ਕੋਟਕਪੂਰਾ :- ਮਾਤਾ ਗੁਜਰੀ ਜੀ ਦੇ ਪਰਿਵਾਰ ਦੀ ਕੁਰਬਾਨੀ ਵਰਗੀ ਦੁਨੀਆਂ ਭਰ ਵਿੱਚ ਹੋਰ ਕੋਈ ਵੀ ਮਿਸਾਲ ਨਹੀਂ ਮਿਲਦੀ, ਕਿਉਂਕਿ ਪੀੜੀ ਦਰ ਪੀੜੀ ਤੁਰੀ ਆਉਂਦੀ ਸ਼ਹਾਦਤ ਦੇਣ ਦੀ ਪਿਰਤ ਵਿੱਚ ਗੁਰੂ ਅਰਜਨ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੀ ਖੁਦ ਦੀ ਸ਼ਹੀਦੀ ਤੋਂ ਬਾਅਦ ਵੀ ਪੋਤਰਿਆਂ ਤੱਕ ਸ਼ਹਾਦਤ ਦੇਣ ਦਾ ਸਿਲਸਿਲਾ ਜਾਰੀ ਰਿਹਾ। ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਚੱਲ ਰਹੇ ਛੇ ਰੋਜਾ ਸ਼ਹੀਦੀ ਸਮਾਗਮ ਦੇ ਦੂਜੇ ਦਿਨ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ ਦੇ ਇਤਿਹਾਸਕ ਸਾਕੇ ਦੀ ਸਾਂਝ ਪਾਉਣ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅੱਜ ਨੌਜਵਾਨਾ ਅਤੇ ਬੱਚਿਆਂ ਨੂੰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੇ ਸਿਦਕ, ਜਜਬੇ, ਸ਼ਿੱਦਤ, ਸ਼ਹਾਦਤ, ਕੁਰਬਾਨੀ ਆਦਿਕ ਤੋਂ ਪੇ੍ਰਰਨਾ ਲੈਣ ਦੀ ਲੋੜ ਹੈ। ਜਥੇਦਾਰ ਚਾਣਕੀਆ ਨੇ ਗੁਰੂ ਗੋਬਿੰਦ ਸਿੰਘ ਜੀ ਸਮੇਤ ਸਮੂਹ ਸਿੰਘਾਂ ਨੂੰ ਚਮਕੌਰ ਦੀ ਗੜੀ ਵਿੱਚ ਘੇਰਾ ਪੈਣ, ਆਪਣੇ ਸਾਹਿਬਜਾਦਿਆਂ ਸਮੇਤ ਹੋਰਨਾ ਸਿੰਘਾਂ ਨੂੰ ਜੱਥਿਆਂ ਦੇ ਰੂਪ ਵਿੱਚ ਲੜਾਈ ਦੇ ਮੈਦਾਨ ਵਿੱਚ ਖੁਦ ਤੋਰਨ, ਸਿੰਘਾਂ ਦੀ ਸ਼ਹੀਦੀ ’ਤੇ ਖੁਦ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਣ, ਵਰਗੀਆਂ ਅਨੇਕਾਂ ਉਦਾਹਰਨਾ ਦਿੰਦਿਆਂ ਆਖਿਆ ਕਿ ਅੱਜ ਪੰਥਵਿਰੋਧੀ ਸ਼ਕਤੀਆਂ ਸਿੱਖ ਇਤਿਹਾਸ ਵਿੱਚ ਰਲਗਡ ਕਰਕੇ ਅਤੇ ਸਿੱਖ ਸਿਧਾਂਤਾਂ ਵਿੱਚ ਸ਼ੰਕੇ ਖੜੇ ਕਰਕੇ ਜਿੱਥੇ ਪੰਥ ਵਿੱਚ ਮਤਭੇਦ ਪੈਦਾ ਕਰਨ ਦੀਆਂ ਸਾਜਿਸ਼ਾਂ ਰਚ ਰਹੀਆਂ ਹਨ, ਉੱਥੇ ਸਾਡੇ ਅਵੇਸਲੇਪਣ ਕਰਕੇ ਨਵੀਂ ਪੀੜੀ ਗੁਰਮਤਿ ਤੋਂ ਦੂਰ ਹੰੁਦੀ ਜਾ ਰਹੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਰਾਜਾ, ਅਮਰਦੀਪ ਸਿੰਘ ਦੀਪਾ, ਕੰਵਲਜੀਤ ਸਿੰਘ, ਮਨਪ੍ਰੀਤ ਕੌਰ ਖਾਲਸਾ, ਅਜੀਤ ਕੌਰ, ਅਨਮੋਲ ਕੌਰ, ਗੁਰਲੀਨ ਕੌਰ ਆਦਿਕ ਨਿਸ਼ਕਾਮ ਵੀਰ-ਭੈਣਾ ਨੇ ਗੁਰਬਾਣੀ ਕੀਰਤਨ ਅਤੇ ਧਾਰਮਿਕ ਕਵਿਤਾਵਾਂ/ਗੀਤਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ।
ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀ ਕੁਰਬਾਨੀ ਨਵੀਂ ਪੀੜੀ ਲਈ ਪੇ੍ਰਰਨਾਸਰੋਤ : ਚਾਣਕੀਆ
This entry was posted in ਪੰਜਾਬ.