ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬਾਗੇਸ਼ਵਰਧਮ ਸਰਕਾਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਮਾਘ ਮੇਲਾ ਪ੍ਰਯਾਗਰਾਜ ਪਹੁੰਚੇ। ਖਾਕ ਚੌਕ ਸਥਿਤ ਸ਼੍ਰੀ ਸਤੂਆ ਬਾਬਾ ਆਸ਼ਰਮ ਵਿਖੇ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਸਨਾਤਨੀ ਹਿੰਦੂ ਨੂੰ ਦੇਸ਼ ਭਗਤ ਬਣਨਾ ਚਾਹੀਦਾ ਹੈ। ਜੇਕਰ ਸਾਰੇ ਇੱਕਜੁੱਟ ਹੋ ਕੇ ਇੱਕ ਦਿਸ਼ਾ ਵਿੱਚ ਕੰਮ ਕਰਨ ਤਾਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਹੁਣ ਸਮਾਂ ਆ ਗਿਆ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਇਆ ਜਾਵੇ। ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਖਾਕ ਚੌਂਕ ਪ੍ਰਬੰਧ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਸੰਤੋਸ਼ ਦਾਸ ਉਰਫ ਸਤੂਆ ਬਾਬਾ ਨੇ ਬਾਬਾ ਬਾਗੇਸ਼ਵਰਧਮ ਦੇ ਸੇਵਾਦਾਰ ਧੀਰੇਂਦਰ ਸ਼ਾਸਤਰੀ ਨੂੰ ਭਰੋਸਾ ਦਿਵਾਇਆ ਕਿ ਇਸ ਮੁਹਿੰਮ ਵਿੱਚ ਸਾਧੂ-ਸੰਤ ਉਨ੍ਹਾਂ ਦੇ ਨਾਲ ਹਨ। ਦੇਸ਼ ਦੇ ਸੰਤ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਤਿਆਰ ਹਨ। ਇਸ ਬਾਰੇ ਕੁਝ ਸਿੱਖ ਚਿੰਤਕਾਂ ਨੇ ਆਪਣੇ ਵਿਚਾਰ ਦੇਂਦਿਆਂ ਕਿਹਾ ਕਿ ਦੀਵਾਰਾਂ ਤੇ ਖਾਲਿਸਤਾਨ ਸਲੋਗਨ ਲਿਖਿਆ ਪਾਣ ਤੇ ਸਿੱਖ ਨੌਜੁਆਨਾਂ ਨੂੰ ਚੁੱਕ ਕੇ ਜੇਲ੍ਹਾਂ ਅੰਦਰ ਰੁਲਣ ਲਈ ਡੱਕ ਦਿੱਤਾ ਜਾਂਦਾ ਹੈ ਪਰ ਬਹੁਗਿਣਤੀ ਦੇ ਨੇਤਾ/ਆਗੂ ਸਰੇਆਮ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਕਹਿੰਦੇ ਹਨ ਕੋਈ ਕਾਰਵਾਈ ਨਹੀਂ ਹੁੰਦੀ । ਸਾਨੂੰ ਬਾਰ ਬਾਰ ਦੇਸ਼ ਅੰਦਰ ਦੂਜੇ ਤੀਜੇ ਦਰਜ਼ੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਜਦਕਿ ਇਸ ਮੁੱਲਕ ਨੂੰ ਆਜ਼ਾਦ ਕਰਵਾਉਣ ਵਿਚ 92% ਸ਼ਹੀਦੀਆਂ ਸਿੱਖਾਂ ਵਲੋਂ ਦਿਤੀਆਂ ਗਈ ਸਨ ।