ਦਿੱਲੀ-: ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ਨੇ ਬੀਤੇ ਦਿਨੀ ਦਿੱਲੀ ਸਰਕਾਰ ਵਲੋਂ ਦਿੱਲੀ ਦੇ ਰੋਹਿਣੀ ਇਲਾਕੇ ‘ਚ ਸਥਾਪਿਤ ਇਕ ਗੁਰਦੁਆਰਾ ਸਾਹਿਬ ‘ਚ ਲਾਈ ਪਾਬੰਦੀ ਸਬੰਧੀ ਆਦੇਸ਼ਾਂ ਦੇ ਰੱਦ ਹੋਣ ਨੂੰ ਸ਼ਲਾਘਾਯੋਗ ਕਦਮ ਕਰਾਰ ਦਿੱਤਾ ਹੈ। ਇਸ ਸਬੰਧ ‘ਚ ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ਦੇ ਪ੍ਰਧਾਨ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਇੰਦਰ ਮੋਹਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਦਿੱਲੀ ਸਰਕਾਰ ਦੇ ਰੋਹਿਣੀ ਖੇਤਰ ਦੇ ਐਸ.ਡੀ.ਐਮ. ਵਲੋਂ ਬੀਤੇ 19 ਦਿਸੰਬਰ 2022 ਦੇ ਆਦੇਸ਼ਾਂ ਰਾਹੀ ਇਸ ਖੇਤਰ ‘ਚ ਸਥਿਤ ਇਕ ਗੁਰਦੁਆਰੇ ‘ਚ 10 ਤੋਂ ਵੱਧ ਸ਼ਰਧਾਲੂਆਂ ਦੀ ਇਕ ਸਮੇਂ ਸ਼ਿਰਕਤ ਕਰਨ ਤੋਂ ਮਨਾਹੀ ਕਰਦਿਆਂ ਪਾਠ-ਕੀਰਤਨ ਕੇਵਲ ਇਕ ਘੰਟੇ ਰੋਜਾਨਾ ਸਵੇਰੇ ਕਰਨ ‘ਤੇ ਬੀਬੀਆਂ ਨੂੰ ਹਫਤੇ ‘ਚ ਇਕ ਦਿਨ ਬਿਨਾ ਮਾਇਕ ਤੋਂ ਸ਼ਾਮ ਸਮੇਂ ਕੇਵਲ ਦੋ ਘੰਟੇ ਲਈ ਪਾਠ ‘ਤੇ ਕੀਰਤਨ ਕਰਨ ਦੀ ਪਾਬੰਦੀਆਂ ਲਗਾਉਦਿਆਂ ਹੁਕਮ ਜਾਰੀ ਕੀਤੇ ਸਨ, ਜੋ ਕਿਸੇ ਧਰਮ ਵਲੋਂ ਪਰਮਾਤਮਾ ਦੀ ਇਬਾਦਤ ਕਰਨ ‘ਚ ਸਿੱਧੇ ਤੋਰ ‘ਤੇ ਜਬਰਨ ਰੋਕ ਸਨ। ਇੰਦਰ ਮੋਹਨ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਹਾਲਾਂਕਿ ਬੀਤੇ ਕਲ ਦਿੱਲੀ ਸਰਕਾਰ ਦੇ ੳੇੁਤਰ-ਪਛਿਮ ਖੇਤਰ ਦੇ ਜਿਲਾ ਮਜਿਸਟਰੇਟ ਨੇ ਮੋਕੇ ਦੀ ਨਜਾਕਤ ‘ਤੇ ਇਲਾਕੇ ‘ਚ ਅਮਨ ਸ਼ਾਂਤੀ ਲਈ ਸੰਭਾਵਿਤ ਖਤਰੇ ਦੇ ਮੱਦੇਨਜਰ ਐਸ.ਡੀ.ਅੇਮ. ਵਲੋਂ ਜਾਰੀ ਉਕਤ ਆਦੇਸ਼ਾਂ ਨੂੰ ਰੱਦ ਕਰ ਦਿੱਤਾ ਹੈ ਪਰੰਤੂ ਸਰਕਾਰ ਨੂੰ ਭਵਿਖ ‘ਚ ਇਹੋ ਜਿਹੇ ਕੋਈ ਆਦੇਸ਼ ਜਾਰੀ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ ਤਾਕਿ ਸਾਰੇ ਧਰਮਾਂ ‘ਚ ਆਪਸੀ ਤਾਲਮੇਲ ਬਣਿਆ ਰਹੇ ‘ਤੇ ਕਿਸੇ ਧਰਮ ‘ਚ ਆਸਥਾ ਰੱਖਣ ਵਾਲੇ ਸ਼ਰਧਾਲੂ ਆਪਣੇ ਆਪ ਨੂੰ ਅਸੁਰਖਿਅਤ ਮਹਿਸੂਸ ਨਾ ਕਰਨ।
ਇੰਦਰ ਮੋਹਨ ਸਿੰਘ ਨੇ ਦਸਿਆ ਕਿ ਭਾਰਤ ਦੇ ਸੰਵਿਧਾਨ ‘ਚ ਹਰ ਨਾਗਰਿਕ ਨੂੰ ਆਪਣੇ ਧਰਮ ਮੁਤਾਬਿਕ ਪਾਠ-ਪੂਜਾ ਕਰਨ ਦੀ ਪੂਰਨ ਆਜਾਦੀ ਹੈ ਬਸ਼ਰਤੇ ਉਹ ਕਿਸੇ ਹੋਰ ਦੀ ਨਿਜੀ ਜਿੰਦਗੀ ‘ਚ ਨਕਾਰਾਤਮਕ ਪ੍ਰਭਾਵ ਨਾ ਪਾਉਂਦੀ ਹੋਵੇ। ਉਨ੍ਹਾਂ ਕਿਹਾ ਕਿ ਹਾਲਾਂਕਿ ਇਲਾਕੇ ‘ਚ ਅਮਨ-ਸ਼ਾਂਤੀ ਬਰਕਰਾਰ ਰਖਣ ਦੀ ਜੁੰਮੇਵਾਰੀ ਸਰਕਾਰ ਦੀ ਹੁੰਦੀ ਹੈ ਪਰੰਤੂ ਇਸ ਪ੍ਰਕਾਰ ਦੀ ਧਾਰਮਿਕ ਪਾਬੰਦੀਆਂ ਲਗਾ ਕੇ ਸ਼ਰਧਾਲੂਆਂ ਨੂੰ ਆਪਣੇ ਇਸ਼ਟ ਦੀ ਇਬਾਦਤ ਕਰਨ ਤੋਂ ਰੋਕਿਆ ਨਹੀ ਜਾ ਸਕਦਾ ਹੈ।