ਫ਼ਤਹਿਗੜ੍ਹ ਸਾਹਿਬ “ਜਿਸ ਸਰਹੱਦੀ ਸੂਬੇ ਪੰਜਾਬ ਨਾਲ ਸੈਂਟਰ ਦੇ ਹੁਕਮਰਾਨ ਨਿਰੰਤਰ ਲੰਮੇ ਸਮੇ ਤੋਂ ਮਤਰੇਈ ਮਾਂ ਵਾਲਾ ਸਲੂਕ ਕਰਦੇ ਆ ਰਹੇ ਹਨ ਅਤੇ ਕਿਸੇ ਵੀ ਖੇਤਰ ਵਿਚ ਪੰਜਾਬ ਸੂਬੇ ਨੂੰ ਸਿੱਖਰਾਂ ਤੇ ਪਹੁੰਚਣ ਤੋਂ ਅਕਸਰ ਹੀ ਰੁਕਾਵਟਾਂ ਪਾਉਦੇ ਆ ਰਹੇ ਹਨ । ਜੋ ਪੰਜਾਬ ਨਾਲ ਉਸੇ ਤਰ੍ਹਾਂ ਸਲੂਕ ਕੀਤਾ ਜਾ ਰਿਹਾ ਹੈ ਜਿਵੇ ਇਕ ਮਤਰੇਈ ਮਾਂ ਆਪਣੇ ਬੱਚੇ ਨਾਲ ਜ਼ਬਰ-ਜੁਲਮ ਕਰਦੀ ਹੈ । ਹੁਣੇ ਹੀ ਆਈਆ ਰਿਪੋਰਟਾਂ ਅਨੁਸਾਰ ਜੋ ਪੰਜਾਬ ਵਿਚ ਪ੍ਰਾਈਵੇਟ ਛੋਟੇ-ਮੋਟੇ ਉਦਯੋਗ ਹਨ, ਉਨ੍ਹਾਂ ਨੂੰ ਮੁਤੱਸਵੀ ਜਮਾਤਾਂ ਬੀਜੇਪੀ-ਆਰ.ਐਸ.ਐਸ ਪੰਜਾਬ ਵਿਚੋਂ ਹੌਲੀ-ਹੌਲੀ ਕੱਢਕੇ ਯੂ.ਪੀ, ਹਰਿਆਣਾ, ਦਿੱਲੀ ਅਤੇ ਹੋਰ ਸੂਬਿਆਂ ਵਿਚ ਲਿਜਾਣ ਦੇ ਅਤਿ ਦੁੱਖਦਾਇਕ ਅਤੇ ਪੰਜਾਬ ਵਿਰੋਧੀ ਅਮਲ ਕਰਦੀ ਆ ਰਹੀ ਹੈ । ਇਹ ਹੋਰ ਵੀ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹਨ ਕਿ 92 ਐਮ.ਐਲ.ਏ ਨਾਲ ਜਿੱਤਕੇ ਤਾਕਤ ਵਿਚ ਆਈ ਆਮ ਆਦਮੀ ਪਾਰਟੀ ਇਸ ਅਤਿ ਗੰਭੀਰ ਵਿਸੇ ਉਤੇ ਪੰਜਾਬ ਦੇ ਪੱਖ ਵਿਚ ਕੋਈ ਸਟੈਂਡ ਨਹੀ ਲੈ ਰਹੀ । ਬਲਕਿ ਉਪਰੋਕਤ ਪੰਜਾਬ ਵਿਰੋਧੀ ਤਾਕਤਾਂ ਨਾਲ ਇਸ ਸਾਜਿਸ ਵਿਚ ਸਾਮਿਲ ਹੁੰਦੀ ਪ੍ਰਤੱਖ ਤੌਰ ਤੇ ਨਜਰ ਆ ਰਹੀ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੋਇਆ ਸਮੁੱਚੇ ਪੰਜਾਬ ਨਿਵਾਸੀਆ ਅਤੇ ਹੋਰਨਾਂ ਸਿਆਸੀ ਪਾਰਟੀਆਂ, ਸਮਾਜਿਕ ਸੰਗਠਨਾਂ ਅਤੇ ਪੰਜਾਬ ਹਿਤੈਸੀ ਸਖਸ਼ੀਅਤਾਂ ਨੂੰ ਇਸ ਵਿਸੇ ਉਤੇ ਸਮੂਹਿਕ ਤੌਰ ਤੇ ਸੁਚੇਤ ਰਹਿਣ ਅਤੇ ਸੰਜ਼ੀਦਾ ਅਮਲ ਕਰਨ ਦੀ ਜੋਰਦਾਰ ਅਪੀਲ ਕਰਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਵਿਚ ਬੈਠੇ ਹੁਕਮਰਾਨਾਂ, ਬੀਜੇਪੀ-ਆਰ.ਐਸ.ਐਸ. ਇਥੋ ਤੱਕ ਪੰਜਾਬ ਦੀ ਸਰਕਾਰ ਵਿਚ ਸਾਮਿਲ ਆਮ ਆਦਮੀ ਪਾਰਟੀ ਵੱਲੋ ਪੰਜਾਬ ਦੀ ਇੰਡਸਟਰੀ ਨੂੰ ਬਾਹਰਲੇ ਸੂਬਿਆਂ ਵਿਚ ਜਾਣ ਤੋ ਰੋਕਣ ਉਤੇ ਕੋਈ ਸੁਹਿਰਦ ਉਪਰਾਲਾ ਨਾ ਕਰਨ ਅਤੇ ਇਨ੍ਹਾਂ ਤਾਕਤਾਂ ਵੱਲੋ ਪੰਜਾਬ ਸੂਬੇ ਨੂੰ ਮਾਲੀ ਤੌਰ ਤੇ ਹੋਰ ਸੱਟ ਮਾਰਨ ਦੀ ਸਾਜਿਸ ਉਤੇ ਅਮਲ ਹੋਣ ਨੂੰ ਪੰਜਾਬ ਵਿਰੋਧੀ ਕਰਾਰ ਦਿੰਦੇ ਹੋਏ ਇਨ੍ਹਾਂ ਤਿੰਨੇ ਤਾਕਤਾਂ ਦਾ ਪੰਜਾਬ ਸੂਬੇ ਨਾਲ ਕੋਈ ਨਾ ਲਗਾਅ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਲੋਕ ਕੁਝ ਸਮਾਂ ਪਹਿਲੇ ਪੰਜਾਬ ਵਿਰੋਧੀ ਮੁਤੱਸਵੀ ਪਾਰਟੀ ਬੀਜੇਪੀ ਵਿਚ ਸਾਮਿਲ ਹੋਏ ਹਨ ਜਿਵੇ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਰਾਣਾ ਗੁਰਮੀਤ ਸਿੰਘ ਸੋਢੀ, ਰਾਜ ਕੁਮਾਰ ਵੇਰਕਾ, ਬਲਵੀਰ ਸਿੰਘ ਸਿੱਧੂ, ਸੁੰਦਰ ਸ਼ਾਮ ਅਰੋੜਾ, ਗੁਰਪ੍ਰੀਤ ਸਿੰਘ ਕਾਂਗੜ, ਕੇਵਲ ਸਿੰਘ ਢਿੱਲੋਂ, ਸਰੂਪ ਚੰਦ ਸਿੰਗਲਾ, ਮਹਿੰਦਰ ਕੌਰ ਜੋਸ, ਦੀਦਾਰ ਸਿੰਘ ਭੱਟੀ ਆਦਿ ਵੱਲੋਂ ਉਪਰੋਕਤ ਪੰਜਾਬ ਵਿਚੋਂ ਇੰਡਸਟਰੀ ਬਾਹਰ ਜਾਣ ਦੇ ਗੰਭੀਰ ਮਸਲੇ ਉਤੇ ਵੀ ਜੁਬਾਨ ਬੰਦ ਰੱਖਣ ਦੇ ਅਮਲ ਇਨ੍ਹਾਂ ਦੀ ਪੰਜਾਬ ਸੂਬੇ ਪ੍ਰਤੀ ਗੈਰ ਜ਼ਿੰਮੇਵਰਾਨਾ ਕਾਰਵਾਈ ਹੈ । ਇਹ ਵੀ ਪ੍ਰਤੱਖ ਹੈ ਕਿ ਇਨ੍ਹਾਂ ਦੀ ਸੋਚ ਬੀਜੇਪੀ ਪੱਖੀ ਨਹੀ ਹੈ, ਪਰ ਇਹ ਆਗੂ ਕੇਵਲ ਤੇ ਕੇਵਲ ਆਪਣੇ ਮਾਲੀ ਸਾਧਨਾ ਅਤੇ ਸਿਆਸੀ ਤੌਰ ਤੇ ਆਪਣੇ ਆਪ ਨੂੰ ਮਜਬੂਤ ਰੱਖਣ ਦੇ ਸਵਾਰਥੀ ਹਿੱਤਾ ਨੂੰ ਲੈਕੇ ਬੀਜੇਪੀ ਵਿਚ ਸਾਮਲ ਹੋਏ ਹਨ । ਜਿਨ੍ਹਾਂ ਆਗੂਆਂ ਦਾ ਬੀਜੇਪੀ ਦੀ ਸੋਚ ਨਾਲ ਕੋਈ ਵਾਸਤਾ ਨਹੀ ਅਤੇ ਨਾ ਹੀ ਸਹਿਮਤੀ ਹੈ, ਇਹ ਲੋਕ ਤਾਂ ਬੀਜੇਪੀ ਦੀ ਪਾਰਟੀ ਦਾ ਵੀ ਆਉਣ ਵਾਲੇ ਸਮੇ ਵਿਚ ਭੱਠਾ ਬਿਠਾ ਦੇਣਗੇ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਉਹ ਆਗੂ ਹਨ ਜਿਨ੍ਹਾਂ ਨੇ ਬੀਤੇ ਸਮੇਂ ਵਿਚ ‘ਸ੍ਰੀ ਅਕਾਲ ਤਖ਼ਤ ਸਾਹਿਬ’ ਉਤੇ ‘ਅੰਮ੍ਰਿਤਸਰ ਐਲਾਨਨਾਮੇ’ ਉਤੇ ਦਸਤਖ਼ਤ ਕੀਤੇ ਸਨ । ਇਹ ਲੋਕ ਨਾ ਤਾਂ ਬੀਜੇਪੀ ਪਾਰਟੀ ਦਾ ਕੁਝ ਸਵਾਰ ਸਕਣਗੇ ਅਤੇ ਨਾ ਹੀ ਆਪਣੇ ਪੰਜਾਬ ਸੂਬੇ ਜਾਂ ਪੰਜਾਬੀਆਂ ਦਾ ।
ਉਨ੍ਹਾਂ ਕਿਹਾ ਕਿ ਬੀਜੇਪੀ ਵਰਗੀਆਂ ਪੰਜਾਬ ਵਿਰੋਧੀ ਮੁਤੱਸਵੀ ਜਮਾਤਾਂ ਅਤੇ ਫਿਰਕੂ ਸੰਗਠਨ ਤਾਂ ਪਹਿਲੋ ਹੀ ਇਹ ਚਾਹੁੰਦੇ ਹਨ ਕਿ ਪੰਜਾਬ ਸੂਬੇ ਨੂੰ ਮਾਲੀ, ਇਖਲਾਕੀ, ਧਾਰਮਿਕ ਅਤੇ ਸਮਾਜਿਕ ਤੌਰ ਤੇ ਕੰਮਜੋਰ ਕਰਕੇ ਇਸ ਸੂਬੇ ਦੇ ਨਿਵਾਸੀਆ ਨੂੰ ਘਸਿਆਰਾ ਬਣਾਇਆ ਜਾ ਸਕੇ ਅਤੇ ਉਸ ਸਾਜਿਸ ਵਿਚ ਇਹ ਆਗੂ ਤਾਂ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਖੁਦ ਹੀ ਸਾਮਿਲ ਹੋ ਰਹੇ ਹਨ । ਜੋ ਪੰਜਾਬੀਆਂ ਅਤੇ ਸਿੱਖ ਕੌਮ ਦੇ ਹੀ ਦੋਸ਼ੀ ਨਹੀ ਬਲਕਿ ਆਪਣੀ ਆਤਮਾ ਦੇ ਵੀ ਦੋਸ਼ੀ ਕਹਿਲਾਉਣਗੇ । ਸ. ਮਾਨ ਨੇ ਬੀਜੇਪੀ-ਆਰ.ਐਸ.ਐਸ. ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਕਿਹਾ ਕਿ ਜੋ ਲੋਕ ਪੰਜਾਬ ਨੂੰ ਹਰ ਖੇਤਰ ਵਿਚ ਕੰਮਜੋਰ ਕਰਨਾ ਚਾਹੁੰਦੇ ਹਨ, ਉਨ੍ਹਾਂ ਦਾ ਸਾਥ ਉਹ ਕਿਉ ਦੇ ਰਹੇ ਹਨ ? ਬੀਜੇਪੀ-ਆਰ.ਐਸ.ਐਸ. ਪੰਜਾਬ ਵਿਚੋ ਰਹਿੰਦੀ ਥੋੜ੍ਹੀ ਬਹੁਤੀ ਇੰਡਸਟਰੀ ਨੂੰ ਬਾਹਰ ਕਿਉਂ ਲਿਜਾ ਰਹੀ ਹੈ ?