ਤਿੰਨ ਕੁ ਸਾਲ ਪਹਿਲਾਂ, ਬੀ. ਸੀ. ਵਿਖੇ ਇੱਕ ਕੈਂਪ ਲਾਉਣ ਦਾ ਮੌਕਾ ਮਿਲਿਆ। ਭਾਵੇਂ ਉਹ ਇੱਕ ਧਾਰਮਿਕ ਕੈਂਪ ਸੀ ਪਰ ਉਸ ਵਿੱਚ ਯੋਗਾ, ਮੈਡੀਟੇਸ਼ਨ, ਸਿੱਖ ਇਤਿਹਾਸ ਅਤੇ ਗਿਆਨ ਦੀਆਂ ਕਲਾਸਾਂ ਤੋਂ ਇਲਾਵਾ ਜ਼ਿੰਦਗੀ ਨਾਲ ਸਬੰਧਤ ਕਈ ਉਸਾਰੂ ਵਿਚਾਰ ਅਤੇ ਕਿਰਿਆਵਾਂ ਕਰਾਈਆਂ ਜਾਂਦੀਆਂ। ਇਹ ਸਭ ਕੁੱਝ ਪੂਰੇ ਅਨੁਸ਼ਾਸਨ ਵਿੱਚ ਹੁੰਦਾ। ਇੱਕ ਦਿਨ ਜਦੋਂ ਸਾਰੀ ਸੰਗਤ ਦਰਬਾਰ ਹਾਲ ਵਿੱਚ ਨਿੱਤ ਨੇਮ ਕਰ ਬੈਠੀ ਤਾਂ ਲਾਈਨਾਂ ਵਿੱਚ ਬੈਠੀ ਸੰਗਤ ਨੂੰ ਇੱਕ ਦੂਜੇ ਵੱਲ ਮੂੰਹ ਕਰਕੇ ਪੰਗਤ ਦੀ ਸ਼ਕਲ ਵਿੱਚ ਬੈਠਣ ਨੂੰ ਕਿਹਾ ਗਿਆ। ਆਹਮੋ ਸਾਹਮਣੇ ਵੋਲੰਟੀਅਰ ਨੇ ਸਾਡੇ ਜੋੜੇ ਬਣਾ ਦਿੱਤੇ। ਮੇਰੇ ਸਾਹਮਣੇ ਹੁਣ ਇੱਕ ਕੈਲੇਫੋਰਨੀਆਂ ਤੋਂ ਆਈ ਔਰਤ ਸੀ। ਅਸੀਂ 3-4 ਮਿੰਟ ਵਿੱਚ ਇੱਕ ਦੂਜੇ ਨੂੰ ਆਪਣੇ ਦਸ ਗੁਣ ਤੇ ਅਉਗਣ ਦੱਸਣੇ ਸਨ। ਸਾਨੂੰ ਲੱਗਾ ਕਿ- ਸ਼ਾਇਦ ਅਸੀਂ ਪਹਿਲੀ ਬਾਰ ਆਪਣੇ ਆਪ ਦੇ ਰੂ-ਬ-ਰੂ ਹੋਏ ਸਾਂ। ਹਰ ਇੱਕ ਨੂੰ ਆਪਣੇ ਅੰਦਰ ਝਾਤ ਮਾਰਨੀ ਬੜੀ ਔਖੀ ਲੱਗੀ। ਫਿਰ ਅਸੀਂ ਇੱਕ ਦੂਜੇ ਨੂੰ ਅਸ਼ੀਰਵਾਦ ਦੇਣੇ ਸਨ ਕਿ- ‘ਪ੍ਰਮਾਤਮਾ ਤੈਨੂੰ ਗੁਣਾਂ ਨੂੰ ਨਿਖਾਰਨ ਤੇ ਔਗੁਣਾਂ ਨੂੰ ਦੂਰ ਕਰਨ ਦਾ ਬਲ ਬਖਸ਼ੇ!’
ਇਨਸਾਨ ਸਾਰੀ ਉਮਰ ਦੂਜਿਆਂ ਦੇ ਗੁਣ ਜਾਂ ਅਉਗਣ ਦੇਖਣ ਵਿੱਚ ਹੀ ਬਿਤਾ ਦਿੰਦਾ ਹੈ। ਕਈਆਂ ਨੂੰ ਦੂਜਿਆਂ ਵਿੱਚ ਗੁਣ ਹੀ ਗੁਣ ਦਿਖਾਈ ਦਿੰਦੇ ਹਨ, ਤੇ ਆਪਣੇ ਵਿੱਚ ਕੋਈ ਨਜ਼ਰ ਹੀ ਨਹੀਂ ਆਉਂਦਾ। ਉਹ ਰੱਬ ਨੂੰ ਉਲ੍ਹਾਮੇ ਦਿੰਦੇ ਰਹਿੰਦੇ ਹਨ। ਆਪਣੀ ਤੁਲਨਾ ਹਮੇਸ਼ਾ ਦੂਜਿਆਂ ਨਾਲ ਕਰਕੇ ਕਹਿਣਗੇ- ‘ਰੱਬਾ! ਫਲਾਨੇ ਨੂੰ ਇੰਨੀ ਸੁਹਣੀ ਆਵਾਜ਼ ਦਿੱਤੀ ਹੈ..ਫਲਾਨੇ ਨੂੰ ਇੰਨਾ ਹੁਸਨ ਦਿੱਤਾ ਹੈ..ਫਲਾਨਾ ਲਿਖਦਾ ਬੜਾ ਸੁਹਣਾ ਹੈ..ਫਲਾਨਾ ਗਾਉਂਦਾ ਬੜਾ ਸੁਹਣਾ ਹੈ..ਮੈਂਨੂੰ ਵੀ ਕੋਈ ਗੁਣ ਦੇ ਦਿੰਦਾ!’ ਪਰ ਇਸ ਤਰ੍ਹਾਂ ਨਹੀਂ ਹੈ। ਹਰ ਬੰਦੇ ਵਿੱਚ ਕੋਈ ਨਾ ਕੋਈ ਗੁਣ ਜਰੂਰ ਹੁੰਦਾ ਹੈ- ਬੱਸ ਲੋੜ ਹੈ ਉਸ ਨੂੰ ਪਛਾਨਣ ਦੀ। ਇਸ ਦੁਨੀਆਂ ਵਿੱਚ ਕੋਈ ਵੀ ਦੋ ਮੂਰਤਾਂ ਰੱਬ ਨੇ ਇੱਕੋ ਜਿਹੀਆਂ ਨਹੀਂ ਬਣਾਈਆਂ। ਉਸ ਮਹਾਨ ਕਲਾਕਾਰ ਦੀ ਕਲਾ ਨੂੰ ਸਲਾਮ ਕਰੀਏ..ਜਿਸ ਨੇ ਹਰ ਬੰਦੇ ਦੀ ਵੱਖਰੀ ਪਹਿਚਾਣ ਬਣਾਈ ਹੈ। ਜੇ ਕਿਤੇ ਕਿਤੇ ਸ਼ਕਲਾਂ ਦਾ ਇੱਕੋ ਜਿਹੀਆਂ ਹੋਣ ਦਾ ਭੁਲੇਖਾ ਵੀ ਪਵੇ ਤਾਂ ਉਹਨਾਂ ਦੇ ਸੁਭਾਉੇ ਵੱਖਰੇ..ਉਂਗਲਾਂ ਤੇ ਅੰਗੂਠੇ ਦੇ ਨਿਸ਼ਾਨ ਵੱਖਰੇ ਹੁੰਦੇ ਹਨ। ਇਸੇ ਤਰ੍ਹਾਂ ਗੁਣ ਵੀ ਵੱਖਰੇ ਵੱਖਰੇ ਹਨ। ਮੂਰਖ ਕਹੇ ਜਾਂਦੇ ਬੰਦੇ ਵਿੱਚ ਵੀ ਕੋਈ ਨਾ ਕੋਈ ਗੁਣ ਜਰੂਰ ਹੁੰਦਾ ਹੈ।
ਕਈ ਲੋਕਾਂ ਦਾ ਸੁਭਾਉ ਹੈ ਕਿ- ਉਹਨਾਂ ਨੂੰ ਆਪਣੇ ਵਿੱਚ ਗੁਣ ਹੀ ਗੁਣ ਨਜ਼ਰ ਆਉਂਦੇ ਹਨ ਤੇ ਦੂਜਿਆਂ ਵਿੱਚ ਅਉਗਣ। ਅਜੇਹੇ ਲੋਕ ਹਰ ਬੰਦੇ ਵਿੱਚ ਨੁਕਸ ਹੀ ਕੱਢੀ ਜਾਣਗੇ ਤੇ ਆਪਣੇ ਵਿੱਚ ਕਦੇ ਕੋਈ ਕਮੀ ਦਿਖਾਈ ਹੀ ਨਹੀਂ ਦਿੰਦੀ। ਉਹ ਜਿਸ ਮਹਿਫਲ ਵਿੱਚ ਵੀ ਜਾਣਗੇ, ਆਪਣੀ ਨਾਂਹ ਵਾਚਕ ਸੋਚ ਕਾਰਨ, ਉਸ ਦਾ ਅਨੰਦ ਮਾਨਣ ਦੀ ਬਜਾਏ, ਉਸ ਵਿੱਚ ਕਮੀਆਂ ਜਾਂ ਗਲਤੀਆਂ ਲੱਭਣ ਵਿੱਚ ਹੀ ਸਮਾਂ ਬਰਬਾਦ ਕਰ ਦੇਣਗੇ। ਅਜੇਹੇ ਲੋਕ ‘ਈਗੋ’ ਦਾ ਸ਼ਿਕਾਰ ਹੁੰਦੇ ਹਨ। ਉਹ ਕੇਵਲ ਆਪਣੀ ਪ੍ਰਸ਼ੰਸਾ ਕਰਵਾਉਣਾ ਹੀ ਲੋਚਦੇ ਹਨ- ਕਿਸੇ ਹੋਰ ਦੀ ਨਹੀਂ ਕਰ ਸਕਦੇ। ਉਹ ਹਰ ਮਹਿਫਲ ਵਿੱਚ, ਹਰ ਇੱਕ ਤੇ ਆਪਣੀ ਵਿਚਾਰਧਾਰਾ ਠੋਸਣ ਦੀ ਕੋਸ਼ਿਸ਼ ਕਰਦੇ ਹਨ। ਉਹ ਆਪਣੇ ਆਪ ਨੂੰ ਅਗਾਂਹਵਧੂ ਤੇ ਦੂਜਿਆਂ ਨੂੰ ਪਿਛਾਂਹ-ਖਿਚੂ ਕਹਿੰਦੇ ਹਨ। ਅਜੇਹੇ ਲੋਕ ਭਾਸ਼ਣ ਕਲਾ ਦੇ ਮਾਹਿਰ ਹੁੰਦੇ ਹਨ ਤੇ ਇਸ ਕਲਾ ਨੂੰ ਉਹ, ਲੋਕਾਂ ਨੂੰ ਆਪਣੇ ਵਿਚਾਰਾਂ ਦੇ ਹਾਮੀ ਬਨਾਉਣ, ਤੇ ਉਹਨਾਂ ਦੇ ਬਰੇਨ-ਵਾਸ਼ ਕਰਨ ਲਈ ਬਾਖੂਬੀ ਵਰਤਦੇ ਹਨ। ਇਸੇ ਕਾਰਨ ਉਹ ਬਹੁ-ਗਿਣਤੀ ਨੂੰ ਆਪਣੇ ਪਿੱਛੇ ਲਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। ਇਹ ਕਲਾ ਸਿਆਸੀ ਲੋਕਾਂ ਲਈ ਬਹੁਤ ਫਾਇਦੇਮੰਦ ਸਿੱਧ ਹੁੰਦੀ ਹੈ। ਕਈ ਸਮਾਜਕ ਤੇ ਧਾਰਮਿਕ ਜਥੇਬੰਦੀਆਂ ਵੀ ਇਸੇ ਅਧਾਰ ਤੇ ਚਲਦੀਆਂ ਹਨ। ਅਜੇਹੇ ਲੋਕ ਆਪਣੀ ਜੈ ਜੈ ਕਾਰ ਕਰਵਾ ਕੇ ਖੁਸ਼ ਹੁੰਦੇ ਹਨ। ਕਿਸੇ ਦੂਜੇ ਦਾ ਸਨਮਾਨ ਜਾਂ ਪ੍ਰਸ਼ੰਸਾ ਨਾਲ, ਉਹਨਾਂ ਦੀ ‘ਈਗੋ’ ਨੂੰ ਠੇਸ ਪਹੁੰਚਦੀ ਹੈ। ਇਹ ਸ਼ਿਅਰ ਅਜੇਹੇ ਲੋਕਾਂ ਦੀ ਤਰਜਮਾਨੀ ਕਰਦਾ ਹੈ-
ਉਂਗਲ ਕਰਨੀ ਦੂਜੇ ਦੇ ਵੱਲ ਹੈ ਸੌਖੀ,
ਅੰਦਰੋਂ ਤਾਂ ਹਰ ਬੰਦਾ ਕਾਣਾ ਹੁੰਦਾ ਹੈ।
ਕਹਿੰਦੇ ਹਨ ਕਿ- ‘ਜੇ ਸਮਾਜ ਨੂੰ ਬਦਲਣਾ ਹੈ ਤਾਂ ਆਪਣੇ ਆਪ ਨੂੰ ਬਦਲੋ, ਸਮਾਜ ਆਪੇ ਬਦਲ ਜਾਏਗਾ’। ਸਮਾਜ ਤਾਂ ਇੱਕ ਸ਼ੀਸ਼ੇ ਦੀ ਨਿਆਈਂ ਹੈ, ਉਸ ਨੂੰ ਜਿਸ ਤਰ੍ਹਾਂ ਦੀ ਅੱਖ ਨਾਲ ਦੇਖਿਆ ਜਾਵੇ ਉਹ ਉਸੇ ਤਰ੍ਹਾਂ ਦਾ ਦਿਖਾਈ ਦਿੰਦਾ ਹੈ। ਜੇ ਅਸੀਂ ਸੁਖੀ ਹਾਂ ਤਾਂ ਸਾਨੂੰ ਸਾਰੇ ਸੁਖੀ ਨਜ਼ਰ ਆਉਂਦੇ ਹਨ। ਪਰ ਜੇ ਅਸੀਂ ਆਪ ਹੀ ਤਨਾਉ ਦਾ ਸ਼ਿਕਾਰ ਹਾਂ ਤਾਂ ਸਾਨੂੰ ਇਹ ਸਾਰਾ ਸੰਸਾਰ ਹੀ ਦੁੱਖਾਂ ਦਾ ਘਰ ਲਗੇਗਾ-
ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ॥ (ਅੰਗ 610)
ਇੱਕ ਹੋਰ ਗੱਲ ਵੀ ਵਿਚਾਰਨ ਵਾਲੀ ਹੈ ਕਿ ਜੇ ਸਾਡੀ ਨਿੱਜੀ ਜ਼ਿੰਦਗੀ, ਸਾਡੇ ਬੋਲਾਂ ਜਾਂ ਲਿਖਤਾਂ ਨਾਲ ਮੇਲ ਨਹੀਂ ਖਾਂਦੀ- ਤਾਂ ਉਹ ਪੜ੍ਹਨ ਸੁਨਣ ਵਾਲਿਆਂ ਤੇ ਬਹੁਤੀ ਦੇਰ ਅਸਰ ਨਹੀਂ ਕਰ ਸਕਦੀ। ਹਾਂ ਹੋ ਸਕਦਾ ਹੈ ਕਿ ਸਰੋਤਾ ਜਾਂ ਪਾਠਕ ਕੁੱਝ ਸਮੇਂ ਲਈ ਉਸ ਦਾ ਕਾਇਲ ਹੋ ਜਾਵੇ- ਪਰ ਜਿਉਂ ਹੀ ਉਸ ਨੂੰ ਉਸ ਇਨਸਾਨ ਦੇ ਕਿਰਦਾਰ ਦਾ ਪਤਾ ਲਗੇਗਾ ਤਾਂ ਉਹ ਉਸ ਦੇ ਮਨ ਤੋਂ ਉਤਰ ਜਾਏਗਾ।
ਬਾਬਾ ਫਰੀਦ ਜੀ ਵੀ ਆਪਣੀ ਬਾਣੀ ਵਿੱਚ ਕਹਿ ਰਹੇ ਹਨ-
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨਾ ਲੇਖ॥
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ॥ (ਅੰਗ 1378)
ਜੇ ਆਪਾਂ ਸਾਰੇ ਰਾਤ ਨੂੰ ਸੌਣ ਤੋਂ ਪਹਿਲਾਂ, ਆਪਣੇ ਆਪ ਦੇ ਰੂ-ਬ-ਰੂ ਹੋਈਏ- ਆਪਣੇ ਅੰਦਰ ਝਾਤ ਮਾਰੀਏ, ਆਪਣੀਆਂ ਕਮੀਆਂ ਦੀ ਨਿਸ਼ਾਨਦੇਹੀ ਕਰੀਏ ਤੇ ਉਹਨਾਂ ਨੂੰ ਦੂਰ ਕਰਨ ਲਈ ਆਪਣੇ ਆਪ ਨਾਲ ਪ੍ਰਣ ਕਰੀਏ, ਤਾਂ ਨਿਸ਼ਚੇ ਹੀ ਅਸੀਂ ਇੱਕ ਵਧੀਆ ਇਨਸਾਨ ਹੀ ਨਹੀਂ, ਸਗੋਂ ਪਰਿਵਾਰ ਤੇ ਸਮਾਜ ਲਈ ਚੰਗੇ ਰੋਲ ਮਾਡਲ ਵੀ ਬਣ ਸਕਦੇ ਹਾਂ। ਅਸੀਂ ਨਵੀਂ ਪੀੜ੍ਹੀ ਨੂੰ ਦੋਸ਼ ਦੇ ਰਹੇ ਹਾਂ ਕਿ ਉਹ ਕੁਰਾਹੇ ਪੈ ਰਹੀ ਹੈ। ਪਰ ਇਹ ਸਭ ਰੋਲ ਮਾਡਲਾਂ ਦੀ ਘਾਟ ਕਾਰਨ ਵੀ ਹੋ ਰਿਹਾ ਹੈ। ਜੇ ਅਸੀਂ ਬੱਚਿਆਂ ਨੂੰ ਪਿਆਰ, ਸਤਿਕਾਰ, ਤੇ ਅਨੁਸ਼ਾਸਨ ਸਿਖਾਉਣਾ ਹੈ ਤਾਂ ਪਹਿਲਾਂ ਇਹ ਸਾਰੇ ਗੁਣ ਆਪਣੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨੀ ਪਵੇਗੀ। ਕੁੱਝ ਗੁਣ ਤਾਂ ਸਾਨੂੰ ਕੁਦਰਤੀ ਤੌਰ ਤੇ, ਮਾਂ ਬਾਪ ਦੇ ਜੀਨਜ਼ ਤੋਂ ਹੀ ਮਿਲੇ ਹੁੰਦੇ ਹਨ, ਪਰ ਕੁੱਝ ਲਈ ਸਾਨੂੰ ਮਿਹਨਤ ਵੀ ਕਰਨੀ ਪੈਂਦੀ ਹੈ।
ਸਾਡੇ ਲੋਕਾਂ ਵਿੱਚ (ਸਾਰੇ ਨਹੀਂ) ਦੋਗਲੇ ਕਿਰਦਾਰਾਂ ਦੀ ਗਿਣਤੀ ਆਮ ਹੋ ਗਈ ਹੈ। ਅਸੀਂ ਅੰਦਰੋਂ ਕੁੱਝ ਹੋਰ ਹੁੰਦੇ ਹਾਂ ਤੇ ਬਾਹਰੋਂ ਕੁੱਝ ਹੋਰ ਦਿਖਾਈ ਦਿੰਦੇ ਹਾਂ। ਕਈ ਵਾਰੀ ਅਸੀਂ ਦਿਖਾਵੇ ਦੇ ਧਰਮੀ ਬਣਦੇ ਹਾਂ, ਕਦੇ ਸਮਾਜ ਸੇਵਕ, ਕਦੇ ਲੋੜ ਤੋਂ ਵੱਧ ਵਿਦਵਤਾ ਦਿਖਾਉਣ ਦੀ ਕੋਸ਼ਿਸ਼ ਤੇ ਕਦੇ ਆਪਣੀ ਤਾਰੀਫ਼ ਆਪ ਕਰਕੇ ਲੋਕਾਂ ਤੋਂ ਵਾਹ ਵਾਹ ਕਰਾਉਣੀ, ਸਾਡੀ ਆਦਤ ਬਣ ਗਈ ਹੈ। ਸਾਡੀ ਆਤਮਾ ਨੂੰ ਪਤਾ ਹੁੰਦਾ ਹੈ ਕਿ ਜੋ ਅਸੀਂ ਲੋਕਾਂ ਨੂੰ ਦਿਖਾਈ ਦਿੰਦੇ ਹਾਂ ਉਹ ਅਸੀਂ ਹਾਂ ਨਹੀਂ ਅਸਲ ,ਚ। ਬਾਹਰ ਦੀ ਗੱਲ ਛੱਡੋ, ਇਹ ਦੋਹਰੇ ਕਿਰਦਾਰ ਤਾਂ ਅਸੀਂ ਆਪਣੇ ਪਰਿਵਾਰਾਂ ਵਿੱਚ ਵੀ ਨਿਭਾਈ ਤੁਰੇ ਜਾਂਦੇ ਹਾਂ। ਇਸੇ ਕਾਰਨ ਪਰਿਵਾਰ ਟੁੱਟ ਰਹੇ ਹਨ। ਅਸੀਂ ਗਲਤੀ ਕਰਕੇ ਵੀ ਗਲਤੀ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦੇ। ਸਾਡੇ ਨਾਲੋਂ ਅੰਗਰੇਜ਼ ਲੋਕ ਇਸ ਗੱਲੋਂ ਸੌ ਦਰਜੇ ਚੰਗੇ ਹਨ, ਜੋ ਛੋਟੀ ਜਿਹੀ ਗਲਤੀ ਤੇ ਝੱਟ ‘ਸੌਰੀ’ ਕਹਿ ਦਿੰਦੇ ਹਨ। ਇਹਨਾਂ ਲੋਕਾਂ ਦੀ ਸਚਾਈ ਤੇ ਇਮਾਨਦਾਰੀ ਦੀ ਕਦਰ ਕਰਨੀ ਬਣਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ- ਸਾਡੇ ਭਾਈਚਾਰੇ ਵਿੱਚ ਇਸ ਤਰ੍ਹਾਂ ਦੀਆਂ ਮਿਸਾਲਾਂ ਦੀ ਕਮੀ ਹੈ। ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਦੇ ਕਿਰਦਾਰ ਦਾ ਲੋਹਾ ਤਾਂ ਸਾਰੀ ਦੁਨੀਆਂ ਮੰਨਦੀ ਹੈ। ਪਰ ਕੁੱਝ ਮੁੱਠੀ ਭਰ ਲੋਕ, ਸਾਰੀ ਕੌਮ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ। ਇਹ ਲੋਕ ਗਲਤ ਹੁੰਦੇ ਹੋਏ ਵੀ ਆਪਣੇ ਆਪ ਨੂੰ ਲੋਕਾਂ ਵਿੱਚ ਠੀਕ ਸਿੱਧ ਕਰਨ ਵਿੱਚ ਹੀ ਸਾਰਾ ਜ਼ੋਰ ਲਗਾ ਦਿੰਦੇ ਹਨ। ਅਸੀਂ ਲੋਕ ਇਹਨਾਂ ਦੀਆਂ ਵੀਡੀਓ ਸ਼ੇਅਰ ਕਰ ਕਰ ਕੇ ਇਹਨਾਂ ਦੀ ਹੋਰ ਗੁੱਡੀ ਚੜ੍ਹਾ ਦਿੰਦੇ ਹਾਂ। ਭਾਈ- ਸੋਸ਼ਲ ਮੀਡੀਆ ਤੇ ਉਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਜਿਸ ਨਾਲ ਸਾਡੀ ਕੌਮ ਦਾ ਸਿਰ ਉੱਚਾ ਹੋਵੇ। ਜੋ ਕਹਿਣੀ ਤੇ ਕਰਨੀ ਦੇ ਪੂਰੇ ਹੋਣ, ਜਿਹਨਾਂ ਤੇ ਅਸੀਂ ਮਾਣ ਕਰ ਸਕੀਏ। ਬੁਰਾਈ ਦੀਆਂ ਵੀਡੀਓ ਅੱਗੇ ਵੰਡਣ ਨਾਲ ਤਾਂ ਬੁਰਾਈ ਹੋਰ ਵਧਦੀ ਹੈ।
ਆਓ ਅੱਜ ਆਪਣੇ ਆਪ ਨਾਲ ਸੰਵਾਦ ਰਚਾਈਏ। ਦੂਜਿਆਂ ਵਿੱਚ ਕਮੀਆਂ ਦੇਖਣ ਦੀ ਬਜਾਏ, ਆਪਣੇ ਅਉਗਣਾਂ ਦੀ ਪਛਾਣ ਕਰਕੇ, ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੀਏ। ਸਾਡੀ ਆਤਮਾ ਸਾਨੂੰ ਦੱਸਦੀ ਹੈ ਕਿ- ਇੱਥੇ ਅਸੀਂ ਗਲਤ ਹਾਂ ਜਾਂ ਅਸੀਂ ਕਿਸੇ ਨਾਲ ਧੋਖਾ ਕਰ ਰਹੇ ਹਾਂ ਜਾਂ ਝੂਠ ਬੋਲ ਕੇ ਕਿਸੇ ਨੂੰ ਬੁੱਧੂ ਬਣਾ ਰਹੇ ਹਾਂ। ਪਰ ਅਸੀਂ ਉਸ ਨੂੰ ਸੁਨਣ ਲਈ ਹੀ ਤਿਆਰ ਨਹੀਂ ਹੁੰਦੇ। ਸਾਡਾ ਸ਼ੈਤਾਨ ਮਨ ਉਸ ਨੂੰ ਦਬਾ ਦਿੰਦਾ ਹੈ। ਪਰ ਜੇ ਸ਼ਾਂਤ ਚਿੱਤ ਹੋ ਕੇ, ਆਪਣੇ ਅੰਦਰ ਝਾਕੀਏ ਤਾਂ ਇਹ ਆਵਾਜ਼ ਸਾਨੂੰ ਜਰੂਰ ਸੁਣੇਗੀ ਜੋ ਸਹੀ ਰਾਹ ਦਿਖਾਏਗੀ। ਸਾਹਿਬ ਸ੍ਰੀ ਗੁਰ ਨਾਨਕ ਦੇਵ ਜੀ ਦੇ ਕਥਨ- ਹਮ ਨਹੀ ਚੰਗੇ ਬੁਰਾ ਨਹੀ ਕੋਇ॥(ਅੰਗ 728)- ਤੇ ਅਮਲ ਕਰੀਏ। ਪ੍ਰਮਾਤਮਾ ਨਾਲ ਹਰ ਵੇਲੇ ਮਾੜੀ ਕਿਸਮਤ ਦਾ ਗਿਲਾ ਕਰਨ ਦੀ ਬਜਾਏ, ਉਸ ਵਲੋਂ ਮਿਲੇ ਗੁਣਾਂ ਲਈ ਤੇ ਦਾਤਾਂ ਲਈ, ਉਸ ਦਾ ਸ਼ੁਕਰਾਨਾ ਕਰੀਏ।
ਆਪਣੇ ਮਨ ਦਾ ਲੇਖਾ-ਜੋਖਾ ਕਰੀਏ ਅੱਜ। ਜੇ ਪਿਛਲੇ ਸਾਲਾਂ ਵਿੱਚ, ਸਾਡੇ ਕਿਸੇ ਬੋਲ ਜਾਂ ਜਾਣੇ ਅਣਜਾਣੇ ਵਿੱਚ ਕੀਤੀ ਗਈ ਗਲਤੀ ਨਾਲ, ਕਿਸੇ ਦਾ ਦਿਲ ਦੁਖਿਆ ਹੋਵੇ ਜਾਂ ਕਿਸੇ ਰਿਸ਼ਤੇ ਵਿੱਚ ਖਟਾਸ ਆ ਗਈ ਹੋਵੇ, ਤਾਂ ਉਸ ਲਈ ਮੁਆਫੀ ਮੰਗਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਸਾਡੇ ਗੁਰੂ ਸਾਹਿਬਾਂ ਨੇ ਤਾਂ ਲਿਖੇ ਹੋਏ ਬੇਦਾਵੇ ਪਾੜ ਕੇ ਸਾਨੂੰ ਖਿਮਾ ਨਿਮਰਤਾ ਦੀ ਜਾਚ ਸਿਖਾਈ ਹੋਈ ਹੈ। ਪਰ ਅਸੀਂ ਪਤਾ ਨਹੀਂ ਕਿਉਂ ਸਾਲਾਂ ਬੱਧੀ ਕਿਸੇ ਲਈ ਰੰਜਿਸ਼, ਆਪਣੇ ਮਨ ਵਿੱਚ ਪਾਲ਼ ਕੇ ਕੁੜ੍ਹੀ ਜਾਂਦੇ ਹਾਂ? ਜਿਸ ਦਾ ਭੈੜਾ ਅਸਰ, ਸਭ ਤੋਂ ਪਹਿਲਾਂ ਸਾਡੀ ਆਪਣੀ ਸਿਹਤ ਤੇ ਪੈਂਦਾ ਹੈ। ਖਿਮਾ ਮੰਗਣਾ ਤੇ ਖਿਮਾ ਕਰਨਾ ਦੋਵੇਂ ਗੁਣ, ਜਿੱਥੇ ਪਰਿਵਾਰਕ ਖੁਸ਼ਹਾਲੀ ਦੇ ਥੰਮ੍ਹ ਹਨ- ਉਥੇ ਨਰੋਆ ਸਮਾਜ ਸਿਰਜਣ ਵਿੱਚ ਵੀ ਸਹਾਈ ਹੁੰਦੇ ਹਨ।
ਆਪਣੀ ਸਵੈ ਪੜਚੋਲ ਕਰਦੇ ਹੋਏ, ਜੇ ਆਪਣੀਆਂ ਕਮੀਆਂ, ਆਪਣੇ ਗੁਣ ਦੋਸ਼ਾਂ ਅਤੇ ਆਪਣੇ ਮਨ ਦੇ ਵਿਕਾਰਾਂ ਤੇ ਕਾਬੂ ਪਾਉਣ ਲਈ, ਆਪਾਂ ਅੱਜ ਤੋਂ ਹੀ ਜੁੱਟ ਜਾਈਏ- ਤਾਂ ਨਿਸ਼ਚੇ ਹੀ ਸਮਾਜ ਅੰਦਰ ਗੁਣਾਤਮਕ ਤਬਦੀਲੀ ਲਿਆ ਕੇ, ਇਸ ਨੂੰ ਹੋਰ ਚੰਗੇਰਾ ਬਨਾਉਣ ਲਈ ਕੀਤੇ ਯਤਨਾਂ ਵਿੱਚੋਂ, ਇਹ ਸਾਡਾ ਪਹਿਲਾ ਸਫਲ ਕਦਮ ਹੋਏਗਾ!