ਬਲਾਚੌਰ, ( ਉਮੇਸ਼ ਜੋਸ਼ੀ) -: ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਦੀ ਅਗਵਾਈ ਹੇਠ ਬੀਤੇ ਦਿਨੀਂ ਦਿਵਿਆਂਗ ਵਿਅਕਤੀਆਂ ਦੇ ਦਿਵਿਆਂਗਤਾ ਸਰਟੀਫਿਕੇਟ ਅਤੇ ਵਿਲੱਖਣ ਪਹਿਚਾਣ ਪੱਤਰ (ਯੂ.ਡੀ.ਆਈ.ਡੀ.) ਬਣਾਉਣ ਲਈ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਵਿਸ਼ੇਸ਼ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਵੱਲੋਂ 23 ਦਿਵਿਆਂਗ ਵਿਅਕਤੀਆਂ ਦੇ ਮੌਕੇ ‘ਤੇ ਹੀ ਦਿਵਿਆਂਗਤਾ ਸਰਟੀਫਿਕੇਟ ਬਣਾਏ ਗਏ, ਜਦੋਂਕਿ ਬਾਕੀਆਂ ਨੂੰ ਅਗਲੇਰੀ ਜਾਂਚ ਲਈ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।ਸੀਨੀਅਰ ਮੈਡੀਕਲ ਅਫ਼ਸਰ ਡਾ.ਕੁਲਵਿੰਦਰ ਮਾਨ ਨੇ ਕੈਂਪ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਨ੍ਹਾਂ ਨੂੰ ਆਪਣਾ ਦਿਵਿਆਂਗਤਾ ਸਰਟੀਫਿਕੇਟ ਬਣਾ ਕੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਭਰਪੂਰ ਲਾਹਾ ਲੈਣਾ ਚਾਹੀਦਾ ਹੈ। ਡਾ. ਮਾਨ ਨੇ ਦੱਸਿਆ ਕਿ ਦਿਵਿਆਂਗਤਾ ਸਰਟੀਫਿਕੇਟ ਨਾਲ ਇੱਕ ਪਾਸੇ ਦਿਵਿਆਂਗ ਵਿਅਕਤੀ ਸਾਰੀਆਂ ਸਰਕਾਰੀ ਸਹੂਲਤਾਂ ਪ੍ਰਾਪਤ ਕਰ ਸਕਣਗੇ, ਜਦੋਂਕਿ ਦੂਜੇ ਪਾਸੇ ਉਨ੍ਹਾਂ ਨੂੰ ਪਿੰਡ, ਬਲਾਕ, ਜ਼ਿਲ੍ਹਾ, ਸੂਬਾ ਅਤੇ ਕੌਮੀ ਪੱਧਰ ‘ਤੇ ਮੁੱਖ-ਧਾਰਾ ਵਿੱਚ ਲਿਆਂਦਾ ਜਾ ਸਕੇਗਾ।ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਨੇ ਦੱਸਿਆ ਕਿ ਜਿਨ੍ਹਾਂ ਦਿਵਿਆਂਗ ਵਿਅਕਤੀਆਂ ਕੋਲ ਸਿਹਤ ਵਿਭਾਗ ਦੁਆਰਾ ਜਾਰੀ ਆਫ਼ਲਾਈਨ ਸਰਟੀਫਿਕੇਟ ਹਨ, ਉਹ ਵੀ ਇਹ ਵਿਲੱਖਣ ਪਹਿਚਾਣ ਪੱਤਰ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਨਵਾਂ ਦਿਵਿਆਂਗਤਾ ਸਰਟੀਫਿਕੇਟ ਬਣਾਉਣਾ ਚਾਹੁੰਦੇ ਹਨ, ਉਹ ਨੇੜੇ ਦੇ ਸੀਨੀਅਰ ਮੈਡੀਕਲ ਅਫਸਰ ਦੇ ਦਫਤਰ ਜਾਂ ਸਿਵਲ ਸਰਜਨ ਨਵਾਂਸ਼ਹਿਰ ਦੇ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ। ਡਾ. ਮਾਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਕਰਕੇ ਸਬੰਧਤ ਮਾਹਿਰ ਡਾਕਟਰ ਤੋਂ ਟੈਸਟ ਰਿਪੋਰਟ ਲਈ ਜਾਂਦੀ ਹੈ। ਇਸ ਰਿਪੋਰਟ ਦੇ ਅਧਾਰ ’ਤੇ ਉਸ ਦਾ ਸਰਟੀਫਿਕੇਟ ਬਣਾਇਆ ਜਾਂਦਾ ਹੈ, ਜੋ ਉਸ ਦੇ ਦਿਵਿਆਂਗ ਹੋਣ ਨੂੰ ਤਸਦੀਕ ਕਰਦਾ ਹੈ ਅਤੇ ਦਿਵਿਆਂਗ ਵਿਅਕਤੀ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਲੈ ਸਕਦਾ ਹੈ।
ਬਲਾਕ ਐਕਸਟੈਂਸ਼ਨ ਐਜੂਕੇਟਰ ਨਿਰਮਲ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਹੱਡੀਆਂ ਦੇ 15, ਈਐੱਨਟੀ ਦੇ 01, ਮੈਡੀਸਨ ਦੇ 01, ਤੇ ਅੱਖਾਂ ਦੇ 03 ਤੇ ਮਾਨਸਿਕ ਰੋਗ ਦੇ 03 (ਕੁੱਲ 23) ਸਰਟੀਫਿਕੇਟ ਜਾਰੀ ਕੀਤੇ ਗਏ। ਇਸ ਤੋਂ ਇਲਾਵਾ 36 ਵਿਅਕਤੀਆਂ ਨੂੰ ਟੈਸਟਾਂ ਲਈ ਰੈਫਰ ਕੀਤਾ ਗਿਆ। ਇਸ ਮੌਕੇ ਡਾ. ਰੇਨੂੰ ਮਿੱਤਲ, ਡਾ. ਪਰਮਿੰਦਰ ਸਿੰਘ, ਡਾ. ਰਾਜਨ ਸ਼ਾਸਤਰੀ, ਡਾ. ਪੑਿਅੰਕਾ, ਅਪਥਲਮਿਕ ਅਫ਼ਸਰ ਹਰਜਿੰਦਰ ਸਿੰਘ, ਦਲਜੀਤ ਸਿੰਘ, ਅਮਰਜੀਤ ਕੁਮਾਰ, ਰਾਮ ਗੋਪਾਲ, ਦਜਿੰਦਰ ਕੌਰ, ਸਤੀਸ਼ ਕੁਮਾਰ, ਗੁਰਮੁੱਖ ਸਿੰਘ, ਬਲਵਿੰਦਰ ਸਿੰਘ, ਪੑਵੀਨ ਕੈਂਥ ਤੇ ਬਲਜੀਤ ਕੌਰ (ਸਾਰੇ ਹੈਲਥ ਵਰਕਰ) ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।