ਦਿੱਲੀ –: ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ਨੇ ਆਪਣੀ ਕਾਰਜਕਾਰੀ ਬੋਰਡ ਦੀ ਅਹਿਮ ਮੀਟਿੰਗ ‘ਚ ਫੈਸਲਾ ਲੈਂਦਿਆਂ ਦਿੱਲੀ ਸਰਕਾਰ ਨੂੰ ਗੁਰਦੁਆਰਾ ਵਾਰਡਾਂ ਦੀ ਹੱਦਬੰਦੀ ਦਰੁਸਤ ਕਰਕੇ ਨਵੀਆਂ ਵੋਟਰ ਸੂਚੀਆਂ ਤਿਆਰ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ‘ਤੇ ਦਿੱਲੀ ਸਿੱਖ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਅਦਾਲਤਾਂ ਵਲੋਂ ਬੀਤੇ ਲੰਬੇ ਸਮੇਂ ਤੋਂ ਇਸ ਸਬੰਧ ‘ਚ ਜਾਰੀ ਆਦੇਸ਼ਾਂ ਦੇ ਬਾਵਜੂਦ ਦਿੱਲੀ ਸਰਕਾਰ ਵਲੋਂ ਸਾਲ 1995, 2002, 2007, 2013, 2017 ‘ਤੇ 2021 ‘ਚ 40 ਸਾਲ ਪੁਰਾਣੀਆਂ ਵੋਟਰ ਸੂਚੀਆਂ ‘ਚ ਅਧੂਰੀ ਸੋਧ ਕਰਕੇ ਦਿੱਲੀ ਗੁਰਦੁਆਰਾ ਚੋਣਾਂ ਕਰਵਾਉਣ ਦੀ ਕਿਵਾਇਤ ਕੀਤੀ ਗਈ ਸੀ। ਉਨ੍ਹਾਂ ਦਸਿਆ ਕਿ ਸਾਲ 1983 ‘ਚ ਬਣਾਈਆਂ ਗਈਆਂ ਵੋਟਰ ਸੂਚੀਆਂ ‘ਚ ਹਾਲੇ ਵੀ ਉਹਨਾਂ ਵੋਟਰਾਂ ਦੇ ਨਾਮ ਦਰਜ ਹਨ ਜੋ ਇਸ ਸੰਸਾਰ ਨੂੰ ਅਲਵਿਦਾ ਕਹਿ ਚੁਕੇ ਹਨ ਜਾਂ ਆਪਣੀ ਰਿਹਾਇਸ਼ ਕਈ ਵਾਰ ਬਦਲ ਚੁੱਕੇ ਹਨ। ਇਹ ਵੀ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਰਿਹਾਇਸ਼ ਬਦਲ ਚੁਕੇ ਵੋਟਰਾਂ ਦੇ ਨਾਉਂ ਵੱਖ-ਵੱਖ ਥਾਵਾਂ ‘ਤੇ ਕਈ ਵਾਰ ਦਰਜ ਹੋ ਸਕਦਾ ਹੈ ਜਦਕਿ ਇਸ ਲੰਬੇ ਵੱਖਵੇ ਦੋਰਾਨ ਸ਼ਾਦੀ ਕਰ ਚੁਕੀਆਂ ਬੱਚੀਆਂ ਦੇ ਨਾਮ ਦੇ ਨਾਲ ਉਹਨਾਂ ਦੇ ਪਤੀ ਦੇ ਨਾਮ ਦੀ ਥਾਂ ‘ਤੇ ਹਾਲਾਂ ਵੀ ਪਿਤਾ ਦਾ ਨਾਮ ਦਰਜ ਹੈ। ਸ. ਇੰਦਰ ਮੋਹਨ ਸਿੰਘ ਨੇ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਹਾਲਾਂਕਿ ਵਾਰਡਾਂ ਦੀ ਮੁੱੜ੍ਹ ਹੱਦਬੰਦੀ ਸਾਲ 2015 ‘ਚ ਕੀਤੀ ਗਈ ਸੀ ਪਰੰਤੂ ਖਾਮੀਆਂ ਨਾਲ ਭਰਪੂਰ ਇਸ ਹੱਦਬੰਦੀ ਪ੍ਰਕਿਆ ‘ਚ ਵਾਰਡਾਂ ਦੀ ਹੱਦਬੰਦੀ ਦੇ ਨੋਟੀਫਿਕੇਸ਼ਨ ‘ਚ ਦਰਸ਼ਾਏ ਗਏ ਇਲਾਕੇ ਨਾ ਤਾਂ ਪੋਲਿੰਗ ਸਵੇਸ਼ਨਾਂ ‘ਤੇ ਨਾ ਹੀ ਵਾਰਡਾਂ ਦੇ ਨਕਸ਼ੇ ਨਾਲ ਮੇਲ ਖਾਂਦੇ ਹਨ। ਕਈ ਥਾਵਾਂ ‘ਤੇ ਇਹੋ ਜਹੀਆਂ ਸੜ੍ਹਕਾਂ ਨੂੰ ਆਪਸ ‘ਚ ਮਿਲਦਿਆ ਦਰਸ਼ਇਆ ਗਿਆ ਹੈ ਜੋ ਇਕ ਦੂਜੇ ਤੋਂ ਕਈ ਕਿਲੋਮੀਟਰ ਦੀ ਦੂਰੀ ‘ਤੇ ਹਨ। ਉਨ੍ਹਾਂ ਦਸਿਆ ਕਿ ਤਕਰੀਬਨ 40 ਫੀਸਦੀ ਵੋਟਰਾਂ ਦੇ ਨਾਲ ਉਹਨਾਂ ਦੀ ਫੋਟੋ ਸਮੇਤ ਦਰਜ ਹਨ ਜਦਕਿ ਜੁਲਾਈ 2010 ‘ਚ ਹੋਈ ਸੋਧ ਦੇ ਮੁਤਾਬਿਕ ਸਾਰੇ ਵੋਟਰ ਫੋਟੋ ਸਹਿਤ ਇਹਨਾਂ ਸੂਚੀਆਂ ‘ਚ ਦਰਜ ਹੋਣੇ ਲਾਜਮੀ ਕੀਤੇ ਗਏ ਸਨ।
ਸੁਸਾਇਟੀ ਦੇ ਪ੍ਰਧਾਨ ਇੰਦਰ ਮੋਹਨ ਸਿੰਘ ਨੇ ਦਸਿਆ ਕਿ ਉਹਨਾਂ ਦਿੱਲੀ ਦੇ ਉਪ-ਰਾਜਪਾਲ ਵੀ.ਕੇ.ਸਕਸੈਨਾ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਡਾਇਰੈਕਟਰ ਗੁਰਦੁਆਰਾ ਚੋਣਾਂ ਮਨਵਿੰਦਰ ਸਿੰਘ ਨੂੰ ਆਪਣੇ ਪੱਤਰ ਰਾਹੀ ਦਿੱਲੀ ਦੇ ਸਾਰੇ 46 ਵਾਰਡਾਂ ਦਾ ਸਰਵੇ ਕਰਨ ਤੋਂ ਉਪਰੰਤ ਮੁੱੜ੍ਹ ਹਦਬੰਦੀ ਕਰਨ ‘ਤੇ ਸਿੱਖ ਵੋਟਾਂ ਦੀ ਬਰਾਬਰ ਵੰਡ ਕਰਨ ਦੇ ਆਧਾਰ ‘ਤੇ ਘਰ-ਘਰ ਜਾ ਕੇ ਨਵੀਆਂ ਵੋਟਾਂ ਬਣਾਉਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕਿਆ ਨੂੰ ਪੂਰਾ ਕਰਨ ਨਾਲ ਜਿੱਥੇ ਜਨਵਰੀ 2026 ‘ਚ ਨਿਰਧਾਰਤ ਗੁਰਦੁਆਰਾ ਚੋਣਾਂ ਨਿਰਪੱਖ ‘ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ‘ਚ ਮਦਦ ਮਿਲੇਗੀ ਉਥੇ ਦਿੱਲੀ ‘ਚ ਸਿੱਖਾਂ ਦੀ ਸਹੀ ਗਿਣਤੀ ਦੇ ਅੰਕੜ੍ਹੇ ਵੀ ਸਾਹਮਣੇ ਆਉਣਗੇ, ਕਿਉਂਕਿ ਮੋਜੂਦਾ 3 ਲੱਖ 42 ਹਜਾਰ ਸਿੱਖ ਵੋਟਰਾਂ ਦੀ ਤਾਦਾਦ ਸਹੀ ਪ੍ਰਤੀਤ ਨਹੀ ਹੁੰਦੀ ਹੈ।