ਸ਼ਿਮਲਾ,(ਦੀਪਕ ਗਰਗ) – ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਨਵੇਂ ਚੁਣੇ ਗਏ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਗਈ ਹੈ। ਦੇਸ਼ ਭਰ ਦੇ ਕਰਮਚਾਰੀ ਲੰਬੇ ਸਮੇਂ ਤੋਂ ਓਪੀਐਸ ਲਈ ਅੰਦੋਲਨ ਕਰ ਰਹੇ ਸਨ। ਇਹ ਕਾਂਗਰਸ ਸ਼ਾਸਿਤ ਤੀਜਾ ਸੂਬਾ ਹੈ ਜਿੱਥੇ ਓਪੀਐਸ ਨੂੰ ਬਹਾਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਵੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਹੋ ਚੁੱਕੀ ਹੈ।
ਹਿਮਾਚਲ ਪ੍ਰਦੇਸ਼ ਦੇ ਡੇਢ ਲੱਖ ਮੁਲਾਜ਼ਮਾਂ ਨੂੰ ਸਿੱਧਾ ਫਾਇਦਾ
ਸੁੱਖੂ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸੂਬੇ ਦੇ ਕਰੀਬ 1.36 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਤੋਂ ਇਸ ਸਕੀਮ ਦਾ ਲਾਭ ਮਿਲੇਗਾ। ਸ਼ੁੱਕਰਵਾਰ ਨੂੰ, ਰਾਜ ਸਰਕਾਰ ਦੀ ਨਵੀਂ ਕੈਬਨਿਟ ਨੇ ਆਪਣੀ ਪਹਿਲੀ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਸਕੀਮ (ਓਪੀਐਸ) ਨੂੰ ਬਹਾਲ ਕਰਨ ਦਾ ਮਤਾ ਪਾਸ ਕੀਤਾ। ਅਸਲ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤਾ ਗਿਆ ਸੀ। ਵਿਧਾਨ ਸਭਾ ਚੋਣ ਨਤੀਜੇ ਆਉਣ ਤੋਂ ਬਾਅਦ ਨਵੀਂ ਸਰਕਾਰ ‘ਤੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦਾ ਦਬਾਅ ਸੀ।
ਹਿਮਾਚਲ ਵਿੱਚ 18 ਤੋਂ 60 ਸਾਲ ਦੀਆਂ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਮਿਲਣਗੇ
ਹਿਮਾਚਲ ਦੀ ਪਹਿਲੀ ਕੈਬਨਿਟ ਮੀਟਿੰਗ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਨਾਲ-ਨਾਲ ਵਿਧਾਨ ਸਭਾ ਚੋਣਾਂ ਵਿੱਚ ਕੀਤੇ ਹੋਰ ਵਾਅਦਿਆਂ ਨੂੰ ਪੂਰਾ ਕਰਨ ਬਾਰੇ ਵੀ ਵਿਚਾਰ ਕੀਤਾ ਗਿਆ।
ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ਕੱਲੀ ਦੀ ਤਰਜ਼ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਾਂਗ ਰਾਜ ਮੰਤਰੀ ਮੰਡਲ ਨੇ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਔਰਤਾਂ ਦੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੈ, ਨੂੰ 1500 ਰੁਪਏ ਭੱਤਾ ਦਿੱਤਾ ਜਾਵੇਗਾ। ਇਸ ਦੇ ਲਈ ਕੈਬਨਿਟ ਦੀ ਇੱਕ ਸਬ-ਕਮੇਟੀ ਇੱਕ ਪੂਰਾ ਰੋਡਮੈਪ ਤਿਆਰ ਕਰੇਗੀ ਤਾਂ ਜੋ ਇਸ ਨੂੰ ਲਾਗੂ ਕੀਤਾ ਜਾ ਸਕੇ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 10 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ। ਪਰ ਅੱਜੇ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਔਰਤਾਂ ਨੂੰ 1000 ਰੁਪਏ ਮਹੀਨਾਂ ਦੇਣ ਵਾਲੀ ਯੋਜਨਾ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਹੈ। ਆਪ ਦੇ ਕੁਝ ਫੇਸਬੁੱਕ ਆਗੂ ਇਸਨੂੰ ਲੈਕੇ ਟਾਲ ਮਟੋਲ ਜਾਂ ਪ੍ਰੋਸੈਸ ਅਧੀਨ ਯੋਜਨਾ ਵਾਲੇ ਝੂਠੇ ਫੇਸਬੁੱਕੀ ਦਾਅਵੇ ਕਰਦੇ ਅਕਸਰ ਵੇਖੇ ਜਾਂਦੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਅਤੇ ਹਿਮਾਚਲ ਵਿਚੋਂ ਕਿਸ ਸੁੱਬੇ ਦੀਆਂ ਔਰਤਾਂ ਨੂੰ ਪਹਿਲਾਂ ਭੱਤਾ ਮਿਲੇਗਾ ਅਤੇ ਬਿਜਲੀ ਮੁਆਫੀ ਵਾਂਗ ਕਿੰਨਾ ਸ਼ਰਤਾਂ ਅਧੀਨ ਬਹੁਤ ਸਾਰੀਆਂ ਔਰਤਾਂ ਲਈ ਇਸ ਸਕੀਮ ਨੂੰ ਕਟਿਆ ਜਾਵੇਗਾ।
ਰੁਜ਼ਗਾਰ ਦੇਣ ਲਈ ਸਬ-ਕਮੇਟੀ ਦਾ ਐਲਾਨ
ਮੰਤਰੀ ਮੰਡਲ ਨੇ ਸੂਬੇ ਵਿੱਚ ਇੱਕ ਲੱਖ ਨੌਕਰੀਆਂ ਦੇਣ ਦੇ ਵਾਅਦੇ ‘ਤੇ ਵੀ ਚਰਚਾ ਕੀਤੀ। ਇੱਕ ਲੱਖ ਨੌਕਰੀਆਂ ਦੇਣ ਲਈ ਸਬ-ਕਮੇਟੀ ਬਣਾਈ ਗਈ ਸੀ। ਮੰਤਰੀਆਂ ਹਰਸ਼ਵਰਧਨ ਚੌਹਾਨ, ਜਗਤ ਸਿੰਘ ਨੇਗੀ ਅਤੇ ਰੋਹਿਤ ਠਾਕੁਰ ਦੀ ਅਗਵਾਈ ਹੇਠ ਗਠਿਤ ਸਬ-ਕਮੇਟੀ ਕਾਂਗਰਸ ਦੇ ਵਾਅਦੇ ਨੂੰ ਪੂਰਾ ਕਰਨ ਦੇ ਪਹਿਲੂਆਂ ਦੀ ਸਮੀਖਿਆ ਕਰੇਗੀ।
ਮੰਤਰੀ ਮੰਡਲ ਨੇ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਨ ਵਾਲਾ ਮਤਾ ਵੀ ਪਾਸ ਕੀਤਾ ਹੈ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਵਿੱਚ ਵਿਸ਼ਵਾਸ ਜਤਾਉਣ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਕੀਤੇ ਹਰ ਵਾਅਦੇ ਨੂੰ ਪੂਰਾ ਕਰੇਗੀ ਅਤੇ ਲੋਕ ਹਿੱਤ ਵਿੱਚ ਫੈਸਲੇ ਲੈਣ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਕਰੇਗੀ।