ਨਵੀਂ ਦਿੱਲੀ,(ਦੀਪਕ ਗਰਗ) – ਅਮਰੀਕੀ ਫਰਮ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਵਿਰੋਧੀ ਧਿਰ ਗੌਤਮ ਅਡਾਨੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ‘ਤੇ ਹਮਲੇ ਕਰ ਰਹੀ ਹੈ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ‘ਚ ਭਾਸ਼ਣ ਦਿੱਤਾ ਅਤੇ ਵਿਰੋਧੀ ਧਿਰ ‘ਤੇ ਕਰਾਰਾ ਜਵਾਬ ਦਿੱਤਾ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਪੀਐਮ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ‘ਤੇ ਗੌਤਮ ਅਡਾਨੀ ਨੂੰ ਬਚਾਉਣ ਦਾ ਦੋਸ਼ ਲਗਾਇਆ।
ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਨਰਿੰਦਰ ਮੋਦੀ ਅਡਾਨੀ ਨੂੰ ਬਚਾ ਰਹੇ ਹਨ। ਉਨ੍ਹਾਂ ਨੇ ਜਾਂਚ ਦੇ ਹੁਕਮ ਨਹੀਂ ਦਿੱਤੇ। ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਵੱਲੋਂ ਉਠਾਏ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਰਾਹੁਲ ਗਾਂਧੀ ਨੇ ਕਿਹਾ, “ਮੈਂ ਸੰਤੁਸ਼ਟ ਨਹੀਂ ਹਾਂ, ਪਰ ਇਸ ਨਾਲ ਸੱਚਾਈ ਸਾਹਮਣੇ ਆਈ ਹੈ। ਜਾਂਚ ਕਰਵਾਉਣ ਦੀ ਕੋਈ ਗੱਲ ਨਹੀਂ ਹੋਈ। ਜੇਕਰ ਉਹ (ਨਰਿੰਦਰ ਮੋਦੀ ਅਤੇ ਗੌਤਮ ਅਡਾਨੀ) ਦੋਸਤ ਨਹੀਂ ਹਨ ਤਾਂ ਉਨ੍ਹਾਂ ਨੂੰ ਜਾਂਚ ਲਈ ਸਹਿਮਤ ਹੋਣਾ ਚਾਹੀਦਾ ਹੈ।”
ਰਾਹੁਲ ਨੇ ਕਿਹਾ-ਬੜਾ ਘਪਲਾ ਹੋਇਆ ਹੈ
ਰਾਹੁਲ ਨੇ ਕਿਹਾ, “ਰੱਖਿਆ ਖੇਤਰ ਵਿੱਚ ਸ਼ੈਲ ਕੰਪਨੀਆਂ ਦੀ ਕੋਈ ਜਾਂਚ ਨਹੀਂ ਹੋਈ। ਬੇਨਾਮੀ ਪੈਸਾ ਇੱਕ ਹੱਥ ਤੋਂ ਦੂਜੇ ਹੱਥ ਵਿੱਚ ਗਿਆ, ਪਰ ਪ੍ਰਧਾਨ ਮੰਤਰੀ ਨੇ ਇਸ ‘ਤੇ ਕੁਝ ਨਹੀਂ ਕਿਹਾ। ਇਹ ਸਪੱਸ਼ਟ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੀ ਸੁਰੱਖਿਆ ਕਰ ਰਹੇ ਹਨ। ਮੈਂ ਸਮਝਦਾ ਹਾਂ। ਇਸ ਦੇ ਕਾਰਨ ਹਨ। ਇਹ ਰਾਸ਼ਟਰੀ ਸੁਰੱਖਿਆ ਅਤੇ ਦੇਸ਼ ਦੇ ਬੁਨਿਆਦੀ ਢਾਂਚੇ ਨਾਲ ਜੁੜਿਆ ਮੁੱਦਾ ਹੈ। ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੀਦਾ ਸੀ ਕਿ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ। ਇਹ ਬਹੁਤ ਵੱਡਾ ਘੁਟਾਲਾ ਹੈ।
ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ
ਇਹ ਪੁੱਛੇ ਜਾਣ ‘ਤੇ ਕਿ ਕੀ ਉਨ੍ਹਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲੇ ਹਨ, ਰਾਹੁਲ ਗਾਂਧੀ ਨੇ ਕਿਹਾ, “ਮੈਨੂੰ ਪ੍ਰਧਾਨ ਮੰਤਰੀ ਤੋਂ ਕੋਈ ਜਵਾਬ ਨਹੀਂ ਮਿਲਿਆ। ਪ੍ਰਧਾਨ ਮੰਤਰੀ ਸਦਮੇ ਵਿੱਚ ਸਨ। ਮੈਂ ਕੋਈ ਗੁੰਝਲਦਾਰ ਸਵਾਲ ਨਹੀਂ ਪੁੱਛਿਆ।
ਮੈਂ ਸਿਰਫ ਇਹ ਪੁੱਛਿਆ ਕਿ ਉਹ (ਅਡਾਨੀ) ਤੁਹਾਡੇ ਨਾਲ ਕਿੰਨੀ ਵਾਰ ਗਏ ਹਨ।
ਉਹ ਤੁਹਾਨੂੰ ਕਿੰਨੀ ਵਾਰ ਮਿਲੇ ਸੀ?
ਮੈਂ ਸਧਾਰਨ ਸਵਾਲ ਪੁੱਛੇ, ਪਰ ਕੋਈ ਜਵਾਬ ਨਹੀਂ ਮਿਲਿਆ।”
ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਸੰਸਦ ‘ਚ ਪ੍ਰਧਾਨ ਮੰਤਰੀ ਦੇ ਜਵਾਬ ਨੂੰ ਭਟਕਾਉਣ ਵਾਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਚਹੇਤੇ ‘ਕਾਰੋਬਾਰੀਆਂ’ ਨਾਲ ਆਪਣੇ ‘ਸਬੰਧਾਂ’ ‘ਤੇ ਇਕ ਸ਼ਬਦ ਨਹੀਂ ਕਿਹਾ।
ਪੀਐਮ ਮੋਦੀ ਨੇ ਸੰਸਦ ਵਿੱਚ ਵਿਰੋਧੀ ਧਿਰ ਨੂੰ ਜਵਾਬ ਦਿੱਤਾ
ਦੱਸਣਾ ਹੋਵੇਗਾ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਦਾ ਜਵਾਬ ਦਿੰਦੇ ਹੋਏ ਪੀਐੱਮ ਮੋਦੀ ਨੇ ਵਿਰੋਧੀ ਧਿਰ ‘ਤੇ ਤਿੱਖਾ ਹਮਲਾ ਕੀਤਾ ਸੀ। ਪੀਐਮ ਦੇ ਇਸ ਭਾਸ਼ਣ ਦੌਰਾਨ ਰਾਹੁਲ ਗਾਂਧੀ ਲੋਕ ਸਭਾ ਵਿੱਚ ਮੌਜੂਦ ਸਨ। ਹਾਲਾਂਕਿ ਉਹ ਭਾਸ਼ਣ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਸਦਨ ਪਹੁੰਚ ਗਏ। ਪਰ ਪੀਐਮ ਦਾ ਭਾਸ਼ਣ ਖ਼ਤਮ ਹੋਣ ਤੋਂ ਬਾਅਦ ਜਦੋਂ ਉਹ ਬਾਹਰ ਆਏ ਤਾਂ ਮੀਡੀਆ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਅਡਾਨੀ ਗਰੁੱਪ ਨਾਲ ਜੁੜੇ ਵਿਵਾਦ ਨੂੰ ਲੈ ਕੇ ਇੱਕ ਵਾਰ ਫਿਰ ਪੀਐਮ ਮੋਦੀ ‘ਤੇ ਸਿੱਧਾ ਹਮਲਾ ਬੋਲਿਆ। ਰਾਹੁਲ ਗਾਂਧੀ ਨੇ ਕਿਹਾ, “ਪ੍ਰਧਾਨ ਮੰਤਰੀ ਨੇ ਇੱਕ ਵੀ ਜਵਾਬ ਨਹੀਂ ਦਿੱਤਾ। ਜੇਕਰ ਅਡਾਨੀ ਉਨ੍ਹਾਂ ਦੇ ਦੋਸਤ ਨਹੀਂ ਹਨ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਕਹਿਣਾ ਚਾਹੀਦਾ ਸੀ ਕਿ ਉਹ ਜਾਂਚ ਕਰਵਾਉਣਗੇ। ਰੱਖਿਆ ਖੇਤਰ ‘ਚ ਸ਼ੈੱਲ ਕੰਪਨੀਆਂ ਬਣੀਆਂ ਹਨ, ਬੇਨਾਮੀ ਪੈਸਾ ਘੁੰਮ ਰਿਹਾ ਹੈ, ਪ੍ਰਧਾਨ ਮੰਤਰੀ ਨੇ ਇਸ ‘ਤੇ ਕੁਝ ਨਹੀਂ ਕਿਹਾ। ਇਹ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਅਡਾਨੀ ਨੂੰ ਬਚਾ ਰਹੇ ਹਨ। ਕਾਂਗਰਸ ਪਾਰਟੀ ਨੇ ਵੀ ਪ੍ਰਧਾਨ ਮੰਤਰੀ ਦੇ ਭਾਸ਼ਣ ‘ਤੇ ਰਾਹੁਲ ਗਾਂਧੀ ਦੀ ਇਸ ਪ੍ਰਤੀਕਿਰਿਆ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਸਾਂਝਾ ਕੀਤਾ ਹੈ।