ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਅੱਜ ਭਾਜਪਾ ਅਤੇ ‘ਆਪ’ ਦੇ ਕੌਂਸਲਰਾਂ ਵਿਚਾਲੇ ਹੋਈ ਜ਼ਬਰਦਸਤ ਝੜਪ ਅਤੇ ਜ਼ਬਰਦਸਤ ਹੰਗਾਮੇ ਕਾਰਨ ਮੁਲਤਵੀ ਕਰਨੀ ਪਈ। ਹੰਗਾਮੇ ਦੌਰਾਨ ਕੌਂਸਲਰਾਂ ਨੇ ਮਾਈਕ, ਕੁਰਸੀ ਤੇ ਮੇਜ਼ ਵੀ ਤੋੜ ਦਿੱਤੇ। ਮੀਟਿੰਗ ਵਿੱਚ ਹੰਗਾਮੇ ਦੌਰਾਨ ਕੌਂਸਲਰਾਂ ਨੇ ਨਿਗਮ ਸਕੱਤਰ ਤੋਂ ਫਾਈਲ ਵੀ ਖੋਹ ਲਈ ਸੀ । ਮੇਅਰ ਦੀ ਚੋਣ ਵਿੱਚ 250 ਚੁਣੇ ਹੋਏ ਕੌਂਸਲਰਾਂ ਨੇ ਵੋਟ ਪਾਉਣੀ ਸੀ ਤੇ ਇਸ ਦੇ ਨਾਲ ਹੀ ਦਿੱਲੀ ਵਿਧਾਨ ਸਭਾ ਸਪੀਕਰ ਦੀ ਸਹਿਮਤੀ ‘ਤੇ ਬਣਾਏ ਗਏ ਨਾਮਜ਼ਦ ਲੋਕਾਂ ‘ਚ ਦਿੱਲੀ ਦੇ 7 ਲੋਕ ਸਭਾ ਮੈਂਬਰ, 3 ਰਾਜ ਸਭਾ ਮੈਂਬਰ ਅਤੇ 14 ਵਿਧਾਇਕਾ ਨੇ ਵੀ ਵੋਟਿੰਗ ‘ਚ ਹਿੱਸਾ ਲੈਣਾ ਸੀ । ਨਗਰ ਨਿਗਮ ਦੇ 250 ਵਾਰਡਾਂ ‘ਚ ਹੋਈਆਂ ਚੋਣਾਂ ‘ਚ ਅਰਵਿੰਦ ਕੇਜਰੀਵਾਲ ਦੀ ‘ਆਪ’ ਨੇ 15 ਸਾਲਾਂ ਤੋਂ ਕਾਬਿਜ ਭਾਜਪਾ ਦੇ ਮੈਂਬਰਾਂ ਨੂੰ ਹਰਾ ਕੇ 134 ਵਾਰਡਾਂ ‘ਤੇ ਜਿੱਤ ਦਰਜ ਕੀਤੀ ਸੀ ਤੇ ਦੂਜੇ ਪਾਸੇ ਇਸੇ ਚੋਣ ਵਿੱਚ ਭਾਜਪਾ ਨੇ 104 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਸੀ ।
ਭਾਜਪਾ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਦਿੱਲੀ ਨਗਰ ਨਿਗਮ ਵਿੱਚ ਹੋਣ ਵਾਲੀਆਂ ਮੇਅਰ ਚੋਣਾਂ ਵਿੱਚ ਹਿੱਸਾ ਨਹੀਂ ਲਵੇਗੀ। ਹਾਲਾਂਕਿ, ਬਾਅਦ ਵਿੱਚ ਆਪਣੇ ਪਹਿਲੇ ਐਲਾਨ ਤੋਂ ਯੂ-ਟਰਨ ਲੈਂਦਿਆਂ, ਉਸਨੇ ਚੋਣ ਵਿੱਚ ਸੀਨੀਅਰ ਆਗੂ ਅਤੇ ਸ਼ਾਲੀਮਾਰ ਬਾਗ ਵਾਰਡ ਦੀ ਕੌਂਸਲਰ ਰੇਖਾ ਗੁਪਤਾ ਨੂੰ ਮੇਅਰ ਲਈ ਉਮੀਦਵਾਰ ਖੜ੍ਹਾ ਕੀਤਾ। ਆਮ ਆਦਮੀ ਪਾਰਟੀ ਨੇ ਸ਼ੈਲੀ ਓਬਰਾਏ ਨੂੰ ਮੇਅਰ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਸੀ । ਪ੍ਰੀਜ਼ਾਈਡਿੰਗ ਅਫਸਰ ਸੱਤਿਆ ਸ਼ਰਮਾ ਦੇ ਫੈਸਲੇ ਨੂੰ ਲੈ ਕੇ ਹੰਗਾਮਾ ਹੋ ਗਿਆ। 10 ਨਾਮਜ਼ਦ ਕੌਂਸਲਰਾਂ ਨੂੰ ਪਹਿਲੀ ਵਾਰ ਸਹੁੰ ਚੁਕਾਉਣ ਨੂੰ ਲੈ ਕੇ ਭਾਜਪਾ ਅਤੇ ‘ਆਪ’ ਵਿਚਾਲੇ ਤਕਰਾਰ ਹੋ ਗਈ। ਹੁਣ ਅਗਲੀ ਮੀਟਿੰਗ ਕਦੋਂ ਹੋਵੇਗੀ ਇਸ ਦਾ ਫੈਸਲਾ ਐੱਲ.ਜੀ. ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਉਪਰੰਤ ਸੋਮਵਾਰ ਨੂੰ ਦੁਬਾਰਾ ਸਦਨ ਦੀ ਬੈਠਕ ਵਿਚ ਹੋ ਸਕਦਾ ਹੈ।