ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਓਟੈਗੋ ਸਟਰੀਟ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਅੱਠ ਰੋਜ਼ਾ ਲਗਾਤਾਰ ਸ਼ਾਮ ਦੇ ਦੀਵਾਨ ਸਜਾਏ ਗਏ। ਜਿਸ ਦੌਰਾਨ ਸਕਾਟਲੈਂਡ ਦੇ ਜੰਮਪਲ ਨਿੱਕੇ ਨਿੱਕੇ ਭੁਝੰਗੀ ਸਿੰਘ ਸਿੰਘਣੀਆਂ ਵੱਲੋਂ ਵੀ ਸਾਰੇ ਦਿਨ ਅਣਥੱਕ ਸੇਵਾ ਕਾਰਜ ਕੀਤੇ ਗਏ। ਨਵੀਂ ਪੀੜ੍ਹੀ ਨੂੰ ਧਰਮ ਤੇ ਵਿਰਸੇ ਨਾਲ ਜੋੜਨ ਦਾ ਇਹ ਉਪਰਾਲਾ ਹਰ ਕਿਸੇ ਵੱਲੋਂ ਸਰਾਹਿਆ ਜਾ ਰਿਹਾ ਸੀ। ਜਿੱਥੇ ਸੰਗਤਾਂ ਵੱਲੋਂ ਸਹਿਜ ਪਾਠ ਆਰੰਭ ਕੀਤੇ ਗਏ ਸਨ, ਉੱਥੇ ਹਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਸਜਾਏ ਜਾਂਦੇ ਸਨ, ਜਿਸ ਦੌਰਾਨ ਦੂਰ ਦੁਰਾਡੇ ਤੋਂ ਸੰਗਤਾਂ ਪਰਿਵਾਰਾਂ ਸਮੇਤ ਹਾਜ਼ਰੀ ਭਰਨ ਆਉਂਦੀਆਂ ਰਹੀਆਂ। ਸਹਿਜ ਪਾਠਾਂ ਦੇ ਭੋਗ ਪੈਣ ਤੋਂ ਇੱਕ ਦਿਨ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਗੱਤਕਾ ਅਖਾੜਾ ਵੱਲੋਂ ਸਿੱਖਿਅਤ ਵਿਦਿਆਰਥੀਆਂ ਵੱਲੋਂ ਗੱਤਕੇ ਦੇ ਜੌਹਰ ਵੀ ਦਿਖਾਏ ਗਏ। ਸਮਾਗਮ ਦੀ ਸਮਾਪਤੀ ਉਪਰੰਤ ਗੱਲਬਾਤ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਸਵੀਰ ਸਿੰਘ ਬਮਰਾਹ, ਸਰਦਾਰਾ ਸਿੰਘ ਜੰਡੂ, ਹੈਰੀ ਮੋਗਾ ਨੇ ਸਮੂਹ ਸੇਵਾਦਾਰਾਂ, ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ, ਜਿਹਨਾਂ ਵੱਲੋਂ ਸਮਾਗਮਾਂ ਵਿੱਚ ਨਿਰੰਤਰ ਹਾਜ਼ਰੀ ਲਗਵਾਈ ਜਾਂਦੀ ਰਹੀ। ਸਮੁੱਚੇ ਸਮਾਗਮਾਂ ਦੌਰਾਨ ਜਿੱਥੇ ਭਾਈ ਸ਼ਮਸ਼ੇਰ ਸਿੰਘ ਜੀ ਵੱਲੋਂ ਕਥਾ ਵਿਚਾਰ ਰਾਹੀਂ ਗੁਰਬਾਣੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਗਿਆ ਉੱਥੇ ਵੱਖ ਵੱਖ ਕੀਰਤਨੀਏ ਜੱਥਿਆਂ ਵੱਲੋਂ ਵੀ ਕੀਰਤਨ ਗਾਇਨ ਰਾਹੀਂ ਆਪਣਾ ਤਿਲ ਫੁੱਲ ਯੋਗਦਾਨ ਪਾਇਆ ਗਿਆ।
ਗਲਾਸਗੋ: ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਅੱਠ ਰੋਜ਼ਾ ਧਾਰਮਿਕ ਸਮਾਗਮ ਸੰਪੰਨ
This entry was posted in ਅੰਤਰਰਾਸ਼ਟਰੀ.