ਸਿੱਖ ਇਤਿਹਾਸ ਦੇ ਸ਼ਹੀਦੀ ਪਰੰਪਰਾ ਪਿੱਛੇ ਕ੍ਰਾਂਤੀਕਾਰੀ ਵਿਚਾਰਧਾਰਾ ਅਤੇ ਮਾਨਵ ਕਲਿਆਣ ਮਾਡਲ ਤੋਂ ਇਲਾਵਾ ਸ੍ਰੀ ਗੁਰਬਾਣੀ ਦੇ ਸਤਿ ਸਤਿ ਹੋਣ ਦਾ ਪ੍ਰਮਾਣ ਮਿਲਦਾ ਹੈ। ਜੋ ਲੋਕ ਗੁਰਬਾਣੀ ਨੂੰ ਤਰਕ ਦੀ ਨਿਗਾਹ ਨਾਲ ਦੇਖਦਿਆਂ ਇਸ ’ਤੇ ਸ਼ੰਕੇ ਕਰਦੇ ਹਨ, ਉਸ ਨੂੰ ਸਤਿਗੁਰਾਂ ਅਤੇ ਸ਼ਹੀਦਾਂ ਮੁਰੀਦਾਂ ਨੇ ਸ਼ਹਾਦਤਾਂ ਦੇ ਕੇ ਸਤਿ ਕਰ ਕੇ ਦਿਖਾਇਆ ਹੈ।
13 ਪੋਹ ਸੰਮਤ 1761, 28 ਦਸੰਬਰ ਸੰਨ 1704, ਸਰਹਿੰਦ ਵਿਚ ਮੇਰੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੀਆਂ ਮਹਾਨ ਸ਼ਹਾਦਤਾਂ ਅਤੇ ਇਸ ਤੋਂ ਪਹਿਲਾਂ 8 ਪੋਹ ਨੂੰ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੀਆਂ ਸ਼ਹਾਦਤਾਂ ਹਰ ਪੱਖੋਂ ਸੰਸਾਰ ਦੇ ਧਰਮ ਇਤਿਹਾਸ ’ਚ ਲਾਸਾਨੀ ਹਨ।
ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਤੋੜਨ ਲਈ ਹਾਕਮ ਵੱਲੋਂ ਰਣਨੀਤੀ ਖੇਡੀ ਗਈ। ਲਾਲਚ ਦਿੱਤੇ ਗਏ। ਕਈ ਵਾਰ ਮੌਤ ਦੇ ਭੈ ਵਿੱਚੋਂ ਲੰਘਾਇਆ ਗਿਆ । ਨਿੱਕੀਆਂ ਜਿੰਦਾਂ ਨੇ ਅਡੋਲ – ਅਹਿੱਲ ਰਹਿੰਦਿਆਂ ਅਤੇ ਪੂਰੇ ਸਿਦਕ ਅਤੇ ਦ੍ਰਿੜ੍ਹਤਾ ਦਿਖਾਈ। ਅਖੀਰ ਨੀਹਾਂ ’ਚ ਚਿਣੇ ਜਾਣ ’ਤੇ ਵੀ ਜ਼ਾਲਮਾਂ ਨੂੰ ਸਬਰ ਨਹੀਂ ਆਇਆ , ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਸੀ। ਜਿਨਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਸਿੱਖ ਮਾਨਸਿਕਤਾ ਮੁਸੀਬਤ ’ਚ ਵੀ ਅਡੋਲ, ਨਿਰਭੈਤਾ ਅਤੇ ਚੜਦੀਕਲਾ ਦੀ ਸੇਧ ਲਈ ਜਾਂਦੀ ਹੈ, ਉਨ੍ਹਾਂ ਨੂੰ ਇਹ ਗੁਣ ਵਿਰਸੇ ਤੋਂ ਮਿਲੇ ਸਨ। ਛੋਟੇ ਸਾਹਿਬਜ਼ਾਦਿਆਂ ਨੂੰ ’’ਧਰਮ ਹੇਤਿ ਸਾਕਾ ਜਿਨਿ ਕੀਆ, ਸੀਸ ਦੀਆ ਪਰ ਸਿਰਰੁ ਨਾ ਦੀਆ।’’ ਦੀ ਬੋਧ ਸੀ।
ਨਿਰਸੰਦੇਹ ਇਹ “ਬਾਬੇਕਿਆਂ ਅਤੇ ਬਾਬਰਕਿਆਂ” ਵਿਚਕਾਰ ਖ਼ੂਨੀ ਸੰਘਰਸ਼ ਦਾ ਸਿਖਰ ਸੀ। ਜਿਸ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਵੱਲੋਂ ਐਮਨਾਬਾਦ ’ਚ ਬਾਬਰ ਨੂੰ ਜਾਬਰ ਕਹਿਣ ਅਤੇ “ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥’ ਨਾਲ ਹੋ ਗਈ ਸੀ। ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲਾਂ ਭਗਤੀ ਲਹਿਰ ਦੇ ਸੰਤ ਮਹਾਂਪੁਰਸ਼, ਭਾਰਤ ਨੂੰ ਵਿਦੇਸ਼ੀਆਂ ਦੀ ਸਦੀਆਂ ਤੋਂ ਜਾਰੀ ਗ਼ੁਲਾਮੀ ਤੋਂ ਨਿਜਾਤ ਦਿਵਾਉਣਾ ਚਾਹੁੰਦੇ ਸਨ। ਕਬੀਰ ਹੋਕਾ ਦਿੱਤਾ -ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥
ਬਹੁਤਿਆਂ ਨੂੰ ਇਹ ਪਤਾ ਕਿ ਦੀਵਾਨ ਚੰਦੂ ਨੇ ਆਪਣੀ ਧੀ ਦਾ ਰਿਸ਼ਤਾ ਬਾਲ ਗੁਰੂ ਹਰਗੋਬਿੰਦ ਸਾਹਿਬ ਲਈ ਕਬੂਲ ਨਾ ਕਰਨ ’ਤੇ ਗੁਰੂ ਸਾਹਿਬ ਖਿਲਾਫ ਬਾਦਸ਼ਾਹ ਜਹਾਂਗੀਰ ਨੂੰ ਭੜਕਾਉਣਾ ਕੀਤਾ। ਪਰ ਅਸਲ ਕਾਰਨ ਜਹਾਂਗੀਰ ਨੇ ਜੋ ਆਪਣੀ ਡਾਇਰੀ ਵਿਚ ਲਿਖਿਆ ਉਸ ਮੁਤਾਬਕ ਸਿਖੀ ਦੀ ਦੁਕਾਨ ਜੋ ਗੁਰੂ ਅਮਰਦਾਸ ਜੀ ਦੇ ਸਮੇਂ ਸ੍ਰੀ ਗੋਇੰਦਵਾਲ ਤੋਂ ਬੜੀ ਚਲਦੀ ਆ ਰਹੀ ਸੀ ਉਸ ਨੂੰ ਬੰਦ ਕਰਨ ਲਈ ਹੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਹੈ। ਜਹਾਂਗੀਰ ਚਾਹੁੰਦਾ ਸੀ ਕਿ ਗੁਰੂ ਸਾਹਿਬ ਵੱਲੋਂ ਸੰਪਾਦਿਤ ਗੁਰੂ ਗ੍ਰੰਥ ਸਾਹਿਬ ਵਿਚ ਉਸ ਅਤੇ ਇਸਲਾਮ ਨੂੰ ਅਪਣਾਉਣ ਬਾਰੇ ਲਿਖਿਆ ਜਾਵੇ। ਪਰ ਗੁਰਮਤਿ ਦਾ ਅਸੂਲ ਕਿ ਅਲਾ ਨੂੰ ਯਾਦ ਕੀਤੇ ਬਿਨਾ ਕੋਈ ਵੀ ਭਾਵੇ ਉਹ ਮੁਸਲਮਾਨ ਹੀ ਹੋਵੇ ਪਰ ਨਰਕਾਂ ਵਿਚ ਪੈਣ ਤੋਂ ਕੋਈ ਨਹੀਂ ਬਚਾਅ ਸਕਦਾ।
’’ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ’’
ਇਸ ਸ਼ਹੀਦੀ ਵਰਤਾਰੇ ’ਚ ਸਤਿਗੁਰੂ ਜੀ ਗੁਰਬਾਣੀ ’ਚ ਅੰਕਿਤ ਬ੍ਰਹਮ ਗਿਆਨੀਆਂ ਦੇ ਲਛਣ ਨੂੰ ਵੀ ਪ੍ਰਤਖ ਕਰ ਕੇ ਦਿਖਾਇਆ। ਜਦੋਂ ਗੁਰੂ ਸਾਹਿਬ ਨੂੰ ਤਸੀਹੇ ਦਿੱਤੇ ਜਾ ਰਹੇ ਸਨ ਤਾਂ ਸਾਈ ਮੀਆਂ ਮੀਰ ਜੀ ਪਧਾਰੇ। ਉਨ੍ਹਾਂ ਜੁਲਮ ਦੇਖ ਨਾ ਸਹਾਰਦਿਆਂ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਣ ਦੀ ਗੁਰੂ ਸਾਹਿਬ ਤੋਂ ਆਗਿਆ ਮੰਗੀ ਤਾਂ ਸਤਿਗੁਰਾਂ ਨੇ ਕਿਹਾ ਸਾਈ ਮੀਆਂ ਮੀਰ ਤੁਸਾਂ ਸਵਾਲ ਕੀਤਾ ਸੀ ਨਾ ਕਿ,
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥ ——ਇਹ ਕਿਵੇਂ ਹੋ ਸਕਦਾ ਹੈ? ਅਤੇ
ਬ੍ਰਹਮ ਗਿਆਨੀ ਕੈ ਧੀਰਜੁ ਏਕ।
( ਬ੍ਰਹਮ ਗਿਆਨੀਆਂ ’ਚ ਇਕ ਵਿਸ਼ੇਸ਼ ਗੁਣ ਧੀਰਜ ਹੈ ਜੋ ਕਿਸੇ ਹੋਰ ’ਚ ਨਹੀਂ ਪਾਇਆ ਜਾਂਦਾ)
ਧੀਰਜਵਾਨ ਗੁਣਾਂ ਵਾਲੇ ਪੁਰਖ ਦੇ ਦਰਸ਼ਨ ਕਰਨੇ ਹਨ। ਹੁਣ ਘਬਰਾਉਦਾ ਕਿਸ ਵਾਸਤੇ ਹੈ? ਕਹਿੰਦੇ ਹਨ ਕਿ ਸਤਿਗੁਰਾਂ ਨੇ ਸਾਈ ਜੀ ਨੂੰ 33 ਕਰੋੜ ਦੇਵੀ ਦੇਵਤੇ, ਅਵਤਾਰ ਪੈਗੰਬਰ ਤੇ ਸਿੱਧ ਆਦਿਕ ਹਥ ਜੋੜ ਆਗਿਆ ਮੰਗਦੇ ਨੂੰ ਦਿਖਲਾਇਆ।
ਪਰ ਸਤਿਗੁਰਾਂ ਦਾ ਧੀਰਜ ਦੇਖ ਸਾਈ ਜੀ ਪੈਂਰੀਂ ਪੈ ਗਏ ਸਨ।
ਸਤਿਗੁਰੂ ਦੁਖ ਦੇਣ ਵਾਲੇ ’ਤੇ ਵੀ ਕ੍ਰੋਧ ਨਹੀਂ ਹੁੰਦੇ ਸਨ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ ਗਲ ਕਰੀਏ ਤਾਂ, ਮਨੁਖੀ ਤੇ ਧਰਮ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਸੀ ਕਿ ਕੋਈ ਆਪਣਾ ਸੀਸ ਭੇਟ ਕਰਨ ਲਈ ਖੁਦ ’ਮਕਤਲ’ ਵਿਚ ਜਾਂਦਾ ਹੈ। ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਗਿਆ। ਆਪ ਜੀ ਦੀ ਸ਼ਹਾਦਤ ਧਾਰਮਿਕ ਅਜਾਦੀ ਦੇ ਸਰੋਕਾਰਾਂ ਨੂੰ ਪੂਰੀਤਰਾਂ ਪ੍ਰਣਾਈ ਹੋਈ ਸੀ। ਮੁਗ਼ਲ ਬਾਦਸ਼ਾਹ ਔਰੰਗਜ਼ੇਬ, ਇੱਕ ਜ਼ਾਲਮ ਕੱਟੜਪੰਥੀ ਸੀ ਜੋ ਭਾਰਤ ਵਿੱਚ ਤਲਵਾਰ ਦੀ ਜ਼ੋਰ ਇਸਲਾਮ ਨੂੰ ਸਥਾਪਿਤ ਕਰਨਾ ਚਾਹੁੰਦਾ ਸੀ।
ਉਸ ਨੇ ਹਿੰਦੂਆਂ ਉੱਤੇ ਦਹਿਸ਼ਤ ਅਤੇ ਜ਼ੁਲਮ ਦਾ ਦੌਰ ਸ਼ੁਰੂ ਕੀਤਾ ਅਤੇ ਹਿੰਦੂਆਂ ਨੂੰ ਇਸਲਾਮ ਜਾਂ ਮੌਤ ਵਿੱਚੋਂ ਇੱਕ ਦੀ ਚੋਣ ਕਰਨ ਲਈ ਮਜਬੂਰ ਕੀਤਾ। ਹਿੰਦੂ ਧਰਮ ਛੱਡਣ ਲਈ ਮਜਬੂਰ ਕਰਨ ਹਿਤ ਹਿੰਦੂਆਂ ‘ਤੇ ਜਜ਼ੀਆ ਲਗਾਇਆ ਗਿਆ, ਹਿੰਦੂ ਤਿਉਹਾਰਾ ਮਨਾਉਣ ਅਤੇ ਘੋੜੇ ’ਤੇ ਚੜਣ ਦੀ ਵੀ ਮਨਾਹੀ ਸੀ। ਪਵਿੱਤਰ ਹਿੰਦੂ ਮੰਦਰਾਂ ਨੂੰ ਢਾਹ ਕੇ ਮਸਜਿਦਾਂ ਬਣਾਈਆਂ ਗਈਆਂ ਸਨ। ਇਹਨਾਂ ਅੱਤਿਆਚਾਰਾਂ ਦਾ ਵਿਰੋਧ ਮਤਲਬ ਇਜਤ ਅਤੇ ਜਾਨ ਗਵਾਉਣੀ ਸੀ।
ਔਰੰਗਜ਼ੇਬ ਦੇ ਸ਼ਾਹੀ ਹੁਕਮਾਂ ਤਹਿਤ ਕੀਤੇ ਜਾ ਰਹੇ ਜ਼ੁਲਮ ਤਸ਼ੱਦਦ ਦਾ ਸਾਹਮਣਾ ਕਰਨ ਵਿੱਚ ਅਸਮਰਥ ਕਸ਼ਮੀਰ ਦੇ ਹਿੰਦੂ ਪੰਡਿਤ ਕ੍ਰਿਪਾ ਰਾਮ ਦੱਤ (ਜੋ ਬਾਅਦ ਵਿਚ ਬਾਲ ਗੋਬਿੰਦ ਰਾਏ ਦੇ ਵਿੱਦਿਆ ਉਸਤਾਦ ਬਣੇ) ਦੀ ਅਗਵਾਈ ’ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਆਣ ਫਰਿਆਦੀ ਹੋਏ। ਉਨ੍ਹਾਂ ਦੀ ਦਰਦ ਭਰੀ ਕਹਾਣੀ ਸੁਣ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਮਹਾਨ ਆਤਮਾ ਦੀ ਸ਼ਹੀਦੀ ਦੀ ਲੋੜ ਹੈ।
ਉਸ ਵਕਤ ਬਾਲ ਗੋਬਿੰਦ ਰਾਏ ਜੀ ਨੇ ਸੁਣਦਿਆਂ ਕਿਹਾ ਆਪ ਜੀ ਤੋਂ ਬਿਨਾ ਮਹਾਂ ਪੁਰਖ ਕੌਣ ਹੋ ਸਕਦਾ ਹੈ ?। ਗੁਰੂ ਜੀ ਨੇ ਕਸ਼ਮੀਰੀ ਪੰਡਿਤਾਂ ਦੀ ਪ੍ਰਾਰਥਨਾ ਨੂੰ ਸਵੀਕਾਰ ਕਰ ਲਿਆ ਗਿਆ। ਆਪ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਕਿ ਔਰੰਗਜ਼ੇਬ ਨੂੰ ਕਹਿ ਦਿਓ ਕਿ ਪਹਿਲਾਂ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲੈ, ਫਿਰ ਅਸੀਂ ਵੀ ਬਣ ਜਾਵਾਂਗੇ।
ਇਹ ਸੰਦੇਸ਼ ਪਾ ਕੇ ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਬੁਲਾਇਆ। ਜਦ ਕਈ ਤਰਾਂ ਦੇ ਲਾਲਚ ਅਤੇ ਧਮਕੀਆਂ ਦੇ ਬਾਵਜੂਦ ਗੁਰੂ ਜੀ ਨੇ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ, ਅਤੇ 11 ਨਵੰਬਰ 1675 ਨੂੰ ਗੁਰੂ ਸਾਹਿਬ ਨੂੰ ਚੰਦਨੀ ਚੌਕ ਵਿਖੇ ਜਨਤਕ ਤੌਰ ‘ਤੇ ਸਿਰ ਕਲਮ ਕਰਦਿਆਂ ਸ਼ਹੀਦ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ, ਉਨ੍ਹਾਂ ਦੇ ਅਨੁਆਈ ਸਿੱਖਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਇਸਲਾਮ ਕਬੂਲ ਨਾ ਕਰਨ ’ਤੇ ਵਾਰੋ ਵਾਰੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤੇ ਗਏ ਸਨ। ਗੁਰੂ ਸਾਹਿਬ ਦੀ ਸ਼ਹੀਦੀ ਹਿੰਦੂਆਂ ਲਈ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਬਚਿਤਰ ਨਾਟਕ ’ਚ ਸਾਫ ਲਿਖਿਆ ਹੈ।
’ਤਿਲਕ ਜੰਝੂ ਰਾਖਾ ਪ੍ਰਭ ਤਾਕਾ ।। ਕੀਨੋ ਬਡੋ ਕਲੂ ਮਹਿ ਸਾਕਾ ।। ’’
ਗੁਰਿਆਈ ਮਿਲਦਿਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਕੂਮਤ ਦੇ ਜੁਲਮ ਖਿਲਾਫ ਲੋਕਾਂ ਵਿਚ ਜਾਗਰਿਤੀ ਪੈਦਾ ਕੀਤੀ। ਸ਼ਾਸਤਰ ਦੇ ਨਾਲ ਸ਼ਸ਼ਤਰ ਵਿਦਿਆ ਵਲ ਵਿਸ਼ੈਸ਼ ਧਿਆਨ ਦਿੱਤਾ।
1699 ਦੀ ਵਿਸਾਖੀ ਨੂੰ ਕੇਸਗੜ ਸਾਹਿਬ ਵਿਖੇ ਗੁਰੂ ਨਾਨਕ ਵੱਲੋਂ ਚਿਤਵੇਂ ਸਚਿਆਰ ਮਨੁਖ ਨੂੰ ਅਮਲੀ ਰੂਪ ’ਚ ਖਾਲਸੇ ਦੀ ਸਿਰਜਣਾ ਕੀਤੀ। ਦਸ ਗੁਰੂ ਸਾਹਿਬਾਨ ਦੇ ਜਾਮੇ ’ਚ ਦੋ ਸਦੀਆਂ ਤੋਂ ਵੱਧ ਸਮਾਂ ਲਗਾ ਸ਼ਸਤਰ ਨੂੰ ਪਕੇ ਤੌਰ ਤੇ ਸਿਖਾਂ ਦੇ ਹੱਥਾਂ ’ਚ ਥਮਾਉਣ ਵਿਚ।
ਗੁਰੂ ਸਾਹਿਬ ਦੀ ਸ਼ਾਨੋਸ਼ੌਕਤ ਦੇਖ ਰਾਜ ਅਭਿਮਾਨ ਵਿਚ ਗ੍ਰਸੇ ਪਹਾੜੀ ਰਾਜੇ ਗੁਰੂ ਸਾਹਿਬ ਨਾਲ ਈਰਖਾ ਕਰਨ ਲਗੇ। ਉਨ੍ਹਾਂ ਅਨੇਕਾਂ ਯੁੱਧ ਗੁਰੂ ਸਾਹਿਬ ’ਤੇ ਠੋਸ ਦਿੱਤੇ। ਪਰ ਜਿਤ ਨਸੀਬ ਨਹੀਂ ਹੋਈ। ਅੰਤ ਉਨ੍ਹਾਂ ਬਾਦਸ਼ਾਹ ਔਰੰਗਜੇਬ ਨੂੰ ਚਿਠੀਆਂ ਲਿਖੀਆਂ ਕਿ ਗੁਰੂ ਗੋਬਿੰਦ ਸਿੰਘ ਇਸਲਾਮ ਦਾ ਵੈਰੀ ਹੈ। ਬਾਦਸ਼ਾਹੀ ਤਖਤ ਲਈ ਖਤਰਾ ਹੈ। ਅਨੰਦਪੁਰ ’ਚ ਉਸੇ ਦੀ ਹਕੂਮਤ ਹੈ, ਉਹ ਤੇਰੇ ਤੋਂ ਵੀ ਉਚਾ ਤਖਤ ਲਾ ਕੇ ਬੈਠਾ ਹੈ, ਰਣਜੀਤ ਨਗਾਰਾ ਰਖਿਆ ਹੈ, ਅਰਬੀ ਘੋੜੇ ਰਖਦਾ ਹੈ, ਲੋਕ ਇਕਾਇਤਾਂ ਲੈ ਕੇ ਆਉਦੇ ਹਨ ਉਹ ਨਿਆਂ ਦਿਵਾਉਦਾ ਹੈ।
ਫਿਰ ਕੀ 1761 ਸੰਮਤ, ਸੰਨ 1704 ਨੂੰ ਮੁਗ਼ਲ ਅਤੇ ਬਾਈ ਧਾਰ ਦੇ ਪਹਾੜੀ ਰਾਜਿਆਂ ਦੀਆਂ ਲੱਖਾਂ ਹੀ ਫੌਜਾਂ ਵੱਲੋਂ ਰਲ਼ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਲਿਆ ਗਿਆ। ਮੁਠੀ ਭਰ ਸਿੰਘਾਂ ਨਾਲ ਗੁਰੂ ਸਾਹਿਬ ਕਾਬੂ ਨਾ ਆਏ ਅਤੇ ਘੇਰਾ ਲੰਮਾ ਹੋ ਗਿਆ । ਗੁਰੂ ਜੀ ਨਾਲ ਅਨੰਦਪੁਰ ਸਾਹਿਬ ਛੱਡਣ ਲਈ ਝੂਠੇ ਵਾਅਦੇ ਕੀਤੇ ਗਏ। ਸ਼ਰਤ ਇਹ ਸੀ ਕਿ ਇਕ ਵਾਰ ਗੁਰੂ ਕੀ ਕਿਲਾ ਛਡ ਦੇਣ ਉਨ੍ਹਾਂ ਨੂੰ ਬੇਰੋਕ ਜਾਣ ਦਿੱਤਾ ਜਾਵੇਗਾ। ਗੁਰੂ ਸਾਹਿਬ ਨੇ ਸਿੰਘਾਂ ਨੂੰ ਧੀਰਜ ਰਖਣ ਲਈ ਕਿਹਾ ਪਰ ਕੁਝ ਸਿੰਘ ਬੇਦਾਵਾ ਲਿਖ ਕੇ ਦੇ ਗਏ। ਜੋ ਬਾਅਦ ’ਚ ਜਾਨ ਦੇ ਕੇ ਬੇਦਾਵਾ ਪੜਵਾ ਵੀ ਗਏ।
ਕਿਲਾ ਛਡਣ ਲਈ ਪਹਾੜੀ ਰਾਜਿਆਂ ਨੇ ਸੌਹਾਂ ਖਾਧੀਆਂ ਅਤੇ ਔਰੰਗਜ਼ੇਬ ਵੱਲੋਂ ਗੁਰੂ ਜੀ ਨੂੰ ਲਿਖਤੀ ਕਸਮਾਂ ਵੀ ਭੇਜੀਆਂ ਗਈਆਂ। ਗੁਰੂ ਜੀ ‘ਜ਼ਫ਼ਰਨਾਮੇ’ ਵਿਚ ਵੀ ਇਸ ਦਾ ਜ਼ਿਕਰ ਕੀਤਾ ਹੈ ਕਿ ਜੇ ਤੂੰ ਕੁਰਾਨ ਦੀਆਂ ਲਿਖਤੀ ਕਸਮਾਂ ਵੇਖਣਾ ਚਾਹੁੰਦਾ ਹੈਂ ਤਾਂ ਉਹ ਵੀ ਮੈਂ ਤੈਨੂੰ ਭੇਜ ਸਕਦਾ ਹਾਂ।
ਸੰਮਤ 1761 ਬਿਕ੍ਰਮੀ 6 ਪੋਹ, ਦਸੰਬਰ 20, 1704 ਈਸਵੀ ਦੀ ਰਾਤ ਨੂੰ ਗੁਰੂ ਜੀ ਦੇ ਕਿਲ੍ਹਾ ਛਡ ਦਿੱਤਾ। ਫਿਰ ਕੀ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਹ ਧਰਮ-ਹੀਣ ਰਾਜ ਸੱਤਾ ਦਾ ਹੀ ਨੰਗਾ ਨਾਚ ਸੀ।
7 ਪੋਹ ਦੀ ਸਵੇਰ ਅਮ੍ਰਿਤ ਵੇਲਾ ਹੋ ਗਿਆ ਤਾਂ ਸਰਸਾ ਨਦੀ ਦੇ ਕੋਲ ਗਰੂ ਸਾਹਿਬ ਨੇ ਆਸਾ ਦੀ ਵਾਰ ਅਤੇ ਨਿਤਨੇਮ ਸ਼ੁਰੂ ਕਰਨ ਦਾ ਆਗਿਆ ਕੀਤੀ । ਦੂਜੇ ਪਾਸੇ ਚੜ ਕੇ ਆਏ ਦੁਸ਼ਮਣ ਨਾਲ ਗਹਿਗੱਚ ਲੜਾਈ ਹੋਈ । ਸਰਸਾ ਨਦੀ ਪਾਰ ਕਰਦੇ ਵਕਤ ਗੁਰੂ ਜੀ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ।(ਇਸ ਸਥਾਨ ਤੇ ਹੁਣ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਮੋਜੂਦ ਹੈ) । ਗੁਰੂ ਕੇ ਮਹਿਲ ਮਾਤਾ ਸੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਜੋ ਕਿ ਭਾਈ ਮਨੀ ਸਿੰਘ ਜੀ ਨਾਲ ਗੁਰੂ ਹੁਕਮਾਂ ਅਨੁਸਾਰ ਦਿੱਲੀ ਵੱਲ ਚਲੇ ਗਏ ਸਨ ।
ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਨਾਲ ਪਿੰਡ ਚੱਕ ਢੇਰਾ ਦੇ ਕੁਮਾ ਮਾਸ਼ਕੀ ( ਕਰਮੂ ਤੋਂ ਕਰੀਮ ਬਖਸ਼) ਦੀ ਛੰਨ ’ਚ ਪਹੁੰਚ ਕੇ ਰਾਤ ਕੱਟੀ । ਕੁਮਾ ਮਾਸ਼ਕੀ ਨੇ ਆਪਣੇ ਗੁਆਂਢੀ ਇਕ ਬ੍ਰਾਹਮਣੀ ਮਾਈ ਲਛਮੀ ਤੋਂ ਖਾਣਾ ਬਨਵਾ ਕੇ ਉਨ੍ਹਾਂ ਨੂੰ ਛਕਾਇਆ। ਉਸ ਵਕਤ ਮਾਤਾ ਜੀ ਨੇ ਖੁਸ਼ ਹੋਕੇ ਮਾਈ ਲਛਮੀ ਅਤੇ ਕੁੰਮਾ ਮਾਸ਼ਕੀ ਨੂੰ ਕੁਝ ਪੈਸੇ ਦਿੱਤੇ। ਉਸ ਵਕਤ ਇਹ ਸਭ ਦੇਖ ਕੇ ਗੁਰੂ ਘਰ ਦਾ ਰਸੋਈਆ ਗੰਗੂ ਬਈਮਾਨ ਹੋ ਗਿਆ। ਗੰਗੂ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਅਪਣੇ ਨਾਲ ਲੈ ਜਾਣਾ ਕੀਤਾ। ਮਾਤਾ ਜੀ ਰੋਪੜ ਵਲ ਜਾਣਾ ਚਾਹੁੰਦੇ ਸਨ , ਕਿਉਕਿ ਗੁਰੂ ਸਾਹਿਬ ਉਧਰ ਹੀ ਗਏ ਸਨ। ਪਰ ਗੰਗੂ ਨੇ ਰਸਤੇ ਵਿਚ ਕਿਹਾ ਕਿ ਰੋਪੜ ਵਲ ਸ਼ਾਹੀ ਫੌਜਾਂ ਦਾ ਜੋਰ ਬਹੁਤ ਹੈ। ਪਰ ਉਹ ਜਾਣਦਾ ਸੀ ਕਿ ਰੋਪੜ ਵਿਚ ਪਠਾਨ ਨਿਹੰਗ ਖਾਨ ਗੁਰੂਘਰ ਦਾ ਸੇਵਕ ਹੈ। ਉਹ ਮਾਤਾ ਜੀ ਨੂੰ ਆਪਣੇ ਨਾਲ ਲੈ ਜਾਵੇਗਾ ਅਤੇ ਸੋਨੇ ਦੀਆਂ ਮੋਹਰਾਂ ਉਸ ਨੂੰ ਨਹੀਂ ਮਿਲਣ ਗੀਆਂ। ਉਹ ਮਾਤਾ ਜੀ ਨੂੰ ਮਨਾ ਕੇ ਆਪਣੇ ਨਾਲ ਆਪਣੇ ਪਿੰਡ ਖੇੜੀ (ਸਹੇੜੀ) ਲੈ ਗਿਆ। ਰਸਤੇ ’ਚ ਮਾਤਾਜੀ ਤੇ ਬਚਿਆਂ ਨੇ ਪਿੰਡ ਕਾਈਨੌਰ ਤਲਾਬ ਕੋਲ ਜੋ ਕਿ ਸਹੇੜੀ ਤੋਂ 2 ਕਿਲੋ ਮੀਟਰ ਦੂਰ ਸੀ ਵਿਖੇ ਆਰਾਮ ਕੀਤਾ। ਫਿਰ ਗੰਗੂ ਨੇ ਆਪਣੇ ਪਿੰਡ ਤੋਂ ਕੁਝ ਦੂਰ ਮਾਤਾ ਜੀ ਨੂੰ ਇਕ ਜੰਗਲ ਕੋਲ ਬਿਠਾ ਕੇ ਪਿੰਡ ਚਲਾ ਗਿਆ। ਗੰਗੂ ਮੁੜਕੇ ਜਲਦੀ ਨਾ ਆਇਆ ਤਾਂ ਸ਼ਾਮਾਂ ਪੈ ਗਈਆਂ ਮਾਤਾ ਜੀ ਨੇ ਨੇੜੇ ਇਕ ਫਕੀਰ ਦੀ ਕੁਟੀਆ ਵਿਚ ਜਾ ਡੇਰਾ ਲਾਇਆ। ਜਦ ਫਕੀਰ ਆਇਆ ਅਤੇ ਪੁਛਿਆ ਕਿ ਤੁਸੀ ਕਿਵੇਂ ਬੈਠੇ ਹੋ, ਮਾਤਾ ਜੀ ਕਹਿੰਦੇ ਬਸ ਐਵੇ ਬੈਠੇ ਹਾਂ( ਇਥੇ ਐਮਾਂ ਸਾਹਿਬ ਗੁਰਦੁਆਰਾ ਸਥਾਪਿਤ ਹੈ। ਇਥੋ ਗੰਗੂ ਮਾਤਾ ਜੀ ਅਤੇ ਬਚਿਆਂ ਨੂੰ ਆਪਣੇ ਨਾਲ ਘਰ ਲੈ ਗਿਆ। ਰਾਤ ਗੰਗੂ ਨੇ ਮਾਤਾ ਜੀ ਦੇ ਪੈਸੇ ਚੁਰਾ ਲਏ। ਸਵੇਰ ਮਾਤਾ ਜੀ ਨੇ ਗੰਗੂ ਨੂੰ ਕਿਹਾ ਕਿ ਚੰਗਾ ਕੀਤਾ ਤੂੰ ਮਾਇਆ ਸਾਂਭ ਲਈ ਹੈ। ਇਹ ਸੁਣ ਗੰਗੂ ਕਹਿੰਦਾ ਤੁਸੀ ਮੈਨੂੰ ਚੋਰ ਕਹਿੰਦੇ ਹੋ। ਮੈ ਤੁਹਾਨੂੰ ਸਾਂਭਿਆ। ਉਹ ਹੋਰ ਇਨਾਮੀ ਲਾਲਚ ਵਿਚ ਪਿੰਡ ਦੇ ਚੌਧਰੀ ਕੋਲ ਗਿਆ ਫਿਰ ਮੁਰਿੰਡਾ ਥਾਣੇ ਜਾ ਕੇ ਖਬਰ ਦੇ ਦਿਤੀ। ਜਾਨੀ ਖਾਨ ਮਾਨੀ ਖਾਨ ਨੇ ਮਾਤਾ ਜੀ ਨੂੰ ਆਣ ਗ੍ਰਿਫਤਾਰ ਕੀਤਾ। 9 ਪੋਹ, 23 ਦਸੰਬਰ ਦੀ ਇਕ ਰਾਤ ਮਾਤਾ ਜੀ ਤੇ ਬਚਿਆਂ ਨੇ ਮੁਰਿੰਡੇ ਥਾਣੇ ( ਗੁਰਦੁਆਰਾ ਕੋਟਵਾਲੀ ਸਾਹਿਬ) ਕਟੀ।
ਅਗਲੀ ਸਵੇਰ ਮੋਰਿੰਡੇ ਦੇ ਹਾਕਮ ਜਾਨੀ ਖਾਂ-ਮਾਨੀ ਖਾਂ ਨੇ ਸੂਬਾ ਸਰਹਿੰਦ ਨੂੰ ਜਾ ਖਬਰ ਦਿਤੀ। ਸਰਹਿੰਦ ਦਾ ਹਾਕਮ ਵਜੀਦ ਖਾਨ ਗੁਰੂ ਸਾਹਿਬ ਨੂੰ ਕਾਬੂ ਨਾ ਕਰ ਸਕਣ ਲਈ ਨਮੋਸ਼ੀ ਵਿਚ ਸੀ। ਜਾਨੀ ਖਾਨ ਮਾਨੀ ਖਾਂ ਨੇ ਕਿਹਾ ਫਿਕਰ ਕਿਉ ਕਰਦੇ ਹੋ ਗੁਰੂ ਨਹੀਂ ਤਾਂ ਨਾ ਸਹੀ ਗੁਰੂ ਦੇ ਬਚੇ ਕਾਬੂ ਆ ਚੁਕੇ ਹਨ। ਜਦੋਂ ਪਤਾ ਲਗ ਗਿਆ ਤਾਂ ਗੁਰੂ ਖੁਦ ਲਿਲਕੜੀਆਂ ਕਢ ਦਾ ਬਚਿਆਂ ਲਈ ਆਵੇਗਾ। ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਗੁਰੂ ਸਾਹਿਬ ਵਿਚ ਬਚਿਆਂ ਪ੍ਰਤੀ ਮੋਹ ਕਿਥੇ? ਜੇ ਪੁਤਰਾਂ ਲਈ ਮੋਹ ਹੁੰਦਾ ਉਹ ਅਜੀਤ ਸਿੰਘ ਜੁਝਾਰ ਸਿੰਘ ਨੂੰ ਵੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਦੀ ਤਰਾਂ ਚਮਕੌਰ ਤੋਂ ਕਢ ਲਿਆਉਦਾ। ਉਹ ਤਾਂ ਤੇਰਾ ਭਾਣਾ ਮੀਠਾ ਲਾਗੇ ਕਹਿ ਰਿਹਾ ਹੈ। ਤੇਰਾ ਤੁਝ ਕੋ ਸੌਪ ਕੇ ਕਿਆ ਲਾਗੈ ਮੇਰਾ ’’।
ਸਰਸਾ ਤੋਂ ਵਿਛੜ ਕੇ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਪੰਜ ਪਿਆਰੇ ਅਤੇ ਕੁਝ ਸਿੰਘ ਰੋਪੜ ਵੱਲ ਚਲੇ ਗਏ। ਜਿਥੇ ਉਹ ਬੁੱਧੀ ਚੰਦ ਦੀ ਹਵੇਲੀ ਕੱਚੀ ਗੜੀ, ਚਮਕੌਰ ਸਾਹਿਬ ਪਹੁੰਚੇ। ਉਨ੍ਹਾਂ ਪਿੱਛੇ ਮੁਗ਼ਲ ਸੈਨਾ ਲੱਖਾਂ ਦੀ ਗਿਣਤੀ ਵਿੱਚ ਸੀ, ਉਥੇ ਗੁਰੂ ਜੀ ਦੇ ਨਾਲ 40 ਕੁ ਭੁੱਖੇ-ਭਾਣੇ ਸਿੰਘ ਸਨ। ਗੜੀ ਵਿੱਚ ਗੁਰੂ ਜੀ ਨਾਲ ਖੜੇ ਸਿੰਘਾਂ ਨੇ ਸਲਾਹ ਕੀਤੀ ਤੇ ਗੁਰੂ ਜੀ ਅਪਣੇ ਸਾਹਿਬਜ਼ਾਦਿਆਂ ਨੂੰ ਨਾਲ ਲੈਕੇ ਇਸ ਥਾਂ ਤੋਂ ਨਿਕਲ ਜਾਣ ਲਈ ਕਿਹਾ। ਪਰ ਸਾਹਿਬਾਂ ਨੇ ਕਿਹਾ ਤੁਸੀਂ ਸਾਰੇ ਮੇਰੇ ਲਖਤੇ ਜਿਗਰ ਹੋ। ਸਾਰੇ ਮੇਰੇ ਪੁੱਤਰ ਹੋ। ਗੁਰੂ ਨਾਨਕ ਦੇ ਘਰ ਦੀ ਰੱਖਿਆ ਲਈ ਸਾਰਾ ਪਰਿਵਾਰ ਵਾਰਿਆ ਜਾ ਰਿਹਾ ਹੈ। ਜਿਥੇ ਤੁਸੀਂ ਸ਼ਹੀਦੀਆਂ ਪਾ ਰਹੇ ਹੋ ਉਥੇ ਹੀ ਇਹ ਬੱਚੇ ਵੀ ਸ਼ਹੀਦ ਹੋਣਗੇ।
ਇਕ ਸੱਚ ਇਹ ਵੀ ਕਿ ਸਾਡੇ ਬਚੇ ਵਿਦੇਸ਼ਾਂ ਲਈ ਰਵਾਨਾ ਹੁੰਦੇ ਹਨ ਤਾਂ ਆਪਣੀਆਂ ਅਖਾਂ ਵਿਚ ਹੰਝੂ ਆ ਜਾਂਦੇ। ਇਧਰ ਕਲਗੀਆਂ ਵਾਲੇ ਆਪਣੇ ਪੁਤਰਾਂ ਨੂੰ ਜੰਗ ਵਿਚ ਭੇਜਣ ਲਈ ਤਿਆਰੀਆਂ ਕਸ ਰਹੇ ਨੇ। ਸਿੰਘਾਂ ਨੂੰ ਧਰਮ ਤੇ ਅਣਖ ਦੀ ਖਾਤਰ ਜਾਨਾਂ ਹੂਲ ਕੇ ਜੰਗ ਲੜਦੇ ਹੋਏ ਸ਼ਹੀਦੀਆਂ ਪਾਉਂਦੇ ਵੇਖ ਸਾਹਿਬਜ਼ਾਦਾ ਅਜੀਤ ਸਿੰਘ ਨੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ। ਮੈਦਾਨੇ ਜੰਗ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਫਰਜ਼ੰਦ ਸਾਹਿਬਜ਼ਾਦਾ ਅਜੀਤ ਸਿੰਘ ਜੀ ਜੈਕਾਰਿਆਂ ਦੀ ਗੂੰਜ ਵਿੱਚ ਲਲਕਾਰਦੇ ਸਿੱਖ ਸੂਰਬੀਰਾਂ ਨਾਲ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਜੰਗ ਦੇ ਮੈਦਾਨ ਵਿੱਚ ਆਖ਼ਰੀ ਦਮ ਤੱਕ ਜੂਝਦੇ ਹੋਏ ਬਾਕੀ ਸਿੰਘਾਂ ਸਮੇਤ ਸ਼ਹਾਦਤ ਦਾ ਜਾਮ ਪੀ ਗਿਆ।
ਅਪਣੇ ਵੱਡੇ ਭਰਾਤਾ ਅਜੀਤ ਸਿੰਘ ਨੂੰ ਮੈਦਾਨੇ ਜੰਗ ਵਿੱਚ ਲੜਦੇ ਹੋਏ ਦੇਖ ਸਾਹਿਬਜ਼ਾਦਾ ਜੁਝਾਰ ਸਿੰਘ ਇੱਕਦਮ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਆ ਗਏ ਅਤੇ ਮੈਦਾਨੇ ਜੰਗ ਵਿੱਚ ਭੇਜਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਅਪਣੇ ਲਖ਼ਤੇ ਜ਼ਿਗਰ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਵੀ ਅਜੀਤ ਸਿੰਘ ਵਾਂਗ ਤਿਆਰ ਬਰ ਤਿਆਰ ਕਰ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਦਿੱਤੀ।
ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਪਿਤਾ ਹਜਰਤ ਇਬਰਾਹਿਮ ਦੇ ਪੁਤਰ ਮੋਹ ਪ੍ਰਤੀ ਤੁਲਣਾ ਕਰ ਕੇ ਤਾਂ ਦੇਖੋਂ।
’’ਇਕ ਵਾਰ ਅੱਲਾਹ ਨੇ ਹਜਰਤ ਇਬਰਾਹਿਮ ਤੋਂ ਕੁਰਬਾਨੀ ਵਿਚ ਉਨ੍ਹਾਂ ਦੀ ਕੋਈ ਪਸੰਦੀਦਾ ਚੀਜ਼ ਮੰਗ ਲਈ। ਹਜਰਤ ਸਾਹਿਬ ਦਾ ਇਕੋ ਇਕ ਪੁਤਰ ਇਸਮਾਇਲ ਸੀ, ਜੋ ਕਿ ਬੁਢਾਪੇ ਵਿਚ ਪੈਦਾ ਹੋਇਆ ਅਤੇ ਸਭ ਤੋਂ ਪਿਆਰਾ ਸੀ। ਕੁਰਬਾਨੀ ਦੇਣੀ ਪੈਣੀ ਸੀ। ਭਾਵਨਾਵਾਂ ਕਿਸੇ ਤਰਾਂ ਵੀ ਰੁਕਾਵਟ ਨਾ ਪਾਉਣ ਇਸ ਲਈ ਉਹਨਾਂ ਅਖਾਂ ’ਤੇ ਪੱਟੀ ਬੰਨ ਲਈ।’’
ਪਰ ਧੰਨ ਹਨ ਗੁਰੂ ਸਾਹਿਬ ਆਪਣੇ ਪੁਤਰਾਂ ਨੂੰ ਆਪ ਜੰਗ ਵਿਚ ਸ਼ਹੀਦ ਹੋਣ ਲਈ ਆਪਣੇ ਹੱਥੀਂ ਤੋਰ ਰਹੇ ਹਨ। ਸਾਹਿਬਜ਼ਾਦਾ ਜੁਝਾਰ ਸਿੰਘ ਵੀ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਸ਼ਹਾਦਤ ਨੂੰ ਪ੍ਰਵਾਨ ਚੜ੍ਹ ਗਏ।
ਸ਼ਾਮ ਦਾ ਹਨੇਰਾ ਪੈ ਗਿਆ, ਲੜਾਈ ਬੰਦ ਹੋ ਗਈ। ਪੰਜ ਪਿਆਰਿਆਂ ਦੇ ਹੁਕਮ ’ਤੇ ਗੁਰੂ ਸਾਹਿਬ ਚਮਕੌਰ ਦੀ ਗੜੀ ਵਿੱਚੋਂ ਨਿਕਲਣ ਦੀ ਵਿਉਂਤਬੰਦੀ ਕਰਦੇ ਹਨ। ਭਾਈ ਸੰਗਤ ਸਿੰਘ ਨੇ ਆਪ ਗੜੀ ਵਿਚ ਰੁਕ ਕੇ ਦੁਸ਼ਮਣ ਨੂੰ ਚਾਂਸਾ ਦੇਣ ਪ੍ਰਤੀ ਬੇਨਤੀ ਕੀਤੀ । ਗੁਰੂ ਜੀ ਨੇ ਭਾਈ ਸੰਗਤ ਸਿੰਘ ਨੂੰ ਆਪਣੀ ਕਲਗੀ ਸਜਾਈ। ਗੁਰੂ ਸਾਹਿਬ ਗੜੀ ਵਿਚੋਂ ਨਿਕਲ ਕੇ ਤਾੜੀ ਮਾਰਦਿਆਂ ਸ਼ਾਹੀ ਲਸਕਰ ਨੂੰ ਚੀਰਦਿਆਂ ਨਿਕਲ ਜਾਂਦੇ ਹਨ। ਗੁਰੂ ਜੀ ’ਮਾਛੀਵਾੜੇ’ ਜਾ ਪਹੁੰਚੇ। ਜਿਥੇ ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਆਣ ਮਿਲਦੇ ਹਨ। ਉਧਰ ਗੜੀ ਵਿੱਚ ਬੱਚੇ ਬਾਕੀ ਸਿੰਘਾਂ ਨੇ ਮੁਗਲ ਫੋਜਾਂ ਨਾਲ ਜ਼ਬਰਦਸਤ ਟੱਕਰ ਲਈ, ਇੱਕ-ਇੱਕ ਸਿੰਘ ਗੜੀ ਵਿੱਚੋਂ ਨਿਕਲਦੇ ਅਤੇ ਅਪਣੇ ਅੰਤਲੇ ਸਮੇਂ ਤੱਕ ਕਈਂ ਦੁਸ਼ਮਣਾਂ ਦਾ ਘਾਣ ਕਰਦੇ ਹੋਏ ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਸਮੇਤ ਕਈ ਸ਼ਹੀਦੀ ਪ੍ਰਾਪਤ ਕਰਦੇ।
ਚਮਕੌਰ ਬਾਰੇ ਅੱਲਾ ਯਾਰ ਖਾਂ ਜੋਗੀ ਲਿਖਦੇ ਹਨ :-
ਬਸ ਏਕ ਹਿੰਦ ਮੇਂ ਤੀਰਥ ਹੈ ਯਾਤ੍ਰਾ ਕੇ ਲਿਯੇ।
ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਿਯੇ।
ਦੂਜੇ ਪਾਸੇ ਸੂਬਾ ਸਰਹਿੰਦ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਫੜੇ ਜਾਣ ਦੀ ਖਬਰ ਮਿਲੀ ਤਾਂ ਉਹ ਮਨ ਅੰਦਰ ਬਹੁਤ ਖੁਸ਼ ਹੋ ਰਿਹਾ ਸੀ ਕਿ ਬੱਚਿਆ ਨੂੰ ਡਰਾ ਧਮਕਾ ਕੇ ਜਾਂ ਲਾਲਚ ਦੇਕੇ ਇਸਲਾਮ ਧਰਮ ਵਿੱਚ ਮਿਲਾ ਲਵਾਂਗਾਂ ਤੇ ਇਹ ਖਬਰ ਸੁਣਕੇ ਅੋਰੰਗਜ਼ੇਬ ਬਹੁਤ ਖੁਸ਼ ਹੋਵੇਗਾ ਤੇ ਮੈਨੂੰ ਮੁੰਹ ਮੰਗਿਆ ਇਨਾਮ ਮਿਲੇਗਾ ਨਾਲ ਹੀ ਬਾਕੀ ਸਿਖਾਂ ਨੂੰ ਵੀ ਬੱਚਿਆ ਦੇ ਰਾਹੀ ਮੁਸਲਮਾਨ ਬਣਾ ਲਵਾਂਗਾ। ਮਾਤਾ ਜੀ ਅਤੇ ਬਚਿਆਂ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ ਗਿਆ। ਰਸਤੇ ਵਿਚ ਮਾਤਾ ਜੀ ਬਚਿਆਂ ਨੂੰ ਆਪਣੇ ਵਡਿਆਂ ਦੀਆਂ ਕੁਰਬਾਨੀਆਂ ਦੀਆਂ ਸਾਖੀਆਂ ਸੁਣਾਉਦੀ ਹੈ। ਉਸ 10 ਪੋਹ 24 ਦਸੰਬਰ ਦੀ ਰਾਤ ਉਹਨਾਂ ਨੂੰ ਸਰਹਿੰਦ ਕਿਲੇ ਦੇ ਠੰਢੇ ਬੁਰਜ ਵਿੱਚ ਕੈਦ ਕੀਤਾ ਗਿਆ। ਇਥੇ ਸਵਾਲ ਉਠਦਾ ਹੈ ਕਿ ਉਸ ਠੰਢੇ ਬੁਰਜ ਵਿਚ ਮਾਤਾ ਜੀ ਅਤੇ ਸਾਹਿਬਜ਼ਾਦੇ ਕਿਵੇਂ ਸਮਾਂ ਕੱਟ ਸਕਦੇ ਹਨ। ਸਧਾਰਨ ਬੁੱਧੀ ਇਹ ਸੋਚ ਕੇ ਹੈਰਾਨ ਹੋ ਜਾਂਦਾ ਹੈ। ਪਰ ਮਾਤਾ ਗੁਜਰੀ ਜੀ ਆਮ ਇਨਸਾਨ ਨਹੀਂ ਸਨ। ਉਹ ਨਾਮ ਦੇ ਰਸੀਆ ਸਨ, ਜਿਨਾਂ ਗੁਰੂ ਤੇਗ ਬਹਾਦਰ ਜੀ ਨਾਲ ਤਪ ਕਰਦਿਆਂ ਪ੍ਰਮੇਸ਼ਵਰ ਰੂਪ ਗੁਰੂ ਗੋਬਿੰਦ ਸਿੰਘ ਨੂੰ ਮਾਤ ਲੋਕ ’ਚ ਜਨਮ ਦਿੱਤਾ। ਗੁਰਬਾਣੀ ਕਹਿੰਦੀ ਹੈ
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥ ਤਾਂ
ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥
( ਜਿਨਾਂ ਦੇ ਹਿਰਦਿਆਂ ’ਚ ਪਤੀ ਪ੍ਰਮੇਸ਼ਵਰ ਦੇ ਨਾਮ ਦਾ ਵਾਸਾ ਹੈ ਉਨ੍ਹਾਂ ਦਾ ਕੋਰਾ ਕਕਰ ਕੀ ਵਿਘਾੜ ਸਕਦਾ ਹੈ।
ਸਰਹਿੰਦ ਕੈਦ ਵਿਚ ਸੂਬਾ ਸਰਹਿੰਦ ਪਾਸ ਮੋਤੀ ਰਾਮ ਮਹਿਰਾ, ਰਸੋਈਖਾਨੇ ਵਿੱਚ ਨੋਕਰੀ ਕਰਦਾ ਸੀ, ਉਹ ਹਿੰਦੂ ਕੈਦੀਆਂ ਲਈ ਲੰਗਰ ਤਿਆਰ ਕਰਦਾ ਸੀ। ਉਸ ਨੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਲਈ ਪ੍ਰਸ਼ਾਦਾ ਲਿਜਾਉਣ ਦਾ ਪ੍ਰਬੰਧ ਕੀਤਾ ਸੀ, ਪਰ ਮਾਤਾ ਜੀ ਨੇ ਮਲੇਸ਼ਾਂ ਦਾ ਖਾਣਾ ਖਾਣ ਤੋਂ ਮਨਾ ਕਰ ਦਿੱਤਾ। ਘਰ ਆਏ ਮੋਤੀ ਰਾਮ ਨੂੰ ਮਾਯੂਸੀ ’ਚ ਦੇਖ ਉਸ ਦੀ ਬਜੁਰਗ ਮਾਤਾ ਅਤੇ ਪਤਨੀ ਨੇ ਕਾਰਨ ਪੁਛਿਆ। ਮੋਤੀ ਰਾਮ ਜੀ ਨੇ ਸਾਹਿਬਜ਼ਾਦਿਆਂ ਦੇ ਫੜੇ ਜਾਣ ਦੀ ਸਾਰੀ ਵਾਰਤਾ ਦਸੀ ਅਤੇ ਸਾਰੀ ਵਿਥਿਆ ਸੁਣਾਈ ਤਾਂ ਕਿਹਾ ਕਿ ਹਾਕਮ ਨੇ ਸਿੱਖ ਦੀ ਮਦਦ ਕਰਨ ਵਾਲੇ ਨੂੰ ਪਰਿਵਾਰ ਸਮੇਤ ਕੋਹਲੂ ’ਚ ਪੀੜ੍ਹ ਦੇਣ ਦੀ ਗਲ ਕਹੀ ਹੋਈ ਹੈ। ਫਿਰ ਵੀ ਸਾਨੂੰ ਗੁਰੂ ਪਰਿਵਾਰ ਦੀ ਸੇਵਾ ਜਰੂਰ ਕਰਨੀ ਚਾਹੀਦੀ ਹੈ। ਊਨਾਂ ਘਰ ਦੀ ਗਾਂ ਦਾ ਦੁੱਧ ਘੜਵਾ ਭਰ ਕੇ ਦੇ ਦਿੱਤਾ। ਪਰ ਪਹਿਰੇਦਾਰਾਂ ਨੇ ਅਗੇ ਨਾ ਜਾਣ ਦਿੱਤਾ। ਉਨ੍ਹਾਂ ਰਿਸ਼ਵਤ ਦਿਤੀ। ਮੋਤੀ ਰਾਮ ਜੀ ਘਰ ਦੇ ਗਹਿਣੇ ਲੁਟਾ ਕੇ ਵੀ ਤਿੰਨੇ ਦਿਨ ਚੋਰੀ ਛਿਪੇ ਦੁੱਧ ਦੀ ਸੇਵਾ ਕਰਦੇ ਰਹੇ। ਹਕੂਮਤ ਨੂੰ ਇਸ ਗੱਲ ਦੀ ਖ਼ਬਰ ਦਾ ਮਿਲੀ ਤਾਂ ਵਜ਼ੀਰ ਖਾ ਨੇ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜਵਾ ਦਿੱਤਾ।
11 ਪੋਹ 25 ਦਸੰਬਰ, ਨੂੰ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ।
ਕਚਹਿਰੀ ਵਿੱਚ ਵੜਣ ਲਈ ਛੋਟੀ ਬਾਰੀ ਖੋਲੀ ਗਈ ਤਾਂ ਕਿ ਗੁਰੂ ਕੇ ਲਾਲ ਸਿਰ ਨਿਓੁ ਕੇ ਅੰਦਰ ਜਾਣ। ਪਰ ਗੁਰੂ ਕੇ ਲਾਲਾਂ ਨੇ ਪਹਿਲਾਂ ਪੈਰ ਅੰਦਰ ਕਰਦਿਆਂ ਜੁਟੀ ਦੀ ਨੋਕ ਵਜੀਰ ਖਨ ਨੂੰ ਦਿਖਾਈ। ਉਹ ਸਮਝ ਗਿਆ ਕਿ ਇਹ ਕੰਮ ਸੌਖਾ ਨਹੀਂ ਹੈ। ਸਾਹਿਬਜ਼ਾਦਿਆਂ ਨੂੰ ਝੁਕਦਾ ਨਾ ਵੇਖ ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਤੇ ਦੋਵੇਂ ਭਰਾ ਮਾਰੇ ਗਏ ਹਨ । ਸਾਹਿਬਜ਼ਾਦਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਦੇ ਯਤਨ ਕੀਤੇ ਗਏ। ਸਾਹਿਬਜ਼ਾਦਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕੀਤਾ।
ਵਜ਼ੀਰ ਖਾਂ ਨੇ ਕਾਜ਼ੀ ਦੀ ਰਾਇ ਲਈ ਕਿ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ।
ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ ‘ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ।
ਵਜ਼ੀਰ ਖਾਨ ਨੇ ਨਵਾਬ ਮਾਲੇਰਕੋਟਲਾ ਸ਼ੇਰ ਖਾਨ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ‘ਨਾਹਰ ਖਾਂ’ ਤੇ ਭਾਣਜੇ ‘ਖ਼ਿਜ਼ਰ ਖਾਂ’ ਦਾ ਬਦਲਾ ਲੈ ਸਕਦਾ ਹੈ, ਜਿਹੜੇ ਕਿ ਚਮਕੌਰ ਦੀ ਜੰਗ ਸਮੇਂ ਗੁਰੂ ਗੋਬਿੰਦ ਸਿੰਘ ਜੀ ਹੱਥੋਂ ਮਾਰੇ ਗਏ ਸਨ। ਨਵਾਬ ਸ਼ੇਰ ਖਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਚਮਕੌਰ ਜੰਗ ਵਿੱਚ ਮਾਰਿਆ ਗਿਆ ਸੀ ਮੈਂ ਇਹਨਾਂ ਸ਼ੀਰ-ਖੋਰਾਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ਉਹ ਉਠ ਕੇ ਚਲਾ ਗਿਆ। ਅੱਲ੍ਹਾ ਯਾਰ ਖ਼ਾਂ ਜੋਗੀ ਸ਼ੇਰ ਖਾਂ ਦੇ ਹਵਾਲੇ ਨਾਲ ਲਿਖਦਾ ਹੈ:-
ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ।
ਮਹਿਫ਼ੂਜ਼ ਰਖੇ ਹਮ ਕੋ ਖ਼ੁਦਾ ਐਸੇ ਪਾਪ ਸੇ।
ਸਾਹਿਬਜ਼ਾਦਿਆਂ ਨੂੰ ਜਾਨ ਬਚਾਉਣ ਲਈ ਕਲਮਾ ਪੜਣ ਨੂੰ ਕਿਹਾ, ਗੁਰੂ ਕੇ ਲਾਲਾਂ ਨੇ ਕਿਹਾ ਕਲਮਾਂ ਪੜਣ ਵਾਲੇ ਤੁਹਾਡੇ ਵਡੇਰੇ ਕਿਥੇ ਹਨ। ਉਹ ਤਾਂ ਮਰ ਗਏ ਹਨ। ਜੇ ਕਲਮਾਂ ਪੜਣ ਵਾਲਿਆਂ ਨੂੰ ਵੀ ਮੌਤ ਆਉਦੀ ਹੈ ਫਿਰ ਕਿਉ ਪੜੀਏ? ਗਲ ਕੀ ਉਹ ਸਾਹਿਬਜ਼ਾਦਿਆਂ ਨੂੰ ਅਪਣੇ ਧਰਮ ਤੋਂ ਡੇਗ ਨਾ ਸਕੇ।
ਉਸ ਦਿਨ ਸਾਜਿਬਜਾਦੇ ਵਾਪਸ ਮੁੜੇ । ਸਾਰੀ ਵਾਰਤਾ ਮਾਤਾ ਗੁਜਰੀ ਜੀ ਨੂੰ ਸੁਣਾਈ ਗਈ। ਮਾਂ ਖੁਸ਼ ਹੈ।
ਅਗਲੇ ਦਿਨ 12 ਪੋਹ ਨੂੰ ਫਿਰ ਪੇਸ਼ੀ ਹੋਈ । ਫਿਰ ਉਹੀ ਗਲ। ਉਸੇ ਤਰਾਂ ਜੈਕਾਰੇ ਛਡੇ ਗਏ। ਲਾਲਚ ਦਿੱਤੇ ਗਏ ਸਾਹਿਬਜ਼ਾਦਿਆਂ ਕਿਹਾ ਸਾਡੇ ਦਾਦੇ ਨੂੰ ਨਹੀਂ ਮਨਾ ਸਕੇ । ਸਾਨੂੰ ਕਿਵੇਂ ਮਨਾ ਲਓਗੇ।
ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਉਸ ਨੇ ਬੱਚਿਆ ਨੂੰ ਪੁਛਿੱਆ ਕਿ
‘ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀ ਕੀ ਕਰੋਗੇ?
ਤਾਂ ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ ਕਿ
‘ਪਹਿਲੀ ਗੱਲ ਤਾਂ ਤੁਸੀ ਸਾਨੂੰ ਛੱਡਣਾ ਹੀ ਨਹੀਂ, ਪਰ ਫਿਰ ਵੀ ਜੇਕਰ ਤੁਸੀ ਸਾਨੂੰ ਛੱਡ ਦਿੰਦੇ ਹੋ ਤਾਂ ਅਸੀ ਫਿਰ ਸਿੰਘਾਂ ਨੂੰ ਇੱਕਠੇ ਕਰਾਂਗੇ ਅਤੇ ਅਖੀਰਲੇ ਦਮ ਤੱਕ ਜ਼ੁਲਮ ਤੇ ਜ਼ਾਲਮ ਦੇ ਖਿਲਾਫ ਲੜਦੇ ਰਹਾਂਗੇ। ਸੂਬੇ ਸਰਹਿੰਦ ਦੇ ਦੋ ਟੁਕੜੇ ਕਰਾਂਗੇ। ਜੇ ਫਿਰ ਵੀ ਫੜੇ ਗਏ ਫਿਰ ਕੀ ਕਰੋਗ? ਸਾਹਿਬਜ਼ਾਦਿਆਂ ਦਾ ਜਵਾਬ ਉਹ ਹੀ। ਕਿ ਸਿਲਸਿਲਾ ਇੰਝ ਹੀ ਚਲਦਾ ਰਹੇਗਾ।
ਸੁਚਾ ਨੰਦ ਨੇ ਵਜ਼ੀਰ ਖਾਨ ਨੂੰ ਵੀ ਉਕਸਾਇਆ ਕਿ ਇਹਨਾਂ ( ਬੁਝੰਗ- ਸੱਪ) ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਕੋਈ ਚਾਰਾ ਨਾ ਵੇਖ ਕਾਜ਼ੀ ਪਾਸੋਂ ਬੱਚਿਆਂ ਨੂੰ ਨੀਹਾਂ ਵਿੱਚ ਚਿਣੇ ਜਾਣ ਦਾ ਫ਼ਤਵਾ ਦੇ ਦਿੱਤਾ।
13 ਪੋਹ, 1761 ਬਿਕਰਮੀ, 27 ਦਸੰਬਰ 1704 ਈਸਵੀ ਵਾਲੇ ਦਿਨ ਮਾਂ ਨੇ ਲਾਲਾਂ ਨੂੰ ਪੰਚ ਇਸ਼ਨਾਨਾ ਕਰਾ ਕੇ ਨਿਤਨੇਮ ਕਰਾਇਆ। ਮੱਥੇ ਨੂੰ ਚੁਮਿਆ। ਬਸਤਰ ਸਜਾਏ। ਕਲਗੀਆਂ ਲਗਾਦਿਤੀਆਂ। ਸਾਹਿਬਜ਼ਾਦਿਆਂ ਨੂੰ ਫਿਰ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਸੂਬੇਦਾਰ ਨੇ ਕਈ ਤਰ੍ਹਾਂ ਦੇ ਸਾਹਿਬਜ਼ਾਦਿਆਂ ਨੂੰ ਸਵਾਲ ਕੀਤੇ ਤੇ ਲਾਲਚ ਦਿੱਤੇ ਪਰ ਸਾਹਿਬਜ਼ਾਦੇ ਸ਼ਾਂਤ ਤੇ ਆਪਣੇ ਫ਼ੈਸਲੇ ‘ਤੇ ਅਟੱਲ ਰਹੇ। ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ ਪਰ ਕੋਈ ਵੀ ਜ਼ਲਾਦ ਲਾਲਾਂ ਨੂੰ ਕਤਲ ਕਰਨ ਲਈ ਤਿਆਰ ਨਹੀਂ ਸੀ। ਪਰ ਦੋ ਜਲਾਦ ‘ਸ਼ਾਸ਼ਲ ਬੇਗ ਤੇ ਬਾਸ਼ਲ ਬੇਗ’ ਜੋਕਿ ਕਿਸੇ ਮੁਕਦਮੇ ਵਿੱਚ ਫਸੇ ਹੋਏ ਸਨ, ਨੇ ਕੇਸ ਵਿੱਚੋ ਬਰੀ ਕਰਨ ਦੀ ਸ਼ਰਤ ਤੇ ਸਾਹਿਬਜ਼ਾਦਿਆਂ ਨੂੰ ਕਤਲ ਕਰਨਾ ਪ੍ਰਵਾਣ ਕੀਤਾ। ਸ਼ਰਤ ਮੰਨੀ ਗਈ । ਬਚਿਆਂ ਨੂੰ ਨੀਹਾਂ ਵਿਚ ਚਿਣਵਾਇਆ ਗਿਆ। ਗੋਡੇ ਛਾਂਗ ਦਿੱਤੇ ਗਏ। ਬਚਿਆਂ ਨੇ ਸੀਹ ਨਾ ਕੀਤੀ। ਇਟਾਂ ਉਪਰ ਆਉਦੀਆਂ ਗਈਆਂ। ਕੰਧ ਜਦੋਂ ਮੋਢਿਆਂ ਤੱਕ ਆਈ ਤਾਂ ਡਿਗ ਪਈ ਸੀ। ਇਸ ਚੋਟ ਨੂੰ ਨਾ ਸਹਾਰਦੇ ਹੋਏ ਫ਼ੁੱਲਾਂ ਵਰਗੇ ਬੱਚੇ ਬੇਹੋਸ਼ ਪਰ ਸਹਿਕਦੇ ਸਨ। ਜਲਾਦਾਂ ਨੇ ਦੋਵੇਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਪਹਿਲਾਂ ਉਹਨਾਂ ਦੇ ਗਲਾਂ ਤੇ ਛੁਰੀਆਂ ਫੇਰਦਿਆਂ ਤੜਫਾ ਤੜਫਾ ਕੇ ਸ਼ਹੀਦ ਕੀਤਾ। ਬਾਬਾ ਫ਼ਤਿਹ ਸਿੰਘ 12- 13 ਮਿੰਟ ਤੜਫਦਾ ਰਿਹਾ। ਸਾਰਾ ਤਸ਼ੱਦਦ ਕਿਵੇਂ ਬਰਦਾਸ਼ਤ ਕੀਤਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਸ਼ਹਾਦਤ ਸਮੇਂ ਬਾਬਾ ਜ਼ੋਰਾਵਰ ਸਿੰਘ ਉਮਰ ਦੀ 9 ਸਾਲ ਅਤੇ ਬਾਬਾ ਫ਼ਤਿਹ ਸਿੰਘ ਦੀ ਲਗਪਗ 7 ਸਾਲ ਸੀ।
ਅਜੀਜ ਅਹਿਮਦ ਅਜੀਜ ਕਸ਼ਮੀਰੀ ਨੇ ਹਦੀਸ਼ ਬੁਖਾਰੀ ਵਿਚ ਲਿਖਿਆ ਹੈ ਕਿ ਔਉਦ ਦੀ ਜੰਗ ਵਿਚ ਹਜਰਤ ਮੁਹੰਮਦ ਸਾਹਿਬ ’ਤੇ ਦੁਸ਼ਮਣ ਨੇ ਵਾਰ ਕੀਤਾ ਤੇ ਮੁਹੰਮਦ ਸਾਹਿਬ ਘੋੜੇ ਤੋਂ ਡਿੱਗ ਪਏ। ਕਿਰਪਾਨ ਮੂੰਹ ’ਤੇ ਵੱਜੀ, ਮੁਹੰਮਦ ਸਾਹਿਬ ਜਾਨ ਬਚਾਉਣ ਲਈ ਮਰਨ ਦਾ ਨਾਟਕ ਕਰਨ ਲਗੇ। ਉਸ ਵਕਤ ਹਮਲਾਵਰ ਘੋੜੇ ਤੋਂ ਉਤਰਿਆ ਅਤੇ ਹਜਰਤ ਸਾਹਿਬ ਦੇ ਦੰਦ ’ਤੇ ਪਥਰ ਨਾਲ ਦੰਨ ਭੰਨ ਕੇ ਦੇਖਿਆ। ਉਸ ਨੇ ਦੰਦ ਤਾਂ ਭੰਨਾ ਲਿਆ ਪਰ ਮੂਹ ਤੋਂ ਸੀਹ ਨਾ ਕੀਤੀ। ਇਸ ਘਟਨਾ ਨੂੰ ਵਾਰਸ ਸ਼ਾਹ, ਹੀਰ ਵਿਚ ਇੰਜ ਲਿਖਦਾ ਹੈ: ਵਾਰ ਨਬੀ ਦਾ ਦੰਦ ਸ਼ਹੀਦ ਹੋਇਆ, ਤਕਦੀਰ ਨਾ ਕਿਸੇ ਤੋਂ ਹਟਦੀ ਹੈ।
ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਮਾਤਾ ਗੁਜਰੀ ਜੀ ਨੂੰ ਮਿਲੀ ਤਾ ਮਾਤਾ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਅਰਦਾਸ ਕੀਤੀ। ਵਜੀਰ ਖਾਂ ਦੇ ਹੁਕਮ ’ਤੇ ਸਿਪਾਹੀਆਂ ਨੇ ਮਾਤਾ ਜੀ ਨੂੰ ਬੁਰਜ ਤੋ ਹੇਠਾ ਸੁਟਕੇ ਸ਼ਹੀਦ ਕਰ ਦਿੱਤਾ ਸੀ।
ਇਨਾਂ ਸ਼ਹੀਦੀਆਂ ਦੀ ਖਬਰ ਜਦੋਂ ਗੁਰੂਘਰ ਦੇ ਅਨਿੰਨ ਸੇਵਕ ਸੇਠ ਦੀਵਾਨ ਟੋਡਰ ਮੱਲ ਦੇ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਨੇ ਤਿੰਨੇ ਸ਼ਹੀਦਾਂ ਦਾ ਸਸਕਾਰ ਕਰਨ ਲਈ ਸੋਨੇ ਦੀ ਮੋਹਰਾਂ ਖੜ੍ਹੀਆਂ ਕਰ ਕੇ ਜ਼ਮੀਨ ‘ਤੇ ਵਿਛਾ ਕੇ ਹਾਕਮ ਤੋਂ ਜ਼ਮੀਨ ਖ਼ਰੀਦੀ। ਅਤੇ ਸਸਕਾਰ ਕੀਤਾ ਗਿਆ, ਜਿਥੇ ਹੁਣ ( ਗੁਰਦੁਆਰਾ ਸ੍ਰੀ ਜੋਤੀ ਸਰੂਪ) ਬਣਿਆ ਹੋਇਆ ਹੈ। ਜਿੱਥੇ ਲਾਲਾਂ ਨੇ ਸ਼ਹੀਦੀ ਪਾਈ, ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਥਿਤ ਹੈ।
ਬਾਅਦ ਵਿੱਚ ਗੁਰੂ ਕੇ ਮਹਿਲ ਮਾਤਾ ਸੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ– ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਗੁਰੂ ਗੋਬਿੰਦ ਸਿੰਘ ਜੀ ਪਾਸ ਪਹੁੰਚਣ ’ਤੇ ਸਾਹਿਬਜ਼ਾਦਿਆਂ ਬਾਰੇ ਸਵਾਲ ਕੀਤਾ ਤਾਂ ਗੁਰੂ ਸਾਹਿਬ ਨੇ ਸੰਗਤ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ
‘ਇਨ ਪੁਤਰਨ ਕੇ ਸੀਸ ਪਹਿ, ਵਾਰ ਦੀਏ ਸੁਤ ਚਾਰ,
ਚਾਰ ਗਏ ਤੋ ਕਿਆ ਭਿਆ, ਜੀਵਤ ਕਈ ਹਜਾਰ।
ਕੁਝ ਸਮੇਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੋ ਕਿ ਪਿੰਡ ਰਜੌਰੀ ਜਿਲਾ ਪੁੰਛ ਦੇ ਰਾਜਪੂਤ ਕਿਸਾਨ ਨਾਮ ਦੇਵ ਦੇ ਘਰ ਪੈਦਾ ਹੋਇਆ ਲਛਮਣ ਦਾਸ ਬਾਅਦ ਵਿਚ ਮਾਧੋ ਦਾਸ ਬਣ ਕੇ ਗੋਦਾਵਰੀ ਨਦੀ ਕਿਨਾਰੇ ਜਾ ਡੇਰਾ ਲਾ ਲਿਆ। ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਮੇਲ ਹੋਣ ’ਤੇ ਬੰਦਾ ਸਿੰਘ ਬਹਾਦਰ ਬਣਿਆ, ਗੁਰੂ ਸਾਹਿਬ ਦੀ ਅਗਿਆ ਨਾਲ ਪੰਜਾਬ ਆਏ। ਅਤੇ ਚੱਪੜਚਿੜੀ ਦੇ ਮੈਦਾਨ ਵਿਚ ਸੂਬਾ ਸਰਹਿੰਦ ਨੂੰ ਲਿਤਾੜ ਕੇ ਅਤੇ ਬਾਬਾ ਫ਼ਤਿਹ ਸਿੰਘ ਵੱਲੋਂ ਸੂਬਾ ਸਰਹਿੰਦ ਨੂੰ ਮਾਰ ਕੇ ਸਰਹਿੰਦ ਨੂੰ 12 ਮਈ, 1710 ਨੂੰ ਫ਼ਤਿਹ ਕੀਤਾ.
ਬਾਬਾ ਜੀ ਜਦੋਂ ਸਰਹਿੰਦ ’ਚ ਪ੍ਰਵੇਸ਼ ਕੀਤਾ ਤਾਂ ਸਰਹਿੰਦ ਦੀ ਦੀਵਾਰ ਕੋਲ ਜਾ ਕੇ ਨਮਸ਼ਕਾਰ ਕੀਤੀ। ਇੱਟਾਂ ਨੂੰ ਚੁੰਮਿਆ, ਹੁਭਕੀ ਹੁਭਕੀ ਰੋਇਆ ਤੇ ਹੰਝੂਆਂ ਨਾਲ ਕੰਧ ਧੋ ਦਿਤੀ। ਇਹ ਦਸਮ ਪਿਤਾ ਦੇ ਪਿਆਰ ਤੇ ਸਾਹਿਬਜ਼ਾਦਿਆਂ ਦੇ ਸਿਦਕ ਤੋਂ ਵਾਰੇ ਵਾਰੇ ਜਾਣ ਦੀ ਗਵਾਹੀ ਸੀ।