ਸਿਡਨੀ: ਪਹਿਲੀ ਸੰਸਾਰ ਜੰਗ ਅਤੇ ਦੂਸਰੀ ਸੰਸਾਰ ਜੰਗ, ਸਾਰਾਗੜ੍ਹੀ ਤੇ ਐਨਜ਼ੈਕ ਜੰਗਾਂ ਵਿਚ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿਚ, ਪੱਛਮੀ ਸਿਡਨੀ ਦੀ ਬਲੈਕਟਾਊਨ ਕੌਂਸਲ ਦੇ ਅੰਦਰ, ਗੁਰਦੁਆਰਾ ਸਾਹਿਬ ਸਿੱਖ ਸੈਂਟਰ ਦੇ ਨੇੜੇ, ਗਲੈਨਵੁੱਡ ਸਬਅਰਬ ਦੇ ਪਾਰਕ ਵਿਖੇ ਲੱਗਣ ਵਾਲੇ, ਸਿੱਖ ਸਿਪਾਹੀ ਦੇ ਬੁੱਤ ਦਾ ਨੀਂਹ-ਪੱਥਰ ਰੱਖ ਦਿੱਤਾ ਹੈ।
ਫ਼ਤਹਿ ਫਾਊਂਡੇਸ਼ਨ ਵਜੋਂ ਲਗਾਏ ਜਾ ਰਹੇ ਇਸ ਬੁੱਤ ਬਾਰੇ ਕਾਰਜ ਪਿਛਲੇ ਤਿੰਨ ਸਾਲ ਤੋਂ ਚਲ ਰਿਹਾ ਸੀ। ਫਾਊਂਡੇਸ਼ਨ ਦੇ ਪ੍ਰਧਾਂਨ ਸ. ਅਮਰਿੰਦਰ ਸਿੰਘ ਬਾਜਵਾ ਅਤੇ ਜਨਰਲ ਸਕੱਤਰ ਸ. ਹਰਕੀਰਤ ਸਿੰਘ ਸੰਧਰ ਨੇ, ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬੁੱਤ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਫਿਜੀ ਵਿਚ ਸਿੱਖ ਦੀ ਪਛਾਣ ਹੋਵੇਗੀ ਜੋ ਸਿੱਖਾਂ ਦੀ ਬਹਾਦਰੀ, ਸੂਰਬੀਰਤਾ ਅਤੇ ਸ਼ਹਾਦਤ ਨੂੰ, ਦੂਜੇ ਭਾਈਚਾਰਿਆਂ ਜਾਣ ਕਰਵਾਉਣ ਵਿਚ ਸਹਾਈ ਹੋਵੇਗਾ। ਅਗਲੇ ਕੁਝ ਹਫ਼ਤਿਆਂ ਤੱਕ ਇਸ ਦਾ ਕੰਮ ਮੁਕੰਮਲ ਹੋ ਜਾਵੇਗਾ।
ਪਾਰਕਲੀ ਸਕੂਲ ਦੇ ਸਾਹਮਣੇ, ਲੇਕ ਪਾਰਕ ਵਿਚ ਇਸ ਬੁੱਤ ਦੀ ਕੁੱਲ ਉਚਾਈ 4 ਮੀਟਰ ਦੇ ਕਰੀਬ ਹੋਵੇਗੀ।ਬਾਜਵਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਕੋਈ ਸਵਾ ਕੁ ਲੱਖ ਡਾਲਰ ਦਾ ਹੈ, ਜਿਸ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਿਵਜ਼ਬੀ, ਗੁਰਦੁਆਰਾ ਗੁਰੂ ਨਾਨਕ ਤਾਰਾਮਾਰਾ, ਗੁਰਦੁਆਰਾ ਕੈਨਬਰਾ, ਗੁਰਦੁਆਰਾ ਪੈਨਰਥ ਦੇ ਨਾਲ-ਨਾਲ ਸਮੁੱਚੀ ਸੰਗਤ ਨੇ ਹਿੱਸਾ ਪਾਇਆ ਹੈ।
ਇਹ ਪੂਰਾ ਬੁੱਤ ਬਰਾਸ ਧਾਤੂ ਦਾ ਬਣਿਆ ਹੋਇਆ ਹੈ।ਬਲੈਕਟਾਊਨ ਕੌਂਸਲ ਤੋਂ ਇਸ ਮੌਕੇ ‘ਤੇ ਪਹੁੰਚੇ ਮੇਅਰ ਟੋਨੀ ਬਲੀਮਡੇਲ, ਰਿਵਰਸਟਨ ਤੋਂ ਕੇਵਿਨ ਕੋਨੋਲੀ, ਕੌਂਸਲਰ ਮਨਿੰਦਰ ਸਿੰਘ ਤੇ ਕੌਂਸਲਰ ਕੁਸ਼ਪਿੰਦਰ ਕੌਰ ਨੇ ਸਿੱਖ ਭਾਈਚਾਰੇ ਨੂੰ ਇਸ ਸ਼ੁਭ ਕਾਰਜ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਸਿੱਖਾਂ ਦੀਆਂ ਦਿੱਤੀਆਂ ਸ਼ਹਾਦਤਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਫ਼ਤਹਿ ਫਾਊਂਡੇਸ਼ਨ ਦੀ ਪੂਰੀ ਟੀਮ ਅਮਰਿੰਦਰ ਬਾਜਵਾ, ਗੈਰੀ ਸਿੰਘ, ਦਵਿੰਦਰ ਸਿੰਘ ਧਾਰੀਆ, ਨਵਤੇਜ ਬਸਰਾ ਨੇ ਸਾਰੀ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ ਅਤੇ ਇਸ ਪੂਰੇ ਪ੍ਰੋਜੈਕਟ ਨੂੰ ਜਲਦ ਨੇਪਰੇ ਚਾੜ੍ਹਨ ਲਈ ਇਕਜੁੱਟਤਾ ਦਿਖਾਈ।
ਬਲੈਕਟਾਊਨ ਕੌਂਸਲ ਵਿਚ ਸਾਡੇ ਆਪਣੇ ਦੋ ਕੌਂਸਲਰਾਂ: ਡਾ. ਮੋਨਿੰਦਰ ਸਿੰਘ ਅਤੇ ਬੀਬਾ ਕੁਲਵਿੰਦਰ ਕੌਰ, ਦੇ ਉਚੇਚੇ ਜਤਨਾਂ ਸਦਕਾ, ਮੇਅਰ ਟੋਨੀ ਬਲਿਸਡੇਲ, ਡਿਪਟੀ ਮੇਅਰ ਜੂਲੀ ਗ੍ਰਿਫਿਥ ਨੇ ਇਸ ਪ੍ਰੋਜੈਕਟ ਦੀ ਮਨਜੂਰੀ ਦਿਤੀ।
ਇਸ ਸ਼ੁਭ ਮੌਕੇ ‘ਤੇ ਉਪਰ ਲਿਖੇ ਸੱਜਣਾਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਸਿੱਖ ਸੰਗਤ ਸਮੇਤ, ਐਮ.ਪੀ, ਕੈਵਿਨ ਕੋਨੋਲੀ, ਸਟੇਟ ਨਿਊ ਸਾਊਥ ਵੇਲਜ਼ ਦੇ ਐਮ.ਐਲ.ਸੀ. ਸ਼ੌਕਤ ਮੋਸਲਮੇਨ ਸਮੇਤ ਆਸਟ੍ਰੇਲੀਅਨ ਆਗੂਆ ਨੇ ਵੀ ਹਾਜਰੀ ਭਰ ਕੇ ਰੌਣਕ ਵਿਚ ਵਾਧਾ ਕੀਤਾ।