ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਮੱਧ ਪ੍ਰਦੇਸ਼ ਦੇ “ਸਿੰਧੀ ਟਿਕਾਣਿਆਂ” ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਇੰਦੌਰ ਦੇ ਗੁਰਦੁਆਰਾ ਇਮਲੀ ਸਾਹਿਬ ਵਿਖੇ ਹੋ ਰਹੀ ਵਾਪਸੀ ਉਤੇ ਜਾਗੋ ਪਾਰਟੀ ਨੇ ਚਿੰਤਾ ਜਤਾਈ ਹੈ। ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਗੁਰੂ ਨਾਨਕ ਸਾਹਿਬ ਜੀ ਵੱਲੋਂ ਸਜਾਈ ਗਈ ਸੰਗਤ ਰੂਪੀ ਫੁਲਵਾੜੀ ਦਾ ਅਹਿਮ ਹਿੱਸਾ “ਗੁਰੂ ਨਾਨਕ ਨਾਮਲੇਵਾ” ਸੰਗਤਾਂ ‘ਚ ਵਖਰੇਵੇਂ ਪੈਦਾ ਕਰਨ ਦਾ ਏਜੰਸੀਆਂ ਉਤੇ ਦੋਸ਼ ਲਾਇਆ ਹੈ। ਜੀਕੇ ਨੇ ਸਾਫ ਕਿਹਾ ਕਿ ਜੇਕਰ ਕਿਸੇ ਸਿੰਧੀ ਮੰਦਿਰ ‘ਚ ਗੁਰੂ ਗ੍ਰੰਥ ਸਾਹਿਬ ਜੀ ਦੀ ਟਹਿਲ ਸੇਵਾ ਦੌਰਾਨ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ, ਤਾਂ ਸਾਡਾ ਫਰਜ਼ ਬਣਦਾ ਹੈ ਕੀ ਅਸੀਂ ਸਿੰਧੀਆਂ ਨੂੰ ਮਰਿਆਦਾ ਸਮਝਾਉਣ ਦੀ ਕੋਸ਼ਿਸ਼ ਕਰਿਏ। ਸਿੰਧੀ ਸਮਾਜ ਨੂੰ ਮਰਿਆਦਾ ਸਮਝਾਉਣ ਦੀ ਬਜਾਏ ਬਾਣੀ ਤੋਂ ਤੋੜਨ ਵੱਲ ਸਾਨੂੰ ਨਹੀਂ ਜਾਣਾ ਚਾਹੀਦਾ। ਜੀਕੇ ਨੇ ਦਸਿਆ ਕਿ ਮੱਧ ਪ੍ਰਦੇਸ਼ ਦੇ ਸਿੰਧੀ ਮੰਦਿਰਾਂ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਮੂਰਤੀਆਂ ਦੀ ਸਥਾਪਨਾ ਚਲ ਰਹੀ ਸੀ। ਬੀਤੇ ਦਿਨੀਂ ਪੰਜਾਬ ਤੋਂ ਗਏ ਕੁਝ ਨਿਹੰਗ ਸਿੰਘਾਂ ਨੇ ਇੰਦੌਰ ਦੇ ਇੱਕ ਸਿੰਧੀ ਮੰਦਿਰ/ਦਰਬਾਰ ਵਿਚ ਪੁੱਜ ਕੇ ਇਸ ਪਰੰਪਰਾ ਦਾ ਵਿਰੋਧ ਕੀਤਾ ਅਤੇ ਸਿੰਧੀ ਮੰਦਿਰਾਂ ਦੇ ਪ੍ਰਬੰਧਕਾਂ ਨੂੰ 12 ਜਨਵਰੀ ਤੱਕ ਸਮੂਹ ਸਰੂਪ ਗੁਰਦੁਆਰਾ ਸਾਹਿਬਾਨਾਂ ਵਿਖੇ ਪਹੁਚਾਉਣ ਦਾ ਅਲਟੀਮੇਟਮ ਦੇ ਦਿੱਤਾ ਸੀ। ਜਿਸ ਤੋਂ ਬਾਅਦ 11 ਜਨਵਰੀ ਤੱਕ ਇੰਦੌਰ ਦੇ ਗੁਰਦੁਆਰਾ ਇਮਲੀ ਸਾਹਿਬ ਵਿਖੇ 80 ਸਰੂਪ ਸਿੰਧੀ ਟਿਕਾਣਿਆਂ ਤੋਂ ਵਾਪਸ ਆ ਗਏ ਹਨ। ਇਹ ਸਾਰੇ ਸਰੂਪ ਸਿੰਧੀ ਸੰਗਤਾਂ ਨੇ ਸਿੱਖਾਂ ਨਾਲ ਟਕਰਾਓ ਨਹੀਂ ਪੈਂਦਾ ਕਰਨ ਦੇ ਮਕਸਦ ਨਾਲ ਗਿਲੀਆਂ ਅੱਖਾ ਨਾਲ ਵਾਪਸ ਦਿੱਤੇ ਹਨ। ਹਾਲਾਂਕਿ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਵਾਉਣ ਦੀ ਨਿਹੰਗਾਂ ਦੀ ਕਾਰਵਾਈ ਵੀ ਸਹੀ ਹੈ। ਪਰ ਸਥਾਨਕ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨੂੰ ਨਾਲ ਲੈਕੇ ਪਹਿਲਾਂ ਸਿੰਧੀ ਟਿਕਾਣਿਆਂ ਦੇ ਪ੍ਰਬੰਧਕਾਂ ਨੂੰ ਸਿਖ ਰਹਿਤ ਮਰਿਆਦਾ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਸੀ।
ਜੀਕੇ ਨੇ ਇਸ ਸੰਬੰਧੀ ਮੱਧ ਪ੍ਰਦੇਸ਼ ਤੋਂ ਸਿੰਧੀ ਆਗੂ ਕਿਸ਼ੋਰ ਕੋਡਵਾਣੀ ਦੇ ਹਵਾਲੇ ਤੋਂ ਛਪੀ ਇੱਕ ਖ਼ਬਰ ਦਾ ਜ਼ਿਕਰ ਕਰਦਿਆਂ ਕਿਹਾ ਕਿ “19 ਦਸੰਬਰ ਨੂੰ ਸਿੰਧੀ ਟਿਕਾਣਿਆਂ ‘ਚ ਕੁਝ ਨਿਹੰਗ ਸਿੰਘ ਦਿੱਲੀ ਗੁਰਦੁਆਰਾ ਕਮੇਟੀ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਆਏ ਸਨ ਅਤੇ ਸਰੂਪਾਂ ਨੂੰ ਵਾਪਸ ਭੇਜਣ ਦਾ ਆਦੇਸ਼ ਦਿੱਤਾ ਸੀ।” ਜੀਕੇ ਨੇ ਹੈਰਾਨੀ ਜਤਾਉਂਦਿਆਂ ਸਵਾਲ ਪੁਛਿਆ ਕੀ ਮੌਜੂਦਾ ਦਿੱਲੀ ਕਮੇਟੀ ਦਾ ਕੰਮ ਗੁਰੂ ਨਾਨਕ ਸਾਹਿਬ ਜੀ ਦੀ ਫੁਲਵਾੜੀ ਨੂੰ ਤੋੜਨ ਦਾ ਰਹਿ ਗਿਆ ਹੈ ? ਅਸੀਂ ਬੜੀ ਮੁਸ਼ਕਲ ਨਾਲ ਸਿੱਖਾਂ ਤੋਂ ਦੂਰ ਚਲੇ ਗਏ ਵਣਜਾਰੇ, ਸ਼ਿਕਲੀਗਰ, ਬਾਜ਼ੀਗਰ ਅਤੇ ਸਿੰਧੀ ਸਮਾਜ ਦੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੋੜਨ ਦੇ ਦਿੱਲੀ ਕਮੇਟੀ ਵਿਚ ਰਹਿੰਦੇ ਜ਼ਤਨ ਆਰੰਭੇ ਸਨ। ਪਰ ਹੁਣ ਇਹ ਤਾਂ ਵਣਜਾਰੇ ਤੇ ਸ਼ਿਕਲੀਗਰਾਂ ਦੇ ਨਾਮ ਉਤੇ ਸਿਰਫ “ਛਮਕ-ਛਮਕ” ਵਰਗੇ ਸੱਭਿਆਚਾਰਿਕ ਵਿਨਾਸ਼ਕਾਰੀ ਪ੍ਰੋਗਰਾਮ ਕਰਨ ਜੋਗੇ ਰਹਿ ਗਏ ਹਨ ਜਾਂ ਸਿੰਧੀਆਂ ਨੂੰ ਗੁਰਬਾਣੀ ਤੋਂ ਦੂਰ ਕਰਨ ਦੇ ਹਥਕੰਡੇ ਅਪਣਾਅ ਰਹੇ ਹਨ। ਜੇਕਰ ਕਿਸੇ ਨੇ ਆਪਣੇ ਘਰ ਵਾਸਤੇ ਦਿੱਲੀ ‘ਚ ਇੱਕ ਸਰੂਪ ਲੈਣਾ ਹੋਵੇ ਤਾਂ ਦਿੱਲੀ ਕਮੇਟੀ ਪ੍ਰਕਾਸ਼ ਵਾਲੇ ਕਮਰੇ ਦੀ ਵੀਡੀਓ ਮੰਗਦੀ ਹੈ। ਬਕਾਇਦਾ ਇੱਕ ਗ੍ਰੰਥੀ ਸਿੰਘ ਆ ਕੇ ਉਸ ਥਾਂ ਦਾ ਮੁਆਇਨਾ ਕਰਦਾ ਹੈ, ਉਸ ਤੋਂ ਬਾਅਦ ਸਰੂਪ ਪੂਰੀ ਮਰਿਆਦਾ ਦੀ ਰੋਸ਼ਨੀ ਵਿਚ ਦਿੱਤਾ ਜਾਂਦਾ ਹੈ। ਇਸ ਲਈ ਸਭ ਤੌਂ ਜ਼ਰੂਰੀ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਸਿੰਧੀ ਟਿਕਾਣਿਆਂ ਨੂੰ ਦਿੱਲੀ ਕਮੇਟੀ ਬਿਨਾਂ ਮਰਿਆਦਾ ਦਾ ਪਾਠ ਪੜ੍ਹਾਏ ਇਹ ਸਰੂਪ ਚੁੱਕਣ ਪ੍ਰਤੀ ਬਾਜਿੱਦ ਕਿਉਂ ਹੈ ? ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਇਸ ਬਾਰੇ ਪੜਤਾਲ ਕਰਵਾਉਣ ਦੀ ਲੋੜ ਹੈ। ਕੀ ਕਿਉਂ ਸਿੱਖੀ ਨੂੰ ਖਤਮ ਕਰਨ ਦੀਆਂ ਚਾਲਾਂ ਚੱਲਣ ਵਾਲੀਆਂ ਏਜੰਸੀਆਂ ਦੀ ਰਾਹ ਦਿੱਲੀ ਕਮੇਟੀ ਤੁਰ ਪਈ ਹੈ?