ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਹਿਬ ਏ ਕਮਾਲ, ਅੰਮ੍ਰਿਤ ਕੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ।
ਇਸ ਮੌਕੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਕੀਰਤਨ ਦੀਵਾਨ ਸਜਾਏ ਗਏ ਅਤੇ ਗੁਰਮਤਿ ਸਮਾਗਮ ਕਰਵਾਏ ਗਏ ਜਿਹਨਾਂ ਵਿਚ ਰਾਗੀ ਸਿੰਘਾਂ ਨੇ ਗੁਰੂ ਕੀ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਮੁੱਖ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਇਆ। ਇਸ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਅੱਜ ਦੁਨੀਆਂ ਭਰ ਵਿਚ ਕਰੋੜਾਂ ਖਾਲਸੇ ਕੌਮ ਦੀ ਚੜ੍ਹਦੀਕਲਾ ਲਈ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਸਰਬੰਸ ਵਾਰਨ ਦੀਆ ਗਾਥਾਵਾਂ ਦਾ ਇਤਿਹਾਸ ਵਿਚ ਕੋਈ ਸਾਨੀ ਨਹੀਂ ਹੈ।
ਉਹਨਾਂ ਕਿਹਾ ਕਿ ਅਸੀਂ ਲਗਾਤਾਰ ਇਕ ਹਫਤੇ ਤੋਂ ਸ਼ਹੀਦੀ ਪੁਰਬ ਦੇ ਰੂਪ ਵਿਚ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਮਨਾ ਰਹੇ ਹਾਂ। ਇਹ ਹਫਤਾ ਸਿੱਖ ਕੌਮ ਲਈ ਕਦੇ ਨਾ ਭੁੱਲਣ ਵਾਲਾ ਹੈ। ਉਹਨਾਂ ਕਿਹਾ ਕਿ ਅੱਜ ਦੇਸ਼ ਦੀਆਂ ਸਰਕਾਰਾਂ ਵੀ ਇਹਨਾਂ ਦਿਹਾੜਿਆਂ ਨੂੰ ਮਨਾਉਣ ਲੱਗ ਪਈਆਂ ਹਨ ਅਤੇ ਦੇਸ਼ ਦੀਆਂ ਸਰਕਾਰਾਂ ਨੇ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਇਤਿਹਾਸ ਘਰ ਘਰ ਪਹੁੰਚਾਉਣ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਇਹ ਕੰਮ ਕਈ ਸਾਲਾਂ ਤੋਂ ਰੁਕਿਆ ਹੋਇਆ ਸੀ, ਖਾਸ ਤੌਰ ’ਤੇ 1947 ਤੋਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ, ਸਾਡੇ ਇਤਿਹਾਸ ਨੂੰ ਅਣਡਿੱਠ ਕੀਤਾ ਹੋਇਆ ਸੀ। ਉਹਨਾਂ ਕਿਹਾ ਕਿ ਅੱਜ ਦਿੱਲੀ ਗੁਰਦੁਆਰਾ ਕਮੇਟੀ ਇਹ ਇਤਿਹਾਸ ਘਰ ਘਰ ਹੀ ਨਹੀਂ ਬਲਕਿ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਵਿਚ ਸਰਕਾਰ ਦੀ ਸਹਿਯੋਗੀ ਬਣੀ ਹੈ।
ਦਿੱਲੀ ਕਮੇਟੀ ਨੇ ਪ੍ਰਬੰਧ ਪਾਰਦਰਸ਼ੀ ਬਣਾਉਣ ਲਈ ਅਨੇਕਾਂ ਨਵੇਂ ਯਤਨ ਆਰੰਭੇ : ਇਸ ਮੌਕੇ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਅਸੀਂ ਸੰਗਤਾਂ ਨਾਲ ਇਕਰਾਰ ਕੀਤਾ ਸੀ ਕਿ ਜਿੰਨੀ ਪਾਰਦਰਸ਼ਤਾ ਨਾਲ ਅਸੀਂ ਕੰਮ ਕਰ ਸਕਾਂਗੇ, ਅਸੀਂ ਕਰਾਂਗੇ ਤੇ ਅਸੀਂ ਇਹ ਵਾਅਦਾ ਨਿਭਾਇਆ ਹੈ। ਉਹਨਾਂ ਦੱਸਿਆ ਕਿ ਅੱਜ ਨਵਾਂ ਉਪਰਾਲਾ ਦਿੱਲੀ ਗੁਰਦੁਆਰਾ ਕਮੇਟੀ ਨੇ ਕੀਤਾ ਹੈ ਕਿ ਜਿਹੜੀਆਂ ਪੀ ਓ ਐਸ ਮਸ਼ੀਨਾਂ ਹੁੰਦੀਆਂ ਹਨ, ਉਹ ਅੱਜ ਪੁਆਇੰਟ ਆਫ ਸੇਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਲਗਾਈਆਂ ਗਈਆਂ ਹਨ ਜਿਸ ਵਿਚੋਂ ਸੰਗਤਾਂ ਗੁਰੂ ਘਰਾਂ ਵਾਸਤੇ ਆਪਣਾ ਦਸਵੰਧ ਦੇ ਸਕਦੀਆਂ ਹਨ। ਜਦੋਂ ਸੰਗਤਾਂ ਦਸਵੰਧ ਦੇਣਗੀਆਂ ਤਾਂ ਉਸਦੀ ਰਸਦੀ ਮੋਬਾਈਲ ਨੰਬਰ ’ਤੇ ਤੁਰੰਤ ਮਿਲ ਜਾਵੇਗੀ। ਉਹਨਾਂ ਕਿਹਾ ਕਿ ਇਕ ਇਕ ਪੈਸੇ ਦਾ ਹਿਸਾਬ ਸਪਸ਼ਟ ਸੰਗਤਾਂ ਸਾਹਮਣੇ ਹੋਵੇ, ਇਸ ਵਾਸਤੇ ਅਸੀਂ ਉਪਰਾਲੇ ਕਰ ਰਹੇ ਹਾਂ।
ਉਹਨਾਂ ਕਿਹਾ ਕਿ 1 ਜਨਵਰੀ ਤੋਂ ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਵੀ ਇਹ ਮਸ਼ੀਨਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਸਿੱਖ ਫੋਰਮ ਦੇ ਪ੍ਰਧਾਨ ਸ੍ਰੀ ਆਰ ਐਸ ਆਹੂਜਾ ਦੀ ਦੇਖ ਰੇਖ ਵਿਚ ਇਹ ਸਾਰੇ ਕੰਮ ਪ੍ਰਵਾਨ ਚੜ੍ਹ ਰਹੇ ਹਨ।
ਉਹਨਾਂ ਇਹ ਵੀ ਦੱਸਿਆ ਕਿ ਜਿਹੜੀ ਗੋਲਕ ਦੀ ਗਿਣਤੀ ਹੁੰਦੀ ਹੈ, ਉਹ ਵੀ ਫੇਸਬੁੱਕ ’ਤੇ ਲਾਈਵ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਸੰਗਤਾਂ ਫੇਸਬੁੱਕ ’ਤੇ ਜਾ ਕੇ ਗੋਲਕ ਲਾਈਵ ਕਲਿੱਕ ਕਰ ਕੇ ਇਹ ਵੇਖ ਸਕਣਗੀਆਂ ਕਿ ਕਿਹੜੇ ਗੁਰੂ ਘਰ ਵਿਚ ਗੋਲਕ ਦੀ ਗਿਣਤੀ ਹੋਈ ਹੈ ਤੇ ਕਿੰਨੀ ਹੋਈ ਹੈ। ਉਹਨਾਂ ਕਿਹਾ ਕਿ ਅਸੀਂ ਨਵੀਂ ਪਹਿਲਕਦਮੀ ਕੀਤੀ ਹੈ ਤੇ ਵੱਧ ਤੋਂ ਵੱਧ ਪਾਰਦਰਸ਼ਤਾ ਲਿਆਉਣ ਵਾਸਤੇ ਯਤਨਸ਼ੀਲ ਹਾਂ।
ਉਹਨਾਂ ਕਿਹਾ ਕਿ ਸੰਗਤਾਂ ਦਾ ਦਸਵੰਧ ਭਾਵੇਂ ਲੰਗਰ ਵਿਚ ਲੱਗੇ, ਸਿੱਖਿਆ ਵਿਚ ਲੱਗੇ ਜਾਂ ਫਿਰ ਸਿਹਤ ਸੰਭਾਲ ਸਹੂਲਤਾਂ ’ਤੇ ਲੱਗੇ, ਸਾਰਾ ਕੰਮ ਪਾਰਦਰਸ਼ਤਾ ਨਾਲ ਹੋਵੇ, ਅਸੀਂ ਇਸ ਵਾਸਤੇ ਕੰਮ ਕਰ ਰਹੇ ਹਾਂ।
ਉਹਨਾਂ ਇਕ ਵਾਰ ਫਿਰ ਸੰਗਤਾਂ ਨੂੰ ਗੁਰਪੁਰਬ ਦੇ ਦਿਹਾੜੇ ਦੀ ਲੱਖ-ਲੱਖ ਵਧਾਈ ਦਿੰਦਿਆਂ ਆਖਿਆ ਕਿ ਸਾਨੂੰ ਮਾਣ ਹੈ ਕਿ ਅਸੀਂ ਗੁਰੂ ਸਾਹਿਬ ਦੇ ਖਾਲਸਾ ਰੂਪ ਦਾ ਹਿੱਸਾ ਹਾਂ ਜਿਸਨੂੰ ਗੁਰੂ ਸਾਹਿਬ ਨੇ ਮਨੁੱਖਤਾ ਦੀ ਸੇਵਾ ਵਿਚ ਲਗਾਇਆ ਹੈ। ਉਹਨਾਂ ਕਿਹਾ ਕਿ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਮਨੁੱਖਤਾ ਦੀ ਸੇਵਾ ਦਾ ਹਰ ਸੰਭਵ ਯਤਨ ਕਰ ਰਹੇ ਹਾਂ ਤੇ ਇਹ ਯਤਨ ਇਸੇ ਤਰੀਕੇ ਜਾਰੀ ਰਹਿਣਗੇ।