ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਸਦਰ ਬਜ਼ਾਰ ਵਿੱਚ ਦੁਕਾਨਾਂ ਦੀ ਕੀਤੀ ਗਈ ਸੀਲਿੰਗ ਦੇ ਖਿਲਾਫ ਧਰਨਾ 22ਵੇਂ ਦਿਨ ਵੀ ਜਾਰੀ ਹੈ। ਸੀਲਿੰਗ ਦੇ ਵਿਰੋਧ ਵਿੱਚ ਫੈਡਰੇਸ਼ਨ ਆਫ ਸਦਰ ਬਜ਼ਾਰ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ, ਪ੍ਰਧਾਨ ਰਾਕੇਸ਼ ਯਾਦਵ, ਕਾਰਜਕਾਰੀ ਪ੍ਰਧਾਨ ਚੌਧਰੀ ਯੋਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸੈਂਕੜੇ ਵਪਾਰੀਆਂ ਨੇ ਪੁਤਲਾ ਫੂਕਿਆ ਅਤੇ ਮਿਠਾਈ ਪੁਲ ’ਤੇ ਐਮ.ਸੀ.ਡੀ. ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸੀਲ ਕੀਤੀਆਂ ਦੁਕਾਨਾਂ ਦੀਆਂ ਸੀਲ ਖੋਲ੍ਹਣ ਦੀ ਮੰਗ ਕੀਤੀ।
ਇਸ ਮੌਕੇ ਪਰਮਜੀਤ ਸਿੰਘ ਪੰਮਾ ਅਤੇ ਰਾਕੇਸ਼ ਯਾਦਵ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਭ੍ਰਿਸ਼ਟਾਚਾਰ ਦਾ ਅੱਡਾ ਬਣ ਕੇ ਰਹਿ ਗਿਆ ਹੈ, ਵਪਾਰੀਆਂ ਨੂੰ ਨੋਟਿਸ ਦੇ ਕੇ ਜਾਂ ਸੀਲ ਕਰਕੇ ਪੈਸੇ ਇਕੱਠੇ ਕਰਨ ਦਾ ਜ਼ਰੀਆ ਬਣ ਗਿਆ ਹੈ, ਜਦੋਂਕਿ ਨਗਰ ਨਿਗਮ ਖੁਦ ਹੀ ਵਸੂਲੀ ਕਰਦਾ ਹੈ। ਵਪਾਰੀਆਂ ਤੋਂ ਕਮਰਸ਼ੀਅਲ ਹਾਊਸ ਟੈਕਸ ਅਤੇ ਵਪਾਰ ਲਾਇਸੈਂਸ ਫੀਸ ਵਸੂਲੀ ਜਾਂਦੀ ਹੈ, ਦੁਕਾਨਾਂ ਦੀ ਰਜਿਸਟਰੀ ਵੀ ਕਮਰਸ਼ੀਅਲ ਵਿੱਚ ਹੁੰਦੀ ਹੈ, ਫਿਰ ਇਸ ਨੂੰ ਸੀਲ ਕਿਉਂ ਕੀਤਾ ਜਾਂਦਾ ਹੈ, ਇਹ ਸਭ ਤੋਂ ਵੱਡਾ ਜਾਂਚ ਦਾ ਵਿਸ਼ਾ ਹੈ।
ਪਰਮਜੀਤ ਸਿੰਘ ਪੰਮਾ ਅਤੇ ਰਾਕੇਸ਼ ਯਾਦਵ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਵਪਾਰੀ 22 ਦਿਨਾਂ ਤੋਂ ਭਟਕ ਰਹੇ ਹਨ, ਉਨ੍ਹਾਂ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਹੈ, ਅਜਿਹਾ ਲੱਗਦਾ ਹੈ ਕਿ ਨੇਤਾ ਲੋਕ ਪਹਿਲਾਂ ਵਪਾਰੀਆਂ ਨਾਲ ਵਾਅਦੇ ਕਰਦੇ ਹਨ ਅਤੇ ਚੋਣਾਂ ਤੋਂ ਬਾਅਦ ਹਰ ਕੋਈ ਭੁੱਲ ਜਾਂਦਾ ਹੈ।
ਅਜ ਦੇ ਪੁਤਲਾ ਫੂਕ ਰੋਸ ਧਰਨੇ ਵਾਸਤੇ ਮੁਜ਼ਾਹਰਾਕਾਰੀ ਮਿਠਾਈ ਪੁਲ ਵਿਖੇ ਧਰਨੇ ਵਾਲੀ ਥਾਂ ’ਤੇ ਇਕੱਠੇ ਹੋਏ, ਜਿਸ ਵਿੱਚ ਮੁੱਖ ਤੌਰ ’ਤੇ ਫੈਡਰੇਸ਼ਨ ਆਫ ਸਦਰ ਬਜ਼ਾਰ ਟਰੇਡਰਜ਼ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਾਜੀਵ ਛਾਬੜਾ, ਦੀਪਕ ਮਿੱਤਲ ਜਨਰਲ ਸਕੱਤਰ, ਸਤਪਾਲ ਸਿੰਘ ਮੰਗਾ, ਬੀ.ਐਲ.ਅਗਰਵਾਲ, ਉਮਾਸ਼ੰਕਰ, ਵਰਿੰਦਰ ਕੁਮਾਰ, ਮਾਨਿਕ ਸ਼ਰਮਾ, ਜਤਿੰਦਰ ਸ਼ਾਮਲ ਸਨ।