ਫ਼ਤਹਿਗੜ੍ਹ ਸਾਹਿਬ – “ਜੋ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਵਿਖੇ ਇਨਸਾਫ਼ ਮੋਰਚਾ ਸੁਰੂ ਹੋਇਆ ਹੈ ਅਤੇ ਜਿਸ ਵਿਚ ਸਮੁੱਚੇ ਪੰਥਦਰਦੀ ਤਨੋ-ਮਨੋ-ਧਨੋ ਸਹਿਯੋਗ ਕਰਕੇ ਆਪਣੇ ਇਸ ਕੌਮੀ ਮਕਸਦ ਦੀ ਪ੍ਰਾਪਤੀ ਲਈ ਦ੍ਰਿੜ ਹੋ ਚੁੱਕੇ ਹਨ, ਉਸ ਮੋਰਚੇ ਵਿਚ 18 ਜਨਵਰੀ 2023 ਨੂੰ ਵਾਪਰੀ ਘਟਨਾ ਨੇ ਸਮੁੱਚੇ ਸੰਸਾਰ ਵਿਚ ਵੱਸਣ ਵਾਲੇ ਸਿੱਖਾਂ ਵਿਚ ਇਹ ਗੱਲ ਸਪੱਸਟ ਕਰ ਦਿੱਤੀ ਹੈ ਕਿ ਸਿੱਖ ਕੌਮ ਹੁਣ ਖ਼ਾਲਸਾ ਪੰਥ ਵਿਚ ਵਿਚਰ ਰਹੇ ਚੰਗੇ-ਮੰਦੇ ਕਿਰਦਾਰ ਨੂੰ ਪਹਿਚਾਣ ਚੁੱਕੀ ਹੈ ਤੇ ਉਨ੍ਹਾਂ ਨੂੰ ਕੋਈ ਵੀ ਮੁਖੋਟਾ ਚਾੜ੍ਹਕੇ ਸਿਆਸੀ ਜਾਂ ਧਾਰਮਿਕ ਆਗੂ ਕਦੀ ਵੀ ਗੁੰਮਰਾਹ ਨਹੀ ਕਰ ਸਕਦਾ । ਇਸ ਗੱਲ ਦਾ ਨਿਖੇੜਾ ਇਸ ਘਟਨਾ ਨੇ ਪ੍ਰਤੱਖ ਰੂਪ ਵਿਚ ਜ਼ਾਹਰ ਕਰ ਦਿੱਤਾ ਹੈ । ਜੋ ਖ਼ਾਲਸਾ ਪੰਥ ਲਈ ਆਪਣੇ ਚੰਗੇਰੇ ਭਵਿੱਖ ਲਈ ਕਾਰਗਰ ਸਾਬਤ ਹੋਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 18 ਜਨਵਰੀ 2023 ਨੂੰ ਮੋਹਾਲੀ ਵਿਖੇ ਬੰਦੀ ਛੋੜ ਇਨਸਾਫ਼ ਮੋਰਚੇ ਵਿਚ ਵਾਪਰੀ ਵੱਡੀ ਤੇ ਅਰਥ ਭਰਪੂਰ ਘਟਨਾ ਉਤੇ ਆਪਣੇ ਵਿਚਾਰ ਜਾਹਰ ਕਰਦੇ ਹੋਏ ਅਤੇ ਸਿੱਖ ਕੌਮ ਵੱਲੋ ਖ਼ਾਲਸਾ ਪੰਥ ਵਿਚ ਵਿਚਰ ਰਹੇ ਚੰਗੇ ਮਾੜੇ ਕਿਰਦਾਰਾਂ ਦੀ ਅੱਛੀ ਤਰ੍ਹਾਂ ਪਹਿਚਾਣ ਕਰ ਲੈਣ ਦੇ ਵਰਤਾਰੇ ਉਤੇ ਸੰਤੁਸਟੀ ਪ੍ਰਗਟ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਦੀ ਸਿਰਮੌਰ ਸੰਸਥਾ ਐਸ.ਜੀ.ਪੀ.ਸੀ. ਦੀਆਂ ਕੌਮੀ ਖਜਾਨੇ ਨਾਲ ਸੰਬੰਧਤ ਗੁਰੂ ਦੀਆਂ ਗੋਲਕਾਂ ਜਿਨ੍ਹਾਂ ਦੇ ਸੰਬੰਧ ਵਿਚ ਗੁਰੂ ਸਾਹਿਬਾਨ ਨੇ ਬਹੁਤ ਪਹਿਲੇ ਪ੍ਰਤੱਖ ਕਰ ਦਿੱਤਾ ਸੀ ਕਿ ‘ਗਰੀਬ ਦਾ ਮੂੰਹ, ਗੁਰੂ ਦੀ ਗੋਲਕ’ ਅਨੁਸਾਰ ਸਿੱਖ ਕੌਮ ਦਾ ਇਹ ਦਸਵੰਧ ਇਨਸਾਨੀ ਮਕਸਦਾਂ ਦੀ ਪ੍ਰਾਪਤੀ ਅਤੇ ਮਨੁੱਖਤਾ ਦੀ ਬਿਹਤਰੀ ਲਈ ਲਗਾਇਆ ਜਾਵੇਗਾ, ਉਸ ਉਤੇ ਇਹ ਆਪਣੇ ਚੇਹਰਿਆ ਉਤੇ ਸਿਰਾਫਤ ਦਾ ਮੁਖੋਟਾ ਚਾੜ੍ਹਕੇ ਹਰ ਸਮਾਜ ਵਿਰੋਧੀ ਅਮਲ ਕਰਨ ਵਾਲੇ ਲੋਕ ਉਹ ਫਨੀਅਰ ਸੱਪ ਹਨ ਜੋ ਸਾਡੇ ਖਜਾਨੇ ਉਤੇ ਕੁੰਡਲੀ ਮਾਰੀ ਬੈਠੇ ਹਨ । ਇਨ੍ਹਾਂ ਦਾ ਕਿਰਦਾਰ ਮੱਸੇਰੰਘੜ ਅਤੇ ਮਹੰਤ ਨਰੈਣੂ ਦਾਸ ਵਾਲਾ ਹੈ । ਜਿਨ੍ਹਾਂ ਨੂੰ ਉਸ ਅਕਾਲ ਪੁਰਖ ਦਾ ਭੈ ਨਹੀ ਸੀ ਅਤੇ ਇਨ੍ਹਾਂ ਸੰਸਥਾਵਾਂ ਉਤੇ ਕਾਬਜ ਹੋ ਕੇ ਵੱਡੇ ਪਾਪੀ ਤੇ ਅਪਰਾਧੀ ਬਣ ਚੁੱਕੇ ਸਨ । ਇਨ੍ਹਾਂ ਵਿਚ ਜਿਹੜੇ ਚੇਹਰੇ 18 ਜਨਵਰੀ ਨੂੰ ਇਨਸਾਫ਼ ਮੋਰਚੇ ਵਿਚ ਆਪਣੇ ਸਿਆਸੀ ਮਕਸਦਾਂ ਦੀ ਪੂਰਤੀ ਕਰਨ ਲਈ ਪਹੁੰਚੇ ਸਨ, ਇਹ ਅਕਸਰ ਹੀ ਕਹਿੰਦੇ ਸਨ ਕਿ ਅਸੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਨਾਲ ਪਰਛਾਵੇ ਦੀ ਤਰ੍ਹਾਂ ਰਹਾਂਗੇ ਅਤੇ ਸ਼ਹੀਦੀਆਂ ਪਾਵਾਂਗੇ । ਹੁਣ ਇਹ ਮੁਖੋਟੇ ਚਾੜ੍ਹੇ ਹਿੰਦੂਤਵ ਦੇ ਗੁਲਾਮ ਬਣੇ ਆਗੂ ਦੱਸਣ ਕਿ ਕੌਮੀ ਮਕਸਦ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਵਿਚ ਸ਼ਹੀਦ ਕੌਣ ਹੋਇਆ ਹੈ ਅਤੇ ਭਗੋੜਾ ਕੌਣ ਹੋਇਆ ਹੈ ?
ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ 18 ਜਨਵਰੀ ਦੀ ਵਾਪਰੀ ਘਟਨਾ ਉਪਰੰਤ ਇਹ ਹੁਣ ਤੱਕ ਖ਼ਾਲਸਾ ਪੰਥ ਅਤੇ ਸਿੱਖੀ ਸੰਸਥਾਵਾਂ ਨਾਲ ਖਿਲਵਾੜ ਕਰਨ ਵਾਲੇ ਆਗੂ ‘ਕੰਧ’ ਉਤੇ ਲਿਖੇ ਸੱਚ ਨੂੰ ਪੜ੍ਹਕੇ ਅਤੇ ਪਹਿਚਾਣਕੇ ਫਿਰ ਤੋ ਖਾਲਸਾ ਪੰਥ ਵਿਚ ਨਿਮਰਤਾ ਸਹਿਤ ਸਰਧਾਲੂ ਬਣਕੇ ਆਉਣਗੇ ਅਤੇ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਸੋਚ ਅਤੇ ਉਨ੍ਹਾਂ ਨੂੰ ਮੌਕਾਪ੍ਰਸਤੀ ਦੀ ਸੋਚ ਅਧੀਨ ਪਿੱਠ ਦੇ ਦਿੱਤੀ ਸੀ, ਉਹ ਹੁਣ ਸਹੀ ਮਾਇਨਿਆ ਵਿਚ ਪੰਥ ਦੇ ਸੇਵਾਦਾਰ ਬਣਕੇ ਵਿਚਰਣਗੇ ਤਾਂ ਕਿ ਕੋਈ ਵੀ ਹਿੰਦੂਤਵ ਤਾਕਤ ਸਾਡੇ ਵਿਚੋ ਕੁਝ ਨੂੰ ਆਪਣੇ ਸਵਾਰਥਾਂ ਦੀ ਪੂਰਤੀ ਲਈ ਗੁਲਾਮ ਬਣਾਕੇ ਖ਼ਾਲਸਾ ਪੰਥ ਦੀ ਵੱਡੀ ਮਹੱਤਵਪੂਰਨ ਸੋਚ ਅਤੇ ਮਕਸਦਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ ਸਕੇ ਅਤੇ ਸਮੁੱਚਾ ਖ਼ਾਲਸਾ ਪੰਥ ਇਕੱਤਰ ਹੋ ਕੇ ਜਿਥੇ ਜੇਲ੍ਹਾਂ ਵਿਚ ਬੰਦੀ ਸਿੰਘ ਦੀ ਰਿਹਾਈ, 328 ਪਾਵਨ ਸਰੂਪਾਂ ਦੀ ਗੁੰਮਸੁਦਗੀ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ, ਬਰਗਾੜੀ, ਕੋਟਕਪੂਰਾ, ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ ਅਤੇ ਹੋਰ ਸਥਾਨਾਂ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆ ਸਾਜਸੀ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ, ਬੀਤੇ 11 ਸਾਲਾਂ ਤੋਂ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਨਾ ਕਰਵਾਉਣ, ਤਰਨਤਾਰਨ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜ੍ਹੀ ਸਾਜਸੀ ਢੰਗ ਨਾਲ ਢਹਿ-ਢੇਰੀ ਕਰਨ ਦੀ ਸਾਜਿਸ ਅਤੇ ਹੋਰ ਸਿੱਖ ਕੌਮ ਨਾਲ ਸੰਬੰਧਤ ਯਾਦਗਰਾਂ ਤੇ ਇਤਿਹਾਸ ਨੂੰ ਖਤਮ ਕਰਨ ਦੀਆਂ ਵਿਊਤਾ ਵਿਰੁੱਧ ਇਕਤਾਕਤ ਹੋ ਕੇ ਇਨਸਾਫ਼ ਦੀ ਪ੍ਰਾਪਤੀ ਕੀਤੀ ਜਾ ਸਕੇ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜਾਵਾਂ ਦਿਵਾਈਆ ਜਾ ਸਕਣ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਉਪਰੋਕਤ ਸਿੱਖ ਮਸਲਿਆ ਤੋ ਪਿੱਠ ਮੋੜਨ ਅਤੇ ਹਿੰਦੂਤਵ ਤਾਕਤਾਂ ਦਾ ਸਾਥ ਦੇਣ ਦੀ ਬਦੌਲਤ ਹੀ ਮੋਹਾਲੀ ਵਰਗੇ ਵਰਤਾਰੇ ਖ਼ਾਲਸਾ ਪੰਥ ਦੇ ਗੁੱਸੇ ਰੂਪ ਵਿਚ ਸਾਹਮਣੇ ਆ ਰਹੇ ਹਨ ।