ਦੀਪੀ ਅਤੇ ਮਾਤਾ ਜੀ ਅਜੇ ਜੇਹਲ ਵਿਚ ਹੀ ਸਨ। ਦੀਪੀ ਦੇ ਗਰੈਜ਼ੂਏਟ ਹੋਣ ਕਰਕੇ ਉਸ ਨੂੰ ਜੇਹਲ ਵਿਚ ਸੈਂਕਡ ਕਲਾਸ ਦਾ ਕਮਰਾ ਮਿਲ ਗਿਆ ਸੀ, ਪਰ ਉਸ ਨੇ ਮਾਤਾ ਜੀ ਨਾਲ ਹੀ ਰਹਿਣਾ ਮਨਜ਼ੂਰ ਕੀਤਾ। ਜਦੋਂ ਵੀ ਉਹਨਾਂ ਕੋਲੋ ਦਿਲਪ੍ਰੀਤ ਬਾਰੇ ਪੁੱਛ-ਗਿੱਛ ਹੁੰਦੀ ਤਾਂ ਦੋਨਾਂ ਦੇ ਬਿਆਨ ਇਕੋ ਜਿਹੇ ਹੀ ਹੁੰਦੇ। ਜਿਹਨਾਂ ਵਿਚ ਕੋਈ ਵੀ ਝੂੱਠੀ ਗੱਲ ਨਹੀ ਸੀ ਹੁੰਦੀ। ਇੰਦਰਾ ਗਾਂਧੀ ਦੇ ਕਤਲ ਦੀ ਖ਼ਬਰ ਵੀ ਉਹਨਾਂ ਨੂੰ ਜੇਹਲ ਵਿਚ ਹੀ ਮਿਲੀ। ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਜੋ ਵਾਪਰਿਆ ਉਹਨਾਂ ਨੂੰ ਪੰਜਾਬੀ ਅਖ਼ਬਾਰ ਤੋਂ ਪਤਾ ਲਗ ਜਾਂਦਾ। ਮਾਤਾ ਜੀ ਪੰਜਾਬੀ ਪੜ੍ਹ ਲਂੈਦੇ ਸਨ ਫਿਰ ਵੀ ਦੀਪੀ ਉਹਨਾਂ ਨੂੰ ਖਾਸ ਖਬਰਾਂ ਪੜ੍ਹ ਕੇ ਸੁਣਾ ਦਿੰਦੀ। ਮਾਤਾ ਜੀ ਦੇ ਪਿੰਡ ਵਾਲੇ ਲੋਕ ਮਾਤਾ ਜੀ ਨੂੰ ਛਡਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ।
ਬੇਸ਼ੱਕ ਦੀਪੀ ਅਤੇ ਮਾਤਾ ਜੀ ਵਿਸ਼ਨੂੰ ਕਪੂਰ ਦੀ ਮਿਹਰਬਾਨੀ ਕਰਕੇ ਜੇਹਲ ਵਿਚ ਦੋਨੋ ਸੁਰੱਅਖਿਅਤ ਸਨ। ਫਿਰ ਵੀ ਕਈ ਸਿਪਾਹੀ ਭੈੜੀ ਨਜ਼ਰ ਨਾਲ ਦੀਪੀ ਵੱਲ ਝਾਕਦੇ ਰਹਿੰਦੇ। ਅੱਜ ਸਵੇਰੇ ਹੀ ਜੇਹਲ ਦੇ ਅੰਦਰ ਪੁਲੀਸ ਆਈ ਜਿਹਨਾਂ ਵਿਚ ਦੋ ਲੇਡੀਜ਼ ਸਨ। ਮਾਤਾ ਜੀ ਨੂੰ ਇਹ ਕਹਿ ਕੇ ਮੁਲਾਕਾਤ ਵਾਲੇ ਕਮਰੇ ਵਿਚ ਲੈ ਗਈਆਂ ਕਿ ਕੋਈ ਮਿਲਣ ਵਾਲਾ ਆਇਆ ਹੈ। ਦੋ ਸਿਪਾਹੀ ਫਿਰ ਮੁੜ ਆਏ ਤੇ ਦੀਪੀ ਨੂੰ ਕਹਿਣ ਲੱਗੇ, “ਤੂੰ ਵੀ ਸਾਡੇ ਨਾਲ ਚੱਲ ਤੈਨੂੰ ਵੀ ਕੋਈ ਮਿਲਣ ਆਇਆ ਹੈ।”
ਦੀਪੀ ਨੂੰ ਉਹਨਾਂ ਦੀ ਨੀਅਤ ਤੇ ਸ਼ੱਕ ਹੋਣ ਲੱਗਾ ਅਤੇ ਉਸ ਨੇ ਕਿਹਾ, “ਜਦੋਂ ਮਾਤਾ ਜੀ ਵਾਪਸ ਆਉਣਗੇ ੳਦੋਂ ਮੈਂ ਚਲੀ ਜਾਵਾਂਗੀ।”
“ਇਸ ਨੇ ਇਸ ਤਰ੍ਹਾਂ ਨਹੀ ਜਾਣਾ।” ਇਕ ਸਿਪਾਹੀ ਨੇ ਦੂਜੇ ਨੂੰ ਕਿਹਾ, “ਇਸ ਨੂੰ ਚੁੱਕ ਕੇ ਲੈ ਚੱਲਦੇ ਹਾਂ। ਇਹ ਸਿੱਖ ਲੋਕ ਪਤਾ ਨਹੀ ਆਪਣੇ-ਆਪ ਨੂੰ ਕੀ ਸਮਝਦੇ ਨੇ।”
“ਅਸੀ ਤਾਂ ਆਪਣੇ-ਆਪ ਨੂੰ ਇਕ ਹੀ ਰੱਬ ਦੀ ਸੰਤਾਨ ਸਮਝਦੇ ਹੋਇਆਂ ਤਹਾਡੇ ਨਾਲ ਭਾਈਵਾਲੀ ਪਾ ਕੇ ਤਹਾਨੂੰ ਅਜ਼ਾਦੀ ਲੈ ਕੇ ਦਿੱਤੀ।” ਦੀਪੀ ਨੇ ਕਿਹਾ, “ਤੁਹਾਡੇ ਵਰਗੇ ਲੋਕਾਂ ਨੇ ਸਾਡੇ ਨਾਲ ਦਵੈਤ ਕਰਕੇ ਫਿਰ ਸਾਨੂੰ ਗ਼ੁਲਾਮੀ ਦਾ ਅਹਿਸਾਸ ਕਰਵਾ ਦਿੱਤਾ।”
“ਤੇਰਾ ਕੀ ਮਤਲਬ ਜੋ ਤੇਰਾ ਖਸਮ ਕਰਦਾ ਫਿਰਦਾ ਏ ਉਸ ਨਾਲ ਤੁਸੀ ਅਜ਼ਾਦ ਹੋ ਜਾਵੋਂਗੇ।” ਪਹਿਲੇ ਸਿਪਾਹੀ ਨੇ ਅੱਖਾਂ ਕੱਢਦੇ ਕਿਹਾ, “ਸਾਡੀ ਗਿਣਤੀ ਤਾਂ ਤੁਹਾਡੇ ਨਾਲੋ ਕਿਤੇ ਜ਼ਿਆਦਾ ਹੈ, ਤੁਹਾਡੀ ਤਾਂ ਬੁਰਕੀ ਬੁਰਕੀ ਵੀ ਸਾਡੇ ਹੱਥ ਨਹੀ ਆਉਣੀ।”
“ਤੁਹਾਡੇ ਵਰਗੇ ਲੋਕ ਹੀ ਅਜਿਹੀਆਂ ਗੱਲਾਂ ਕਰਕੇ ਆਪਣੀਆਂ ਕੌਮਾਂ ਦਾ ਨਾਸ ਕਰਵਾਉਂਦੇ ਨੇ।” ਦੀਪੀ ਨੇ ਮੋੜਵਾ ਜ਼ਵਾਬ ਦਿੱਤਾ, “ਮੈਨੂੰ ਪਤਾ ਹੈ ਵੱਡੀ ਗਿਣਤੀ ਅੱਗੇ ਜਦੋਂ ਵੀ ਛੋਟੀ ਗਿਣਤੀ ਆਪਣੇ ਨਾਲ ਹੋ ਰਹੇ ਪਰਾਏਪਣ ਵਿਚ ਦੁਰਵਿਵਹਾਰ ਦੀ ਗੱਲ ਕਰਦੀ ਹੈ ਤਾਂ ਉਸ ਨਾਲ ਉਹ ਹੀ ਕੁਝ ਹੁੰਦਾ ਹੈ ਜੋ ਤੁਸੀਂ ਹੁਣ ਕਰ ਰਹੇ ਹੋ।”
“ਤੁਸੀ ਵੀ ਤਾਂ ਸਾਡੇ ਵਿਚੋਂ ਹੀ ਸੀ।” ਦੂਜੇ ਨੇ ਕਿਹਾ, “ਪੰਜਾਹ ਸਾਲ ਰਣਜੀਤ ਸਿੰਘ ਨੇ ਰਾਜ ਤਾਂ ਕੀ ਕਰ ਲਿਆ ਤੁਹਾਡੀ ਤਾਂ ਸਾਰੀ ਕੌਮ ਹੀ ਅਜ਼ਾਦੀ ਦੀ ਆਦੀ ਹੋ ਗਈ।”
“ਜਦੋਂ ਸਾਡੇ ਗੁਰੂ ਨੇ ਤਹਾਡੇ ਵਿਚੋਂ ਕੱਢ ਕੇ ਸਾਨੂੰ ਵੱਖ ਕੀਤਾ ਸੀ।” ਦੀਪੀ ਨੇ ਦੱਸਿਆ, “ਗੁੜ੍ਹਤੀ ਤਾਂ ੳਦੋਂ ਹੀ ਗੁਰੂ ਜੀ ਨੇ ਦੇ ਦਿੱਤੀ ਸੀ ਕਿ ਆਪ ਅਜ਼ਾਦ ਰਹਿਣਾ ਅਤੇ ਹੋਰਾਂ ਨੂੰ ਅਜ਼ਾਦੀ ਨਾਲ ਰਹਿਣ ਦੇਣਾ। ਤੁਸੀਂ ਹੋ ਜਿਹਨਾਂ ਧੋਖੇ ਨਾਲ ਸਾਨੂੰ ਗ਼ੁਲਾਮ ਬਣਾ ਲਿਆ।”
ਦੀਪੀ ਦੀ ਗੱਲ ਸਾਹਮਣੇ ਜਦੋਂ ਉਹਨਾਂ ਦੋਨਾਂ ਨੂੰ ਕੋਈ ਉੱਤਰ ਨਾ ਸੁੱਝਿਆ ਤਾਂ ਪਹਿਲੇ ਸਿਪਾਹੀ ਨੇ ਗੁੱਸੇ ਵਿਚ ਕਿਹਾ, “ਅਸੀਂ ਵੀ ਕਿੰਨੇ ਮੂਰਖ ਆਂ ਜੋ ਇਸ ਦੀ ਬਕਵਾਸ ਸੁਣੀ ਜਾਂਦੇ ਹਾਂ, ਆ ਤੈਨੂੰ ਅੱਜ ਹੀ ਅਜ਼ਾਦੀ ਦੇ ਦਿੰਦੇ ਹਾਂ।”
ਸਿਪਾਹੀ ਨੇ ਉਸ ਨੂੰ ਫੜ੍ਹਨ ਦੀ ਕੋਸ਼ਿਸ਼ ਹੀ ਕੀਤੀ ਸੀ ਕਿ ਦੀਪੀ ਨੇ ਇੱਕਦਮ ਆਪਣੀ ਕਿਰਪਾਨ ਨੂੰ ਮਿਆਨ ਵਿਚੋਂ ਬਾਹਰ ਕੱਢਦੀ ਬੋਲੀ, “ਜੇ ਮੈਨੂੰ ਹੱਥ ਲਾਇਆ ਤਾਂ ਤੁਹਾਡੇ ਟੋਟੇ ਕਰ ਦੇਵਾਂਗੀ।”
ਦੀਪੀ ਨੇ ਇਹ ਗੱਲ ਏਨੀ ਲਲਕਾਰ ਕੇ ਕਹੀ ਕਿ ਸਿਪਾਹੀ ਸੁੰਨ ਹੋ ਗਏ, ਕਿਉਂਕਿ ਉਹਨਾਂ ਨੂੰ ਦੀਪੀ ਤੋਂ ਇਹ ਉਮੀਦ ਨਹੀ ਸੀ। ਉਹ ਤਾਂ ਦੀਪੀ ਨੂੰ ਇਕ ਸਿੱਧੀ-ਸਾਦੀ ਡਰਪੋਕ ਅਤੇ ਸ਼ਰਮਾਕਲ ਕੁੜੀ ਹੀ ਸਮਝਦੇ ਸਨ। ਅੰਦਰੋਂ ਡਰ ਗਏ ਸਨ, ਪਰ ਉੱਪਰੋ ਆਪਣੀਆਂ ਚਾਲਾਂ ਚਲ ਰਹੇ ਸਨ। “ਤੈਨੂੰ ਪਤਾ ਹੈ ਜਿਸ ਦੇ ਸਿਰ ਤੇ ਤੂੰ ਲਲਕਾਰੇ ਮਾਰ ਰਹੀ ਹੈਂ।” ਦੂਜੇ ਸਿਪਾਹੀ ਨੇ ਕਿਹਾ, “ਉਹ ਪੁਲੀਸ ਦੇ ਕਾਬੂ ਆ ਗਿਆ ਹੈ।”
ਪਹਿਲੇ ਨੇ ਪੈਂਤੜਾ ਬਦਲਦੇ ਕਿਹਾ, “ਜੇ ਤੂੰ ਵੀ ਸਾਡੇ ਨਾਲ ਜਾਣ ਨੂੰ ਮੰਨ ਜਾਵੇਂ ਤਾਂ ਅਸੀਂ ਉਸ ਨੂੰ ਵੀ ਛੁਡਾ ਸਕਦੇ ਹਾਂ।”
“ਤੁਸੀਂ ਉਸ ਨੂੰ ਕੀ ਛੁਡਾਉਣਾ।” ਦੀਪੀ ਨੇ ਉਸੇ ਅਵਾਜ਼ ਵਿਚ ਕਿਹਾ, “ਤੁਸੀਂ ਤਾਂ ਆਪ ਭ੍ਰਿਸ਼ਟ ਗੋਰਮਿੰਟ ਦੇ ਵਫਾਦਾਰ ਅਤੇ ਲਾਲਚੀ ਕੁੱਤੇ ਹੋ।”
“ਤੂੰ ਸਾਨੂੰ ਕੁੱਤੇ ਕਿਹਾ।” ਪਹਿਲੇ ਸਿਪਾਹੀ ਨੇ ਕਿਹਾ, “ਹੁਣ ਦੇਖੀਂ ਅਸੀਂ ਤੇਰਾ ਤੇ ਤੇਰੇ ਖਸਮ ਦਾ ਕੀ ਹਾਲ ਕਰਦੇ ਹਾਂ?”
“ਸੋਚਿਆ ਸੀ ਕਿ ਤੂੰ ਸਾਡੇ ਨਾਲ ਚੱਲ ਪਵੇਂਗੀ ਤਾਂ ਉਸ ਨੂੰ ਛੁਡਵਾ ਦੇਵਾਂਗੇ।” ਦੂਜੇ ਨੇ ਕਿਹਾ, “ਹੁਣ ਤਾਂ ਉਹ ਦੁਨੀਆਂ ਛੱਡ ਕੇ ਹੀ ਚਲਾ ਜਾਵੇਗਾ।”
“ਉਹ ਛੁੱਟ ਜਾਵੇਗਾ।” ਦੀਪੀ ਨੇ ਪ੍ਰਮਾਤਮਾ ਵਿਚ ਭਰੋਸਾ ਰੱਖਦੇ ਕਿਹਾ, “ਉਸ ਨੂੰ ਰਿਹਾ ਕਰਵਾਏਗਾ, ਮੇਰਾ ਕਲਗੀਆਂ ਵਾਲਾ ਦਸ਼ਮੇਸ਼ ਪਿਤਾ।”
“ਇਸ ਹਫਤੇ ਅਸੀਂ ਹੀ ਉਸ ਨੂੰ ਪਟਿਆਲੇ ਦੀ ਜੇਹਲ ਵਿਚ ਲੈ ਕੇ ਜਾਣਾ ਹੈ, ਰਸਤੇ ਵਿਚ ਹੀ ਉਸ ਦਾ ਘੋਗਾ ਚਿੱਤ ਨਾਂ ਕੀਤਾ ਤਾਂ ਸਾਨੂੰ ਬੰਦੇ ਨਾ ਕਹੀਂ।”
“ਫਿਰ ਨਿਪਟਦੇ ਆਂ ਤੇਰੇ ਨਾਲ।”
“ਦਫਾ ਹੋਵੋ ਇਥੋਂ।” ਦੀਪੀ ਨੇ ਗੜ੍ਹਕ ਕੇ ਕਿਹਾ, “ਆਪਣੇ ਆਪ ਨੂੰ ਸੰਭਾਲੋ ਹੋਰ ਨਾ ਪ੍ਰਮਾਤਮਾ ਤੁਹਾਡਾ ਹੀ ਘੋਗਾ ਚਿੱਤ ਕਰ ਦੇਵੇ।”
“ਤੇਰੀ ਤਾਂ…।”
ੳਦੋਂ ਹੀ ਵਿਸ਼ਨੂੰ ਕਪੂਰ ਅੰਦਰ ਆਇਆ ਅਤੇ ਉਸ ਨੇ ਆਲੇ-ਦੁਆਲੇ ਤੋਂ ਭਾਂਪ ਲਿਆ ਕਿ ਕੀ ਹੋ ਰਿਹਾ ਸੀ। ਉਸ ਨੇ ਸਿਪਾਹੀਆਂ ਨੂੰ ਝਿੜਕਾਂ ਦਿੰਦੇ ਹੋਏ ਉੱਥੋਂ ਜਾਣ ਲਈ ਆਖਿਆ ਅਤੇ ਦੀਪੀ ਨੂੰ ਕਿਹਾ, “ਤੁਸੀ ਕਿਸੇ ਗੱਲ ਦਾ ਫਿਕਰ ਨਾ ਕਰਨਾ, ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਕਰਨ ਦੀ ਆਦਤ ਪੈ ਗਈ ਹੈ।”
“ਆਦਤ ਪਾਈ ਵੀ ਤਾਂ ਤੁਹਾਡੇ ਵਰਗਿਆਂ ਨੇ ਆ।” ਦੀਪੀ ਨੇ ਗੁੱਸੇ ਵਿਚ ਕਿਹਾ, “ਤੁੁਹਾਡੇ ਵਿਚ ਜੁਰਅਤ ਹੋਵੇ ਤਾਂ ਇਹ ਇਸ ਤਰ੍ਹਾਂ ਨਾ ਕਰਨ।”
ਦੀਪੀ ਦੀਆਂ ਗੱਲਾਂ ਸੁਣ ਕੇ ਕਪੂਰ ਵੀ ਹੈਰਾਨ ਹੋ ਗਿਆ। ਆਪਣੀ ਹੈਰਾਨੀ ਨੂੰ ਲੁਕਾਉਂਦਾ ਹੋਇਆ ਕਹਿਣ ਲੱਗਾ, “ਤਹਾਨੂੰ ਭੁਲੇਖਾ ਹੈ, ਮੈਂ ਤਾਂ ਕਦੋਂ ਦਾ ਇਹਨਾ ਨੂੰ ਸਸਪੈਂਡ ਕਰ ਦਿੰਦਾਂ, ਇਹਨਾ ਨੂੰ ਸ਼ਹਿ ਤਾਂ ਉੱਪਰੋ ਮਿਲ ਰਹੀ ਹੈ।”
“ਤੁਸੀ ਵੀ ਤਾਂ ਉੱਪਰ ਵਾਲਿਆਂ ਦੀ ਸ਼ਹਿ ਤੇ ਸਾਨੂੰ ਬੰਦੀ ਬਣਾ ਕੇ ਲਿਆਏ ਹੋ।”
ਕਪੂਰ ਨੂੰ ਪਤਾ ਨਾ ਲੱਗੇ ਕਿ ਉਹ ਹੁਣ ਕੀ ਜ਼ਵਾਬ ਦੇਵੇ। ਉਸ ਨੇ ਬਸ ਇੰਨਾ ਹੀ ਕਿਹਾ, “ਮੈ ਤਾਂ ਤਹਾਨੂੰ ਲੈਣ ਹੀ ਅਇਆ ਹਾਂ, ਮਾਤਾ ਜੀ ਦੇ ਪਿੰਡ ਦੇ ਲੋਕ ਆਏ ਹਨ, ਉਹ ਤਹਾਨੂੰ ਵੀ ਮਿਲਣਾ ਚਾਹੁੰਦੇ ਹਨ।”
ਦੀਪੀ ਉਸ ਤਰ੍ਹਾਂ ਹੀ ਹੱਥ ਫੜ੍ਹੀ ਕਿਰਪਾਨ ਨਾਲ ਬਾਹਰ ਵੱਲ ਨੂੰ ਜਾਣ ਲੱਗੀ ਤਾਂ ਕਪੂਰ ਨੇ ਕਿਹਾ, “ਪਲੀਜ਼ ਇਸ ਨੂੰ ਵਾਪਸ ਰੱਖ ਲਉ, ਹੁਣ ਤਹਾਨੂੰ ਕੋਈ ਖਤਰਾ ਨਹੀਂ।” ਦੀਪੀ ਬੋਲੀ ਤਾਂ ਕੁਝ ਨਹੀ, ਪਰ ਉਸ ਨੇ ਕਿਰਪਾਨ ਨੂੰ ਵਾਪਸ ਮਿਆਨ ਵਿਚ ਰੱਖ ਲਿਆ
ਹੱਕ ਲਈ ਲੜਿਆ ਸੱਚ – (ਭਾਗ-75)
This entry was posted in ਹੱਕ ਲਈ ਲੜਿਆ ਸੱਚ.