸ਼ਰਮਨਾਕ ਕਾਰੇ ਲਈ ਇਮਪਰੂਵਮੈਂਟ ਟਰੱਸਟ, ਜਲੰਧਰ ਦੇ ਸੰਬੰਧਤ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਉਦੇ ਹੋਏ ਅਤੇ ਇਸ ਲਈ ਵਿਸੇਸ ਤੌਰ ਤੇ ਸਿੱਖ ਘਰਾਂ ਨੂੰ ਨਿਸ਼ਾਨਾਂ ਬਣਾਉਣ ਦੇ ਮੰਦਭਾਵਨਾ ਭਰੀਆਂ ਸਾਜਿਸਾਂ ਦੇ ਭਿਆਨਕ ਨਤੀਜਿਆ ਲਈ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਦੇ ਚੱਪੇ-ਚੱਪੇ ਵਿਚ ਬਿਹਾਰੀ, ਬੰਗਾਲੀ ਤੇ ਹੋਰ ਪ੍ਰਵਾਸੀ ਮਜਦੂਰ, ਮਿਊਸੀਪਲ ਕਾਰਪੋਰੇਸ਼ਨਾਂ, ਇਮਪਰੂਵਮੈਂਟ ਟਰੱਸਟਾਂ ਤੇ ਹੋਰ ਸਰਕਾਰੀ ਜ਼ਮੀਨਾਂ ਉਤੇ ਵੱਡੀ ਗਿਣਤੀ ਵਿਚ ਗੈਰ ਕਾਨੂੰਨੀ ਢੰਗ ਨਾਲ ਵੱਸੇ ਹੋਏ ਹਨ ਅਤੇ ਵਸਾਏ ਜਾ ਰਹੇ ਹਨ । ਜਿਨ੍ਹਾਂ ਨੂੰ ਬਿਜਲੀ ਦੇ ਕੁਨੈਕਸਨ, ਪਾਣੀ, ਹੋਰ ਸਹੂਲਤਾਂ ਹੀ ਪ੍ਰਦਾਨ ਹੀ ਨਹੀ ਕੀਤੀਆ ਜਾ ਰਹੀਆ ਬਲਕਿ ਉਨ੍ਹਾਂ ਦੇ ਰਾਸ਼ਨ ਕਾਰਡ, ਵੋਟਰ ਕਾਰਡ, ਪੰਜਾਬ ਦੇ ਪਤੇ ਦੇ ਆਧਾਰ ਕਾਰਡ ਬਣਾਕੇ ਪੱਕੇ ਬਸਿੰਦੇ ਬਣਾਇਆ ਜਾ ਰਿਹਾ ਹੈ । ਉਨ੍ਹਾਂ ਨਜਾਇਜ ਕਬਜਿਆ ਦੀਆਂ ਕਲੋਨੀਆ ਨੂੰ ਸਰਕਾਰੀ ਤੌਰ ਤੇ ਨਾਮ ਵੀ ਦਿੱਤੇ ਜਾ ਰਹੇ ਹਨ । ਜਿਨ੍ਹਾਂ ਦੇ ਕਬਜੇ ਛੁਡਾਉਣ ਜਾਂ ਉਹ ਸਰਕਾਰੀ ਜਮੀਨਾਂ ਤੋ ਖਾਲੀ ਕਰਵਾਉਣ ਲਈ ਨਾ ਤਾਂ ਕਿਸੇ ਸਰਕਾਰ ਨੇ, ਨਾ ਅਦਾਲਤ ਨੇ, ਨਾ ਟਰੱਸਟਾਂ ਨੇ ਅਤੇ ਨਾ ਹੀ ਕਿਸੇ ਕਾਰਪੋਰੇਸ਼ਨ ਨੇ ਕਦੀ ਕੋਈ ਅਮਲ ਕੀਤਾ ਹੈ । ਜਿਸ ਤੋ ਸਮੁੱਚੀ ਸਿੱਖ ਕੌਮ ਅਤੇ ਪੰਜਾਬ ਸੂਬੇ ਦੀ ਆਬੋਹਵਾ ਨੂੰ ਸਦਾ ਲਈ ਆਪਣੇ ਇਤਿਹਾਸਿਕ ਕੌਮੀ ਵਿਰਸੇ-ਵਿਰਾਸਤ ਨਾਲ ਜੋੜੇ ਰੱਖਣ ਲਈ ਅਤੇ ਇਥੋ ਦੇ ਮਾਹੌਲ ਨੂੰ ਅਮਨਮਈ ਤੇ ਜਮਹੂਰੀਅਤ ਮਈ ਰੱਖਣ ਲਈ ਸਮੂਹਿਕ ਤੌਰ ਤੇ ਸੁਚੇਤ ਵੀ ਹੋਣਾ ਪਵੇਗਾ ਅਤੇ ਇਸ ਹੋ ਰਹੇ ਸਾਜਸੀ ਵਰਤਾਰੇ ਦੀ ਦੂਰਅੰਦੇਸ਼ੀ ਨੂੰ ਸਮਝਦਿਆ ਸਾਡੇ ਪੰਜਾਬ ਸੂਬੇ ਦੀ ਹਰ ਪੱਖ ਤੋ ਰੱਖਿਆ ਕਰਨ ਲਈ ਆਪਣੀ ਜਿੰਮੇਵਾਰੀ ਵੀ ਨਿਭਾਉਣੀ ਪਵੇਗੀ । ਜੋ ਲਤੀਫਪੁਰਾ ਵਿਖੇ 80 ਉਨ੍ਹਾਂ ਸਿੱਖ ਪਰਿਵਾਰਾਂ ਦੇ ਘਰਾਂ ਨੂੰ ਤੋੜਨ ਦੀ ਸਾਜਿਸ ਰਚੀ ਗਈ ਹੈ, ਜੋ ਪਹਿਲੋ ਹੀ 1947 ਵਿਚ ਵੰਡ ਵੇਲੇ ਉਜੜੇ ਸਨ, ਇਹ ਕੋਈ ਆਮ ਵਰਤਾਰਾ ਨਹੀ ਇਹ ਮੁਤੱਸਵੀ ਹੁਕਮਰਾਨਾਂ, ਪੰਜਾਬ ਦੀ ਆਮ ਆਦਮੀ ਪਾਰਟੀ ਦੀ ਆਰ.ਐਸ.ਐਸ ਦੀ ਬੀ-ਟੀਮ ਬਣੀ ਸਰਕਾਰ ਅਤੇ ਫਿਰਕੂ ਸੋਚ ਵਾਲੀ ਅਫਸਰਸਾਹੀ ਦੀ ਸਾਂਝੀ ਸਿੱਖ ਵਿਰੋਧੀ ਸਾਜਿਸ ਦਾ ਮੰਦਭਾਵਨਾ ਭਰਿਆ ਨਤੀਜਾ ਹੈ । ਜਿਸਨੂੰ ਸਮੁੱਚੀ ਸਿੱਖ ਕੌਮ ਤੇ ਪੰਜਾਬੀਆਂ ਨੂੰ ਇਸ ਹੋਏ ਹਮਲੇ ਨੂੰ ਆਪਣੇ ਉਤੇ ਹੋਇਆ ਹਮਲਾ ਮਹਿਸੂਸ ਕਰਦੇ ਹੋਏ ਇਸ ਵਿਰੁੱਧ ਕੇਵਲ ਉਹ 80 ਪਰਿਵਾਰ ਨਹੀ ਬਲਕਿ ਪੰਜਾਬੀਆਂ ਅਤੇ ਸਿੱਖ ਕੌਮ ਦੀ ਡੇਢ-ਦੋ ਕਰੋੜ ਦੀ ਆਬਾਦੀ ਨੂੰ ਇਸਨੂੰ ਕਦੀ ਵੀ ਹਲਕੇ ਵਿਚ ਨਹੀ ਲੈਣਾ ਚਾਹੀਦਾ । ਇਸ ਵਿਰੁੱਧ ਵੱਡਾ ਸੰਘਰਸ਼ ਛੇੜਦੇ ਹੋਏ ਪੰਜਾਬ ਤੋ ਬਾਹਰੋ ਆਏ ਕਾਬਜ ਲੋਕਾਂ ਅਤੇ ਅਫਸਰਸਾਹੀ ਨੂੰ ਆਪਣੀਆ ਰਵਾਇਤਾਂ ਅਤੇ ਮਹਾਨ ਸੋਚ ਤੇ ਪਹਿਰਾ ਦਿੰਦੇ ਹੋਏ ਅਮਲ ਕਰਨਾ ਚਾਹੀਦਾ ਹੈ ।
ਇਨ੍ਹਾਂ ਪੀੜ੍ਹਤ ਪਰਿਵਾਰਾਂ ਦੇ ਘਰ ਬਣਾਉਣ ਦੀ ਜਿੰਮੇਵਾਰੀ ਕੌਮੀਅਤ ਤੇ ਇਨਸਾਨੀਅਤ ਤੌਰ ਤੇ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਦੀ ਮੁੱਖ ਜਿੰਮੇਵਾਰੀ ਬਣਦੀ ਹੈ, ਜਿਸ ਵੱਲੋ ਅਜੇ ਤੱਕ ਇਨ੍ਹਾਂ ਪੀੜਤ ਪਰਿਵਾਰਾਂ ਤੱਕ ਕੋਈ ਪਹੁੰਚ ਨਾ ਕਰਨਾ ਅਤਿ ਦੁੱਖਦਾਇਕ ਅਤੇ ਕੌਮੀ ਜਿੰਮੇਵਾਰੀ ਤੋ ਭੱਜਣ ਵਾਲੀ ਕਾਰਵਾਈ ਹੈ । ਸ. ਮਾਨ ਨੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੀ ਸਰਬੱਤ ਦੇ ਭਲੇ ਦੀ ਸੋਚ ਉਤੇ ਬਿਨ੍ਹਾਂ ਕਿਸੇ ਪੱਖਪਾਤ ਤੋ ਮਨੁੱਖਤਾ ਪੱਖੀ ਉਦਮ ਕਰਨ ਵਾਲੀ ਸ. ਰਵੀ ਸਿੰਘ ਦੀ ਜਥੇਬੰਦੀ ‘ਖ਼ਾਲਸਾ ਏਡ’ ਵੱਲੋ ਇਸ ਜਿੰਮੇਵਾਰੀ ਨੂੰ ਪੂਰਨ ਕਰਨ ਦੀ ਸੋਚ ਅਧੀਨ ਇਨ੍ਹਾਂ ਬੇਘਰ ਕੀਤੇ ਸਿੱਖਾਂ ਦੇ ਘਰ ਬਣਾਉਣ ਲਈ ਕੀਤੇ ਐਲਾਨ ਦਾ ਜਿਥੇ ਜੋਰਦਾਰ ਸਵਾਗਤ ਕੀਤਾ ਹੈ, ਉਥੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਵੱਲੋ ਜੋ ਆਪਣੇ ਵੱਲੋ 23 ਨਵੰਬਰ ਤੋ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਮਨੁੱਖਤਾ ਦੀ ਭਲਾਈ ਲਈ ਸੁਰੂ ਕੀਤੀ ਗਈ ‘ਖ਼ਾਲਸਾ ਵਹੀਰ’ ਦੇ ਪ੍ਰੋਗਰਾਮ ਵਿਚੋ ਸਮਾਂ ਕੱਢਕੇ ਉਨ੍ਹਾਂ ਪੀੜ੍ਹਤ ਪਰਿਵਾਰਾਂ ਦੇ ਵੱਡੇ ਦੁੱਖ ਵਿਚ ਪਹੁੰਚਕੇ ਸਿੱਖ ਕੌਮ ਦੀਆਂ ਰਵਾਇਤਾ ਅਨੁਸਾਰ ਉਨ੍ਹਾਂ ਦੀ ਮਦਦ ਕਰਨ ਅਤੇ ਸਮੁੱਚੀ ਸਿੱਖ ਕੌਮ ਨੂੰ ਇਨ੍ਹਾਂ ਪੀੜ੍ਹਤ ਪਰਿਵਾਰਾਂ ਦੀ ਹਰ ਪੱਖੋ ਮਦਦ ਕਰਨ ਲਈ ਬਹੁਤ ਗੰਭੀਰ ਸੰਦੇਸ ਦਿੱਤਾ ਹੈ ਅਤੇ ਸਿੱਖ ਕੌਮ ਨੂੰ ਆਉਣ ਵਾਲੇ ਸਮੇ ਲਈ ਹਕੂਮਤੀ ਜ਼ਬਰ ਦੇ ਟਾਕਰੇ ਲਈ ਅੰਮ੍ਰਿਤਧਾਰੀ, ਸ਼ਸਤਰਧਾਰੀ ਹੋਣ ਦਾ ਅਰਥਭਰਪੂਰ ਸੰਦੇਸ ਦਿੱਤਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨ੍ਹਾਂ ਦੋਵਾਂ ਸਖਸ਼ੀਅਤਾਂ ਅਤੇ ਜਥੇਬੰਦੀਆਂ ਦਾ ਉਚੇਚੇ ਤੌਰ ਤੇ ਜਿਥੇ ਧੰਨਵਾਦ ਕਰਦਾ ਹੈ, ਉਥੇ ਜਲੰਧਰ ਦੇ ਲਤੀਫਪੁਰ ਦੇ ਪੀੜ੍ਹਤ ਸਿੱਖ ਪਰਿਵਾਰਾਂ ਦੇ ਮੁੜ ਵਸੇਬੇ ਅਤੇ ਉਨ੍ਹਾਂ ਦੇ ਤੋੜੇ ਗਏ ਜ਼ਬਰੀ ਘਰਾਂ ਦੇ ਇਨਸਾਫ ਲਈ ਚੱਲਣ ਵਾਲੇ ਹਰ ਤਰ੍ਹਾਂ ਦੇ ਸੰਘਰਸ ਵਿਚ ਸਹਿਯੋਗ ਕਰਨ ਅਤੇ ਸਿੱਖ ਕੌਮ ਨੂੰ ਬਿਨ੍ਹਾਂ ਕਿਸੇ ਡਰ-ਭੈ ਦੇ ਪੂਰੀ ਤਿਆਰੀ ਨਾਲ ਆਪਣੀ ਮੰਜਿਲ ਵੱਲ ਵੱਧਣ ਦੀ ਸਮੂਹਿਕ ਤਾਕਤ ਨਾਲ ਅਪੀਲ ਕਰਦਾ ਹੈ ।