ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਤਵੇਂ ਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ।
ਇਸ ਮੌਕੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਗੁਰਮਤਿ ਸਮਾਗਮ ਹੋਏ ਤੇ ਮੁੱਖ ਸਮਾਗਮ ਗੁਰਦੁਆਰਾ ਬੰਗਲਾ ਸਾਹਿਬ ਵਿਚ ਹੋਇਆਜਿਥੇ ਸੱਚਖੰਡ ਫਾਉਂਡੇਸ਼ਨ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਬੂਟਾ ਪ੍ਰਸ਼ਾਦ ਦਾ ਲੰਗਰ ਲਗਾਇਆ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਹੈ। ਉਹਨਾਂ ਦੱਸਿਆ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਚ ਸੱਚਖੰਡ ਫਾਉਂਡੇਸ਼ਨ ਵਾਲਿਆਂ ਨੇ ਕਮੇਟੀ ਦੇ ਸਹਿਯੋਗ ਨਾਲ ਬੂਟਾ ਪ੍ਰਸ਼ਾਦ ਦਾ ਲੰਗਰ ਲਗਾਇਆ ਹੈ।
ਉਹਨਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਕੁਦਰਤ ਦੀ ਦੇਣ ਨੂੰ ਸੰਭਾਲਣ ਲਈ ਦਿੱਤੇ ਸੰਦੇਸ਼ ’ਤੇ ਚਲਦਿਆਂ ਇਹ ਲੰਗਰ ਲਗਾਇਆ ਗਿਆ। ਉਹਨਾਂ ਕਿਹਾ ਕਿ ਗੁਰੂ ਸਾਹਿਬ ਸਾਨੂੰ ਕੁਦਰਤ ਨਾਲ ਜੋੜ ਕੇ ਗਏ ਤੇ ਸਾਨੂੰ ਜੀਵਨ ਜਾਚ ਸਿਖਾ ਕੇ ਗਏ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਬਾਲਾ ਪ੍ਰੀਤਮ ਦਵਾਖਾਨਾ ਤੇ ਹੋਰ ਸੇਵਾਵਾਂ ਅਸੀਂ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚਲਦਿਆਂ ਹੀ ਸ਼ੁਰੂ ਕੀਤੀਆਂ ਹਨ।
ਉਹਨਾਂ ਕਿਹਾ ਕਿ ਅੱਜ ਸਾਡੇ ਲਈ ਸਮੇਂ ਦੀ ਜ਼ਰੂਰਤ ਹੈ ਕਿ ਅਸੀਂ ਗੁਰੂ ਸਾਹਿਬ ਦੇ ਕਹਿਣ ਮੁਤਾਬਕ ਅਸੀਂ ਆਪਣੀ ਕੁਦਰਤ ਨੂੰ ਸੰਭਾਲ ਕੇ ਰੱਖੀਏ। ਉਹਨਾਂ ਇਹ ਵੀ ਦੱਸਿਆ ਕਿ ਜਦੋਂ ਗੁਰੂ ਸਾਹਿਬ ਸ਼ਿਕਾਰ ਕਰਦੇ ਸਨ ਤਾਂ ਉਹ ਜੀਵਾਂ ਨੂੰ ਮਾਰਦੇ ਨਹੀਂ ਸਨ ਬਲਕਿ ਉਹਨਾਂ ਨੂੰ ਫੜ ਕੇ ਉਹਨਾਂ ਦੀ ਸਾਂਭ ਸੰਭਾਲ ਕਰਦੇ ਸਨ। ਉਹਨਾਂ ਕਿਹਾ ਕਿ ਸੋ ਕੁਦਰਤ ਨੂੰ ਸੰਭਾਲਣ ਦੀ ਜਿਹੜੀ ਗੱਲ, ਉਹ ਗੁਰੂ ਸਾਹਿਬ ਨੇ ਦੱਸੀ, ਉਸਦੀ ਪਾਲਣਾ ਕਰਨਾ ਸਾਡਾ ਮੁੱਢਲਾ ਫਰਜ਼ ਬਣਦਾ ਹੈ।