ਫ਼ਤਹਿਗੜ੍ਹ ਸਾਹਿਬ – “ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦਾ ਸਰੋਵਰ ਸਿੱਖ ਕੌਮ ਲਈ ਅਤਿ ਪਵਿੱਤਰ ਅਤੇ ਉਸਦੇ ਪਵਿੱਤਰ ਜਲ ਨੂੰ ਅੰਮ੍ਰਿਤ ਸਮਝਕੇ, ਜਦੋਂ ਵੀ ਸਿੱਖ ਕੌਮ ਦਰਸ਼ਨ ਕਰਨ ਜਾਂਦੀ ਹੈ ਤਾਂ ਉਸ ਅੰਮ੍ਰਿਤ ਦੀ ਬੂੰਦ ਦਾ ਸੇਵਨ ਕਰਕੇ ਅਤੇ ਇਸ ਪਵਿੱਤਰ ਸਰੋਵਰ ਵਿਚ ਇਸਨਾਨ ਕਰਕੇ ਆਪਣੀ ਆਤਮਿਕ ਸੰਤੁਸਟੀ ਬੀਤੇ 5 ਸਦੀਆਂ ਤੋਂ ਪ੍ਰਾਪਤ ਕਰਦੀ ਆ ਰਹੀ ਹੈ । ਇਥੋ ਤੱਕ ਸਰਧਾਲੂ ਇਸ ਪਵਿੱਤਰ ਸਰੋਵਰ ਦੇ ਪਵਿੱਤਰ ਜਲ ਨੂੰ ਬੋਤਲਾਂ ਵਿਚ ਲੈਕੇ ਆਪਣੇ ਘਰਾਂ, ਕਾਰੋਬਾਰਾਂ ਵਿਚ ਛਿੱਟਾਂ ਦੇ ਕੇ ਆਪਣੇ ਘਰਾਂ ਨੂੰ ਪਵਿੱਤਰ ਕਰਦੀ ਆ ਰਹੀ ਹੈ ਅਤੇ ਇਸ ਵਿਚ ਸਿੱਖ ਕੌਮ ਦੀ ਅਥਾਂਹ ਸਰਧਾਂ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਦਾ ਟ੍ਰਿਬਿਊਨ ਦੇ ਪੱਤਰਕਾਰ ਸ੍ਰੀ ਵਿਸ਼ਾਲ ਵੱਲੋ ਬੀਤੇ ਦਿਨੀਂ ਸਰਧਾਲੂਆਂ ਵੱਲੋ ਸਰੋਵਰ ਦੀ ਸਫਾਈ ਕਰਦਿਆ ਦੀ ਫੋਟੋ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ਵਿਚ ਸਾਡੇ ਇਸ ਮਹਾਨ ਪਵਿੱਤਰ ਸਰੋਵਰ ਨੂੰ ‘ਛੱਪੜ’ ਦਾ ਨਾਮ ਦੇਕੇ ਸਾਡੇ ਅੰਮ੍ਰਿਤ ਦੇ ਬਰਾਬਰ ਜਲ ਤੇ ਸਰੋਵਰ ਦੀ ਤੋਹੀਨ ਕਰਨ ਦੀ ਬਜਰ ਗੁਸਤਾਖੀ ਕੀਤੀ ਹੈ । ਜਿਸ ਨਾਲ ਇੰਡੀਆ, ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਕਰੋੜਾਂ ਦੀ ਗਿਣਤੀ ਵਿਚ ਵਿਚਰ ਰਹੇ ਸਿੱਖਾਂ ਦੇ ਮਨ-ਆਤਮਾਵਾ ਨੂੰ ਵੀ ਡੂੰਘੀ ਠੇਸ ਪਹੁੰਚੀ ਹੈ। ਇਸ ਲਈ ਸੰਬੰਧਤ ਪੱਤਰਕਾਰ ਅਤੇ ਦਾ ਟ੍ਰਿਬਿਊਨ ਅਖਬਾਰ ਦੇ ਪ੍ਰਬੰਧਕਾਂ ਵੱਲੋ ਇਸ ਕੀਤੀ ਗਈ ਬਜਰ ਗੁਸਤਾਖੀ ਨੂੰ ਮਹਿਸੂਸ ਕਰਦੇ ਹੋਏ ਸਿੱਖ ਕੌਮ ਦੇ ਮਨਾਂ ਨੂੰ ਪਹੁੰਚੀ ਠੇਸ ਨੂੰ ਦੂਰ ਕਰਨ ਹਿੱਤ ਤੁਰੰਤ ਆਪਣੇ ਤੋਂ ਹੋਈ ਗਲਤੀ ਲਈ ਲਿਖਤੀ ਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਵੀ ਮੰਗਣੀ ਪਵੇਗੀ ਅਤੇ ਅੱਗੋ ਲਈ ਸਾਡੇ ਅਜਿਹੇ ਮਹਾਨ ਸਥਾਨਾਂ ਦੇ ਜਲ ਅਤੇ ਸਰੋਵਰ ਸੰਬੰਧੀ ਅਪਮਾਨਜਨਕ ਸ਼ਬਦਵਲੀ ਤੋਂ ਤੋਬਾ ਕਰਨੀ ਪਵੇਗੀ, ਵਰਨਾ ਸਿੱਖ ਕੌਮ ਨੂੰ ਇਸ ਕਾਰਵਾਈ ਵਿਰੁੱਧ ਵੱਡੇ ਪੱਧਰ ਤੇ ਅਮਲ ਕਰਨ ਲਈ ਮਜਬੂਰ ਹੋਣਾ ਪਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਮਿਤੀ 27 ਦਸੰਬਰ ਦੇ ਟ੍ਰਿਬਿਊਨ ਵਿਚ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਪ੍ਰਕਾਸਿਤ ਕੀਤੀ ਫੋਟੋ ਨੂੰ ਪਵਿੱਤਰ ਜਲ ਦੀ ਮਹੱਤਤਾ ਨੂੰ ਨਜਰ ਅੰਦਾਜ ਕਰਦੇ ਹੋਏ ਇਸ ਸਰੋਵਰ ਨੂੰ ‘ਛੱਪੜ’ ਲਿਖਣ ਉਤੇ ਜੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸੰਬੰਧਤ ਪੱਤਰਕਾਰ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਸਿੱਖ ਰਵਾਇਤਾ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਖਬਾਰਾਂ, ਮੀਡੀਏ, ਪ੍ਰਿੰਟ ਮੀਡੀਏ ਨਾਲ ਸੰਬੰਧਤ ਸਭ ਸੰਪਾਦਕਾਂ, ਪੱਤਰਕਾਰਾਂ ਨੂੰ ਇਸ ਗੱਲ ਦਾ ਜਦੋ ਭਰਪੂਰ ਗਿਆਨ ਹੈ ਕਿ ਸਿੱਖ ਕੌਮ ਦੇ ਮਹਾਨ ਅਸਥਾਨਾਂ, ਉਨ੍ਹਾਂ ਦੇ ਸਰੋਵਰ ਅਤੇ ਹੋਰ ਰਵਾਇਤਾ ਅਤੇ ਨਿਯਮਾਂ ਦਾ ਅਪਮਾਨ ਕਰਕੇ ਸਮੇ-ਸਮੇ ਤੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਅਤੇ ਉਨ੍ਹਾਂ ਵੱਲੋ ਲੰਮੇ ਸਮੇ ਤੋ ਆਪਣੇ ਇਨ੍ਹਾਂ ਅਸਥਾਨਾਂ ਤੇ ਸਰੋਵਰਾਂ ਪ੍ਰਤੀ ਪ੍ਰਗਟਾਈ ਜਾ ਰਹੀ ਸਰਧਾ ਨੂੰ ਸੱਟ ਮਾਰਕੇ ਜਾਣਬੁੱਝ ਕੇ ਅਜਿਹੀਆ ਸਰਾਰਤਾਂ ਕੀਤੀਆ ਜਾਂਦੀਆ ਆ ਰਹੀਆ ਹਨ । ਇਹ ਮੁਤੱਸਵੀ ਲੋਕ ਅਕਸਰ ਹੀ ਸਾਡੀ ਸਰਧਾ ਅਤੇ ਸਾਡੀ ਆਸਥਾ ਨੂੰ ਬੇਹੁੱਦਾ ਢੰਗਾਂ ਨਾਲ ਸੱਟ ਮਾਰਦੇ ਆ ਰਹੇ ਹਨ । ਜਿਸ ਨੂੰ ਸਿੱਖ ਕੌਮ ਨੂੰ ਕਤਈ ਬਰਦਾਸਤ ਨਹੀ ਕਰਨਾ ਚਾਹੀਦਾ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਕੁਝ ਸਮਾਂ ਪਹਿਲੇ ਢੱਡਰੀਆਂ ਵਾਲੇ ਬਾਬੇ ਦੇ ਨਾਮ ਨਾਲ ਸੰਬੰਧਤ ਡੇਰੇ ਦੇ ਮੁੱਖੀ ਰਣਜੀਤ ਸਿੰਘ ਨੇ ਵੀ ਪ੍ਰਚਾਰ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਤੋਹੀਨ ਕਰਦੇ ਹੋਏ ਸ਼ਬਦਾਂ ਦੀ ਵਰਤੋ ਕੀਤੀ ਸੀ । ਜਿਸ ਨੂੰ ਸਿੱਖ ਕੌਮ ਨੇ ਨਾ ਸਹਾਰਦੇ ਹੋਏ ਉਸ ਬਾਬੇ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ ਸੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਸਾਡੀਆ ਮਹਾਨ ਰਵਾਇਤਾ ਅਤੇ ਗੁਰੂਘਰਾਂ ਸੰਬੰਧੀ ਵਿਸਵਾਸ ਤੇ ਸਤਿਕਾਰ ਨੂੰ ਕੇਵਲ ਮੁਤੱਸਵੀ ਹੁਕਮਰਾਨ ਹੀ ਲੰਮੇ ਸਮੇ ਤੋ ਸਾਜਸੀ ਢੰਗਾਂ ਰਾਹੀ ਸੱਟ ਮਾਰਨ ਦੀਆਂ ਕਾਰਵਾਈਆ ਨਹੀ ਕਰਦੇ ਆ ਰਹੇ ਬਲਕਿ ਸਿੱਖਾਂ ਵਿਚ ਸਿੱਖੀ ਭੇਖ ਵਿਚ ਵਿਚਰਣ ਵਾਲੇ ਉਹ ਲੋਕ ਜੋ ਆਪਣੇ ਮਾਲੀ, ਸਮਾਜਿਕ ਅਤੇ ਰਾਜਨੀਤਿਕ ਸਵਾਰਥਾਂ ਦੀ ਪੂਰਤੀ ਲਈ ਮੁਤੱਸਵੀ ਹੁਕਮਰਾਨਾਂ ਦੀਆਂ ਸਾਜਿਸਾਂ ਦਾ ਹਿੱਸਾ ਬਣਦੇ ਆਏ ਹਨ, ਉਨ੍ਹਾਂ ਨੂੰ ਕਦੀ ਵੀ ਸਿੱਖ ਕੌਮ ਨੇ ਆਪਣੇ ਸਿੱਖ ਆਗੂ ਪ੍ਰਵਾਨ ਕੀਤਾ ਹੈ ਅਤੇ ਨਾ ਹੀ ਅਜਿਹੇ ਭੇਖੀ ਸਿੱਖ ਕੌਮ ਵਿਚ ਆਪਣੇ ਕਿਸੇ ਰੁਤਬੇ ਨੂੰ ਕਾਇਮ ਕਰਨ ਵਿਚ ਕਾਮਯਾਬ ਹੋਏ ਹਨ ।
ਸ. ਮਾਨ ਨੇ ਅੰਮ੍ਰਿਤਸਰ ਦੇ ਸਮੁੱਚੇ ਸਿੱਖਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਨੂੰ ਵਿਸੇਸ ਤੌਰ ਤੇ ਅਪੀਲ ਕਰਦੇ ਹੋਏ ਕਿਹਾ ਕਿ ਸ੍ਰੀ ਵਿਸਾਲ ਨਾਮ ਦੇ ਪੱਤਰਕਾਰ ਜਿਸਨੇ ਉਪਰੋਕਤ ਬਜਰ ਗੁਸਤਾਖੀ ਕੀਤੀ ਹੈ, ਉਸਦੇ ਦਫਤਰ ਅਤੇ ਉਸਦੇ ਘਰ ਦਾ ਜਮਹੂਰੀਅਤ ਢੰਗ ਨਾਲ ਘਿਰਾਓ ਕਰਕੇ ਸਿੱਖ ਕੌਮ ਦੇ ਮਨਾਂ ਨੂੰ ਪਹੁੰਚਾਈ ਗਈ ਠੇਸ ਵਿਰੁੱਧ ਜੋਰਦਾਰ ਰੋਸ ਵਿਖਾਵਾ ਕੀਤਾ ਜਾਵੇ । ਜਦੋ ਤੱਕ ਦਾ ਟ੍ਰਿਬਿਊਨ ਅਦਾਰਾ ਅਤੇ ਸੰਬੰਧਤ ਪੱਤਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣੀ ਭੁੱਲ ਨੂੰ ਬਖਸਾ ਨਾ ਲੈਣ ਇਹ ਵਿਰੋਧ ਕੇਵਲ ਅੰਮ੍ਰਿਤਸਰ ਵਿਚ ਹੀ ਨਹੀ ਸਮੁੱਚੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਟ੍ਰਿਬਿਊਨ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਜਾਰੀ ਰੱਖਿਆ ਜਾਵੇ । ਕਿਉਂਕਿ ਇਹ ਕੋਈ ਅਣਜਾਨਪੁਣੇ ਵਿਚ ਗੱਲ ਨਹੀ ਹੋਈ ਬਲਕਿ ਮੁਤੱਸਵੀ ਹੁਕਮਰਾਨਾਂ ਅਤੇ ਟ੍ਰਿਬਿਊਨ ਅਦਾਰੇ ਵਿਚ ਬੈਠੇ ਮੁਤੱਸਵੀ ਸੋਚ ਦੇ ਮਾਲਕ ਪ੍ਰਬੰਧਕਾਂ ਦੀ ਸਿੱਖ ਵਿਰੋਧੀ ਸੋਚ ਅਤੇ ਅਮਲ ਦਾ ਹਿੱਸਾ ਹੈ ਅਤੇ ਇਨ੍ਹਾਂ ਨੂੰ ਹੁਣੇ ਹੀ ਨੱਥ ਪਾਉਣੀ ਪਵੇਗੀ । ਵਰਨਾ ਇਹ ਲੋਕ ਸਾਡੀਆ ਹੋਰ ਮਹਾਨ ਰਵਾਇਤਾ ਦਾ ਵੀ ਆਉਣ ਵਾਲੇ ਸਮੇ ਵਿਚ ਅਪਮਾਨ ਕਰਨਗੇ । ਸ. ਮਾਨ ਨੇ ਸਮੁੱਚੀ ਸਿੱਖ ਕੌਮ ਅਤੇ ਪਾਰਟੀ ਦੇ ਜ਼ਿਲ੍ਹਾ ਅਹੁਦੇਦਾਰਾਂ ਤੇ ਸਮਰੱਥਕਾਂ ਤੋ ਇਹ ਉਮੀਦ ਕੀਤੀ ਕਿ ਇਸ ਨੂੰ ਇਕ ਵੱਡੀ ਕੌਮੀ ਲਹਿਰ ਬਣਾਕੇ ਆਪਣੀਆ ਦੁਸਮਣ ਤਾਕਤਾਂ ਅਤੇ ਅਜਿਹੇ ਗਲਤ ਪ੍ਰਚਾਰ ਕਰਨ ਵਾਲਿਆ ਨੂੰ ਖਬਰਦਾਰ ਕਰਨਾ ਅਤੇ ਆਪਣੇ ਸਿਧਾਂਤ ਤੇ ਸਿੱਖੀ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਣਾ ਸਾਡਾ ਸਭ ਦਾ ਵਿਅਕਤੀਗਤ ਅਤੇ ਸਮੂਹਿਕ ਫਰਜ ਵੀ ਹੈ ।